ਪੀੜਤ ਕੁੜੀ ਦਾ ਹਾਲ ਜਾਨਣ ਹਸਪਤਾਲ ਪਹੁੰਚੇ ਐਸ.ਐਸ.ਪੀ. ਗੋਇਲ
ਹਰਿੰਦਰ ਨਿੱਕਾ/ਰਘਵੀਰ ਹੈਪੀ, ਬਰਨਾਲਾ 2 ਮਾਰਚ 2021
ਤਾਂਤਰਿਕ ਗੈਂਗਰੇਪ ਕੇਸ ‘ਚ ਐਸ.ਸੀ/ਐਸ.ਟੀ. ਐਕਟ ਦਾ ਵਾਧਾ ਕਰਨ ਲਈ ਪੁਲਿਸ ਨੇ ਤਿਆਰੀ ਕਰ ਲਈ ਹੈ। ਇਹ ਜਾਣਕਾਰੀ ਪੁਲਿਸ ਦੇ ਆਲ੍ਹਾ ਸੂਤਰਾਂ ਤੋਂ ਪ੍ਰਾਪਤ ਹੋਈ ਹੈ। ਉੱਧਰ ਐਸ.ਐਸ.ਪੀ. ਸੰਦੀਪ ਗੋਇਲ ਵੀ ਹੋਰ ਅਧਿਕਾਰੀਆਂ ਸਮੇਤ ਸਿਵਲ ਹਸਪਤਾਲ ਬਰਨਾਲਾ ਵਿਖੇ ਪੀੜਤ ਲੜਕੀ ਦਾ ਹਾਲ ਚਾਲ ਜਾਣਨ ਅਤੇ ਪਰਿਵਾਰ ਨੂੰ ਹੌਂਸਲਾ ਦੇਣ ਲਈ ਲਈ ਪਹੁੰਚ ਗਏ ਹਨ ਕਿ ਪੁਲਿਸ ਪੂਰੀ ਤਰਾਂ ਪੀੜਤ ਨੂੰ ਇਨਸਾਫ ਦੇਣ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿਵਾਉਣ ਲਈ ਵਚਨਵੱਧ ਹੈ।
ਵਰਨਣਯੋਗ ਹੈ ਕਿ ਕਰੀਬ 9 ਮਹੀਨੇ ਪਹਿਲਾਂ ਸ਼ਹਿਰ ਦੇ ਪੱਤੀ ਰੋਡ ਖੇਤਰ ‘ਚ ਰਹਿੰਦੀ ਇੱਕ ਚਾਹ ਬਣਾਉਣ ਵਾਲੀ ਔਰਤ ਦੀ ਬੇਟੀ ਨਾਲ ਤਾਂਤਰਿਕ ਮਨੋਜ ਬਾਬਾ, ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲਾ ਅਤੇ ਕੁਝ ਹੋਰ ਵਿਅਕਤੀਆਂ ਨੇ 24 ਜੂਨ 2020 ਨੂੰ ਕਾਕੇ ਦੀਆਂ ਬੇਰੀਆਂ,ਸੇਖਾ ਰੋਡ ਖੇਤਰ ਇਲਾਕੇ ਵਿੱਚ ਕਾਕਾ ਸੁਨਿਆਰ ਦੇ ਘਰ ਗੈਂਗਰੇਪ ਕੀਤਾ ਸੀ। ਪਰੰਤੂ ਪੁਲਿਸ ਨੇ ਸੂਚਨਾ ਮਿਲਣ ਤੋਂ 17 ਦਿਨ ਬਾਅਦ ਖਾਨਾਪੂਰਤੀ ਲਈ ਹੀ ਅਧੀਨ ਜੁਰਮ 346 ਆਈਪੀਸੀ ਤਹਿਤ ਥਾਣਾ ਸਿਟੀ ਵਿਖੇ ਪੀੜਤ ਲੜਕੀ ਨੂੰ ਘਰੋਂ ਵਰਗਲਾ ਕੇ ਲੈ ਜਾਣ ਵਾਲੀ ਔਰਤ ਕਰਮਜੀਤ ਕੌਰ ਉਰਫ ਅਮਨ ਦੇ ਖਿਲਾਫ ਕੇਸ ਦਰਜ ਕੀਤਾ। ਪਰੰਤੂ ਕੁੜੀ ਨੂੰ ਦੋਸ਼ੀਆਂ ਤੋਂ ਬਰਾਮਦ ਕਰਵਾਉਣ ਲਈ ਕੋਈ ਯਤਨ ਨਹੀਂ ਕੀਤਾ ਸੀ।
ਆਖਿਰ ਕਰੀਬ 9 ਮਹੀਨਿਆਂ ਬਾਅਦ ਜਦੋਂ ਪੀੜਤ ਲੜਕੀ ਕਿਸੇ ਤਰਾਂ ਦੋਸ਼ੀਆਂ ਦੇ ਬੁਣੇ ਜਾਲ ਵਿੱਚੋਂ ਨਿੱਕਲ ਕੇ ਵਾਪਿਸ ਆਪਣੇ ਪਰਿਵਾਰ ਕੋਲ ਪਹੁੰਚੀ ਤਾਂ ਉਸਦੀ ਹਾਲਤ ਕਾਫੀ ਗੰਭੀਰ ਸੀ। ਪ੍ਰਭਾਵਸ਼ਾਲੀ ਵਿਅਕਤੀਆਂ ਦੀ ਪਹੁੰਚ ਤੋਂ ਸਹਿਮੇ ਪਰਿਵਾਰ ਨੇ ਪੀੜਤ ਨੂੰ 20 ਫਰਵਰੀ 2021 ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦਾਖਿਲ ਕਰਵਾਇਆ। ਜਦੋਂ ਮਾਨਯੋਗ ਜੱਜ ਬਬਲਜੀਤ ਕੌਰ ਪੀੜਤ ਲੜਕੀ ਦੇ ਬਿਆਨ ਦਰਜ਼ ਕਰਨ ਲਈ ਪਹੁੰਚੀ ਤਾਂ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਦੇ ਡਰੋਂ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਆਖਿਰ ਐਸ.