ਹਰਿੰਦਰ ਨਿੱਕਾ , ਬਰਨਾਲਾ 1 ਮਾਰਚ 2021
‘ਅਦਾਰਾ ਕਥਾ ਕਹਿੰਦੀ ਰਾਤ’ ਵੱਲੋਂ ਆਰੰਭ ਕੀਤੀ ‘ਇਕ ਕਹਾਣੀ ਇਕ ਸੰਵਾਦ’ ਗੋਸ਼ਟੀ ਲੜੀ ਤਹਿਤ ਇਸ ਵਾਰ ਕਹਾਣੀਕਾਰ ਜਸਬੀਰ ਕਲਸੀ ਦੀ ਕਹਾਣੀ ‘ਪੌੜੀ’ ‘ਤੇ ਚਰਚਾ ਸਥਾਨਿਕ ਓਸ਼ੋ ਅਕੈਡਮੀ ਵਿਖੇ ਕਰਵਾਈ ਗਈ। ਇਹ ਸਮਾਗਮ ਪ੍ਰਿੰ.ਸੁਜਾਨ ਸਿੰਘ ਦੀ ਯਾਦ ਨੂੰ ਸਮਰਪਿਤ ਸੀ। ਸਮਾਗਮ ਦੇ ਆਰੰਭ ਵਿਚ ਕਲਸੀ ਨੇ ਕਹਾਣੀ ਦਾ ਪਾਠ ਕੀਤਾ ਉਪਰੰਤ ਵਿਦਵਾਨਾਂ ਨੇ ਕਹਾਣੀ ਉੱਪਰ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਮੁੱਖ ਮਹਿਮਾਨ ਡਾ.ਗੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਚਾਹੇ ਕਹਾਣੀ ਵਿਚ ਵਾਰਤਾਲਾਪ ਜੁਗਤ ਦੀ ਘਾਟ ਹੈ ਪਰ ਫ਼ਿਰ ਵੀ ਕਹਾਣੀਕਾਰ ਸਾਧਾਰਨ ਪਾਠਕ ਨੂੰ ਮੁੱਖ ਰੱਖਦਿਆਂ ਸਰਲ ਤੇ ਸਪੱਸ਼ਟ ਵਿਧੀ ਰਾਹੀਂ ਆਪਣਾ ਉਦੇਸ਼ ਸੰਚਾਰ ਕਰਨ ਵਿਚ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਕਹਾਣੀ ਦੀ ਵਿਸਥਾਰਤਾ ਜਾਂ ਸੰਖੇਪਤਾ ਕਹਾਣੀ ਦੇ ਕਥਾਨਕ ‘ਤੇ ਹੀ ਨਿਰਭਰ ਕਰਦੀ ਹੈ ਜੋ ਕਥਾਕਾਰ ਦੀ ਸਿਰਜਣ ਪ੍ਰੀਕ੍ਰਿਆ ਨਾਲ ਸਬੰਧਿਤ ਹੈ ਜਿਸ ਦੇ ਬਾਖ਼ੂਬੀ ਨਿਭਾਅ ਲਈ ਕਹਾਣੀਕਾਰ ਵਧਾਈ ਦਾ ਹੱਕਦਾਰ ਹੈ। ਕਹਾਣੀਕਾਰ ਪਵਨ ਪਰਿੰਦਾ ਨੇ ਕਿਹਾ ਕਿ ਕਥਾਕਾਰ ਵਲੋਂ ਕਹਾਣੀ ਵਿਚ ਸਿਰਜੇ ਗਲਪੀ ਬਿੰਬ ਰੋਚਕਤਾ ਪੈਦਾ ਕਰਦੇ ਹਨ ਜੋ ਪਾਠਕ ਨੂੰ ਨਾਲ਼ ਲੈ ਕੇ ਤੁਰਨ ਵਿਚ ਸਹਾਈ ਸਿੱਧ ਹੁੰਦੇ ਹਨ।ਡਾ.ਹਰੀਸ਼ ਨੇ ਕਿਹਾ ਕਿ ਕਹਾਣੀਕਾਰ ਨੇ ਅੱਜ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਕੇਂਦਰ ਵਿਚ ਰੱਖਕੇ ਇਕ ਕੌੜੀ ਸੱਚਾਈ ਨੂੰ ਬਿਆਨ ਕੀਤਾ ਹੈ। ਭੋਲਾ ਸਿੰਘ ਸੰਘੇੜਾ ਦਾ ਵਿਚਾਰ ਸੀ ਕਿ ਕਥਾਕਾਰ ਨੇ ਪ੍ਰਤੀਕਾਤਮਕ ਕਥਾ ਯੁਗਤਾਂ ਦੇ ਰਾਹੀਂ ਬੜੇ ਸੌਖੇ ਢੰਗ ਨਾਲ ਆਪਣੀ ਗੱਲ ਕੀਤੀ ਹੈ।ਮਾਲਵਿੰਦਰ ਸ਼ਾਇਰ ਦਾ ਵਿਚਾਰ ਸੀ ਕਿ ਕਹਾਣੀਕਾਰ ਨੇ ‘ਸੰਘਰਸ਼ ਹੀ ਜਿੰਦਗੀ ਹੈ’ਦੇ ਮੱਤ ਨੂੰ ਕਲਾਤਮਿਕ ਜੁਗਤਾਂ ਰਾਹੀਂ ਉਭਰਵੇਂ ਰੂਪ ਵਿੱਚ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਸ਼ਾ ਸ਼ੈਲੀ ਠੇਠ ਮੁਹਾਵਰੇਦਾਰ ਹੈ ਅਤੇ ਕਿਤੇ-ਕਿਤੇ ਤਕਨੀਕੀ ਭਾਸ਼ਾ ਦਾ ਪ੍ਰਯੋਗ ਕਰਕੇ ਕਹਾਣੀਕਾਰ ਨੇ ਕਹਾਣੀ ਨੂੰ ਬੌਧਿਕਤਾ ਬਖ਼ਸ਼ਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਡਾ.ਭੁਪਿੰਦਰ ਸਿੰਘ ਬੇਦੀ ਦਾ ਮੱਤ ਸੀ ਕਿ ਕਹਾਣੀ ਜਥੇਬੰਦਕ ਹੋਣ ਦੇ ਮਹੱਤਵ ਨੂੰ ਖ਼ੂਬਸੂਰਤ ਸ਼ਬਦਾਂ ਵਿਚ ਉਜਾਗਰ ਕਰਦੀ ਹੈ। ਮੇਜਰ ਸਿੰਘ ਰਾਜਗੜ ਨੇ ਆਪਣੀ ਗ਼ਜ਼ਲ ਰਾਹੀਂ ਕਲਾਮਈ ਢੰਗ ਨਾਲ ਕਹਾਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਅੰਤ ਵਿਚ ਅਦਾਰਾ ਦੇ ਸੰਚਾਲਕ ਪਵਨ ਪਰਿੰਦਾ ਤੇ ਐਸ.ਐਸ.ਗਿੱਲ ਨੇ ਜਸਬੀਰ ਕਲਸੀ ਤੇ ਡਾ.ਗੁਰਜੀਤ ਸਿੰਘ ਸੰਧੂ ਨੂੰ ਸਨਮਾਨ ਅਦਾ ਕਰਨ ਦੀ ਰਸਮ ਨਿਭਾਈ।ਇਸ ਮੌਕੇ ਭੋਲਾ ਸਿੰਘ ਜਾਗਲ ਅਤੇ ਮਹਿੰਦਰ ਸਿੰਘ ਰਾਹੀ ਵੀ ਹਾਜ਼ਰ ਸਨ।