ਲੋਕਾਂ ਨੂੰ ਈ.ਕਾਰਡ ਬਣਵਾਉਣ ਲਈ ਕੀਤਾ ਜਾਵੇ ਜਾਗਰੂਕ- ਵਧੀਕ ਡਿਪਟੀ ਕਮਿਸ਼ਨਰ
28 ਫਰਵਰੀ ਤੱਕ ਹਰ ਲਾਭਪਾਤਰੀ ਆਪਣਾ ਈ. ਕਾਰਡ ਜ਼ਰੂਰ ਬਣਾਵੇ
ਹਰਪ੍ਰੀਤ ਕੌਰ ਸੰਗਰੂਰ, 25 ਫਰਵਰੀ 2021
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਅੰਦਰ ਈ.ਕਾਰਡ ਬਣਾਉਣ ਦੇ ਸਮੁੱਚੇ ਪ੍ਰਬੰਧਾਂ ਦੀ ਇੱਕ ਰੀਵਿਊ ਮੀਟਿੰਗ ਸਥਾਨਕ ਡੀ.ਸੀ. ਕੰਪਲੈਕਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲੇ ਦੇ ਸਮੂਹ ਐੱਸ.ਡੀ.ਐੱਮਜ਼ ਅਤੇ ਹੋਰਨਾਂ ਅਧਿਕਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਲਾਨਾ 5 ਲੱਖ ਰੁਪਏ ਤੱਕ ਦੀਆਂ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਦੀ ਇਹ ਸਹੂਲਤ ਕਿਸੇ ਬਿਮਾਰੀ ਜਾਂ ਐਮਰਜੈਂਸੀ ਦੀ ਹਾਲਤ ਵਿੱਚ ਲੋਕਾਂ ਲਈ ਵੱਡਾ ਸਹਾਰਾ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਸਮੇਂ ਸਿਰ ਨਗਦੀ ਰਹਿਤ ਮੁਫ਼ਤ ਇਲਾਜ ਸਹੂਲਤ ਮਿਲਣ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਬਚੀਆਂ ਹਨ। ਜ਼ਿਲਾ ਸੰਗਰੂਰ ਦੇ ਹਜ਼ਾਰਾਂ ਮਰੀਜ਼ ਕਰੋੜਾਂ ਰੁਪਏ ਦੇ ਇਲਾਜ਼ ਦੀਆਂ ਮੁਫ਼ਤ ਸਹੂਲਤਾਂ ਲੈ ਚੁੁੱਕੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਜਿਹੜੇ ਵੀ ਲਾਭਪਾਤਰੀ ਹਨ ਉਨਾਂ ਦੇ ਈ. ਕਾਰਡ ਬਣਾਏ ਜਾ ਰਹੇ ਹਨ । ਕਾਰਡ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜਿਥੇ ਪਿੰਡ-ਪਿੰਡ ਕੈਂਪ ਲਗਾਏ ਜਾ ਰਹੇ ਹਨ ਓਥੇ ਹੀ ਜ਼ਿਲੇ ਦੀਆਂ ਮਾਰਕਿਟ ਕਮੇਟੀਆਂ ਅਤੇ ਸੇਵਾ ਕੇਂਦਰਾਂ ਵਿੱਚ ਵੀ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਇਹ ਕੈਂਪ 28 ਫਰਵਰੀ ਤੱਕ ਲਗਾਤਾਰ ਚੱਲਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਹੁਤ ਫਾਇਦੇਮੰਦ ਹਨ ਅਤੇ ਇਹ ਕਾਰਡ ਸਸਤਾ ਅਨਾਜ ਯੋਜਨਾਂ ਦੇ ਲਾਭਪਾਤਰੀਆਂ, ਐਕਸਾਈਜ਼ ਵਿਭਾਗ ਕੋਲ ਰਜਿਸਟਰਡ ਛੋਟੇ ਵਪਾਰੀਆਂ, ਜੇ ਫਾਰਮ ਧਾਰਕ ਕਿਸਾਨਾਂ, ਉਸਾਰੀ ਬੋਰਡ ਨਾਲ ਰਜਿਸਟਰਡ ਮਜ਼ਦੂਰਾਂ ਅਤੇ ਯੈਲੋ ਕਾਰਡ ਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਦੇ ਬਣਦੇ ਹਨ। ਉਨਾਂ ਕਿਹਾ ਕਿ ਉਪਰੋਕਤ ਕੈਟਾਗਰੀਆਂ ਵਿਚੋਂ ਜਿਸਦੇ ਵੀ ਸਿਹਤ ਬੀਮਾ ਯੋਜਨਾ ਦੇ ਕਾਰਡ ਨਹੀਂ ਬਣੇ ਉਹ ਤੁਰੰਤ ਆਪਣੇ ਕਾਰਡ ਜਰੂਰ ਬਣਵਾ ਲੈਣ।