ਐਸ.ਪੀ ਗੋਇਲ ਨੇ ਮਾਮਲੇ ਦੀ ਗੰਭੀਰਤਾ ਨਾ ਜਾਂਚ ਲਈ ਡੀ.ਐਸ.ਪੀ. ਲਖਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਐਸ.ਆਈ.ਟੀ. ਕਾਇਮ ਕਰ ਦਿੱਤੀ। ਪੁਲਿਸ ਨੇ ਕਰਮਜੀਤ ਕੌਰ ਉਰਫ ਅਮਨ ਦੇ ਖਿਲਾਫ 10 ਜੁਲਾਈ 2020 ਨੂੰ ਦਰਜ ਐਫ.ਆਈ.ਆਰ. ਵਿੱਚ ਹੀ ਪੀੜਤ ਦੇ ਬਿਆਨ ਦੇ ਅਧਾਰ ਤੇ ਕਰਮਜੀਤ ਕੌਰ ਉਰਫ ਅਮਨ, ਉਸਦੇ ਸਾਥੀ ਚੰਦ ਲਾਲ, ਤਾਂਤਰਿਕ ਮਨੋਜ ਬਾਬਾ, ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲਾ, ਲਖਵਿੰਦਰ ਸਿੰਘ ਅਤੇ ਉਸਦੀ ਮਾਂ ਬਲਜੀਤ ਕੌਰ ਵਾਸੀ ਬਠਿੰਡਾ ਆਦਿ ਕੁਲ 7 ਦੋਸ਼ੀਆਂ ਦੇ ਵਿਰੁੱਧ ਗੈਂਗਰੇਪ ਅਤੇ ਹੋਰ ਸੰਗੀਨ ਜੁਰਮ ਦਾ ਵਾਧਾ ਕਰ ਦਿੱਤਾ।
ਪੁਲਿਸ ਨੇ ਕਰਮਜੀਤ ਕੌਰ ਅਮਨ, ਉਸਦੀ ਮਾਸੀ ਅਮ੍ਰਿਤਪਾਲ ਕੌਰ ਪੰਧੇਰ ਅਤੇ ਚੰਦ ਲਾਲ ਨੂੰ ਗਿਰਫਤਾਰ ਵੀ ਕਰ ਲਿਆ ਸੀ। ਪਰੰਤੂ ਪੁਲਿਸ ਨੇ ਪੀੜਤ ਲੜਕੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਐਸ.ਸੀ/ਐਸ.ਟੀ ਐਕਟ 1989 ਦੀ ਸੈਕਸ਼ਨ ਨਹੀਂ ਲਾਈ ਸੀ। ਇਹ ਮੁੱਦਾ ਬਰਨਾਲਾ ਟੂਡੇ ਨੇ ਲੰਘੀ ਕੱਲ੍ਹ ਪ੍ਰਮੁੱਖਤਾ ਨਾਲ ਨਸ਼ਰ ਕਰਕੇ ਪ੍ਰਸ਼ਾਸ਼ਨ ਦਾ ਧਿਆਨ ਖਿੱਚਿਆ। ਹੁਣ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਜੁਰਮ ਵਿੱਚ ਐਸ.ਸੀ/ਐਸ.ਟੀ. ਐਕਟ ਦੀ ਸੈਕਸ਼ਨ ਦਾ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਪੁਲਿਸ ਨੇ ਪੀੜਤ ਪਰਿਵਾਰ ਤੋਂ ਲੜਕੀ ਦਾ ਜਾਤੀ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ ਹੈ।
ਡੀਐਸਪੀ ਟਿਵਾਣਾ ਨੇ ਪੁੱਛਣ ਤੇ ਦੱਸਿਆ ਕਿ ਪਹਿਲਾਂ ਪੀੜਤ ਲੜਕੀ ਦੇ ਪਰਿਵਾਰ ਨੇ ਉਨਾਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਦੀ ਕੋਈ ਜਾਣਕਾਰੀ ਪੁਲਿਸ ਨਾਲ ਸਾਂਝੀ ਨਹੀਂ ਕੀਤੀ ਸੀ। ਪਰੰਤੂ ਹੁਣ ਸਾਹਮਣੇ ਆਏ ਪੀੜਤ ਲੜਕੀ ਦੇ ਜਾਤੀ ਸਰਟੀਫਿਕੇਟ ਦੇ ਅਧਾਰ ਅਤੇ ਤਤੀਮਾ ਬਿਆਨ ਲੈ ਕੇ ਕੇਸ ਵਿੱਚ SC/ST ਐਕਟ ਦੀਆਂ ਵੱਖ ਵੱਖ ਸੈਕਸ਼ਨ ਆਇਦ ਕਰ ਦਿੱਤੀਆਂ ਜਾਣਗੀਆਂ।