ਟਰਾਈਡੈਂਟ ਫੈਕਟਰੀ ਧੌਲਾ ਦੇ ਪ੍ਰਦੂਸ਼ਣ ਦਾ ਮੁੱਦਾ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਦਰਬਾਰ ‘ਚ ਗੂੰਜਿਆ

Advertisement
Spread information

ਪਿੰਡ ਦੇ ਲੋਕ ਬੀਮਾਰੀਆਂ ਕਾਰਣ ਸ਼ਹਿਰਾਂ ਵੱਲ ਕਰ ਰਹੇ ਨੇ ਕੂਚ

ਨੌਜਵਾਨਾਂ ਵੱਲੋਂ ਪਿੰਡ ਦੇ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਬਚਾਉਣ ਲਈ ਐੱਨ ਜੀ ਟੀ ‘ਚ ਪਾਈ ਪਟੀਸ਼ਨ


ਹਰਿੰਦਰ ਨਿੱਕਾ ,  ਬਰਨਾਲਾ 24 ਫਰਵਰੀ 2021

            ਟਰਾਈਡੈਂਟ ਫੈਕਟਰੀ ਧੌਲਾ ਦੇ ਪ੍ਰਦੂਸ਼ਣ ਨੇ ਇਲਾਕੇ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਪੌਣ ਪਾਣੀ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਲੰਬੇ ਅਰਸੇ ਤੋਂ ਨਾ ਸੁੱਧ ਹਵਾ ਵਿੱਚ ਸਾਂਹ ਲੈਣ ਦਾ ਮੌਕਾ ਮਿਲਦੈ ਤੇ ਨਾ ਹੀ ਪੀਣ ਲਈ ਸੁੱਧ ਪਾਣੀ ਨਸੀਬ ਹੁੰਦਾ ਹੈ। ਫੈਕਟਰੀ ਤੋਂ ਫੈਲ ਰਹੀ ਕੈਮੀਕਲ ਯੁਕਤ ਦੁਰਗੰਧ ਕਾਰਣ ਇਲਾਕੇ ਦੇ ਲੋਕ ਆਪਣੇ ਘਰਾਂ ਵਿੱਚ ਵੀ ਨੱਕ ਢੱਕ ਕੇ ਰਹਿਣ ਲਈ ਮਜਬੂਰ ਹਨ। ਹੋਣ ਵੀ ਕਿਉਂ ਨਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਧੇਰੇ ਅਧਿਕਾਰੀ ਤੇ ਕਰਮਚਾਰੀ ਵੀ ਫੈਕਟਰੀ ਮਾਲਿਕ  ਤੋਂ ਮਿਲਦੇ ਚਾਰ ਛਿੱਲੜਾਂ ਕਰਕੇ, ਲੋਕਾਂ ਦੀ ਤਕਲੀਫ਼ ਸਮਝ ਕੇ ਉਹਦਾ ਕੋਈ ਹੱਲ ਕਰਨ ਦੀ ਬਜਾਏ, ਫੈਕਟਰੀ ਮਾਲਿਕ ਦੀ ਹਾਂ ‘ਚ ਹਾਂ ਹੀ ਮਿਲਾਉਂਦੇ ਰਹਿੰਦੇ ਹਨ। ਬਹੁਤੇ ਪ੍ਰਸ਼ਾਸਨਿਕ ਅਧਿਕਾਰੀ ਲੋਕ ਸੇਵਕ ਨਾ ਬਣ ਕੇ, ਫੈਕਟਰੀ ਵਾਲੇ ਦੇ ਗੋਲਿਆਂ ਵਾਂਗ ਹੀ ਵਿਚਰਦੇ ਹਨ। ਬੇਵੱਸ ਤੇ ਦੁਖੀ ਹੋ ਕੇ ਇਲਾਕੇ ਦੇ ਕਾਫੀ ਲੋਕ ਦਿਨੋਂ ਦਿਨ ਪਿੰਡ ਛੱਡ ਕੇ ਸ਼ਹਿਰਾਂ ਵੱਲ ਕੂਚ ਕਰ ਰਹੇ ਹਨ। ਫੈਕਟਰੀ ਦੀ ਐਨ ਬੁੱਕਲ ‘ਚ ਵੱਸਦੇ ਇਕੱਲੇ ਪਿੰਡ ਧੌਲਾ ਦੇ ਹੀ ਨਹੀਂ, ਸਗੋਂ ਆਲੇ ਦੁਆਲੇ ਦੇ ਅੱਧੀ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਲੋਕ ਉਕਤ ਫੈਕਟਰੀ ਦੇ ਪ੍ਰਦੂਸ਼ਣ ਤੋਂ ਤੰਗ ਹਨ। ਟ੍ਰਾਈਡੈਂਟ ਫੈਕਟਰੀ ਨੇ ਜਿੱਥੇ ਆਲੇ ਦੁਆਲੇ ਪਿੰਡਾਂ ਦੀ ਹਵਾ ਨੂੰ ਦੂਸ਼ਿਤ ਕੀਤਾ ਹੈ, ਉਥੇ ਹੀ ਧਰਤੀ ਹੇਠਲੇ ਪਾਣੀ ਨੂੰ ਵੀ ਪੀਣ ਯੋਗ ਨਹੀਂ ਰਹਿਣ ਦਿੱਤਾ। ਪਿੰਡ ਧੌਲਾ ਦੇ ਲੋਕ ਜਿਆਦਾਤਰ ਖੇਤੀਬਾੜੀ ’ਤੇ ਨਿਰਭਰ ਅਤੇ ਕੁਝ ਮਜ਼ਦੂਰੀ ਕਰਦੇ ਹਨ। ਮਾੜੀ ਆਰਥਿਕਤਾ ਕਰਕੇ ਬਹੁਤੇ ਲੋਕ ਘਰਾਂ ਵਿਚ ਪੀਣ ਵਾਲੇ ਪਾਣੀ ਨੂੰ ਸਾਫ ਕਰਨ ਲਈ ਆਰ ਓ ਫਿਲਟਰ ਵੀ ਨਹੀਂ ਲਗਾ ਸਕਦੇ। ਪਿੰਡ ਅੰਦਰ ਦਿਨੋਂ ਦਿਨ ਟੀ ਬੀ ਅਤੇ ਕੈਸ਼ਰ ਮਰੀਜ ਦੀ ਗਿਣਤੀ ਵੱਧਣ ਦਾ ਕਾਰਨ ਵੀ ਦੂਸ਼ਿਤ ਪੌਣ ਪਾਣੀ ਹੀ ਦੱਸਿਆ ਜਾ ਰਿਹਾ ਹੈ। ਪਿਛਲਝਾਤ ਅਨੁਸਾਰ ਉਕਤ ਫੈਕਟਰੀ ਨੇ ਫੈਕਟਰੀ ਦੇ ਨਾਲ ਲੱਗਦੀਆਂ ਫਸਲਾਂ ਅਤੇ ਟਿਊਬਵੈੱਲਾਂ ਦਾ ਨੁਕਸਾਨ ਕੀਤਾ ਹੈ। ਫਸਲਾਂ ਖਰਾਬ ਕਰਨ ਅਤੇ ਟਿਊਬਵੈੱਲਾਂ ਰਾਹੀਂ ਫੈਕਟਰੀ ਦਾ ਗੰਧਲਾ ਪਾਣੀ ਅਕਸਰ ਹੀ ਅਖਬਾਰਾਂ ਦੀਆਂ ਸ਼ੁਰਖੀਆਂ ਬਣ ਚੁੱਕਾ ਹੈ। ਲੰਮੇ ਸਮੇਂ ਤੋਂ ਫੈਕਟਰੀ ਦੇ ਪ੍ਰਦੂਸ਼ਣ ਤੋਂ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਪਿੰਡ ਧੌਲਾ ਦੇ ਨੌਜਵਾਨਾਂ ਨੇ ਇਕੱਤਰ ਹੋ ਕੇ ਮਾਮਲੇ ਦੀ ਪਟੀਸ਼ਨ ਗ੍ਰੀਨ ਟ੍ਰਿਬਿਊਨਲ ਦਿੱਲੀ ਕੋਲ ਦਾਇਰ ਕੀਤੀ ਸੀ। ਇਸ ਮਾਮਲੇ ਸੰਬੰਧੀ ਜਦੋਂ ਨੈਸ਼ਨਲ ਐਂਟੀ ਕੁਰੱਪਸ਼ਨ ਕੌਸ਼ਲ ਭਾਰਤ ਦੇ ਜ਼ਿਲ੍ਹਾ ਬਰਨਾਲਾ ਦੇ ਰੂਰਲ ਪ੍ਰਧਾਨ ਬੇਅੰਤ ਸਿੰਘ ਬਾਜਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਿਤੀ 16-09-2019 ਨੂੰ ਫੈਕਟਰੀ ਦੇ ਪ੍ਰਦੂਸ਼ਣ ਨੂੰ ਲੈ ਕੇ ਇੱਕ ਜਨਹਿੱਤ ਪਟੀਸ਼ਨ ਮਾਨਯੋਗ ਗ੍ਰੀਨ ਟ੍ਰਿਬਿਊਨਲ ਦਿੱਲੀ ਕੋਲ ਪਾਈ ਗਈ ਸੀ। ਜਿਸ ’ਤੇ ਸਮੇਂ ਸਮੇਂ ਮਾਨਯੋਗ ਜੱਜ ਸਾਹਿਬਾਨਾਂ ਦੇ ਪੈਨਲ ਵੱਲੋਂ ਲਗਾਤਾਰ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਟੇਟ ਅਤੇ ਕੇਂਦਰੀ ਟੀਮਾਂ ਬਣਾ ਕੇ ਰਿਪੋਰਟਾਂ ਮੰਗੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਮਾਨਯੋਗ ਕੋਰਟ ਵੱਲੋਂ ਵਾਚਿਆ ਵੀ ਜਾ ਰਿਹਾ ਹੈ। ਉਕਤ ਮਾਮਲੇ ਵਿਚ ਹੁਣ ਤੱਕ 6 ਤਰੀਕਾਂ ਪੈ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਫੈਕਟਰੀ ਨੇ ਜਿੱਥੇ ਪਿੰਡ ਦੀ ਹਵਾ ਨੂੰ ਖਰਾਬ ਕੀਤਾ ਹੈ, ਉਥੇ ਹੀ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਧੱਜੀਆਂ ਉਡਾ ਕੇ ਖੇਤਾਂ ਨੂੰ ਜਾਂਦੀ ਡਰੇਨ ਵਿਚ ਕੈਮੀਕਲ ਯੁਕਤ ਪਾਣੀ ਪਾਇਆ ਜਾ ਰਿਹਾ ਹੈ। ਇਹ ਵਰਤਾਰਾ ਅੱਜ ਵੀ ਜਾਰੀ ਹੈ ਜੋ ਬਹੁਤ ਹੀ ਹਾਨੀਕਾਰਕ ਹੈ। ਬੇਅੰਤ ਬਾਜਵਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿਹਤ ਅਤੇ ਵਾਤਾਵਰਣ ਨੂੰ ਬਚਾਉਣ ਲਈ ਇਹ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੇ ਪ੍ਰਣ ਲਿਆ ਹੈ ਕਿ ਉਹ ਪਿੰਡ ਦੀ ਹੋਂਦ ਨੂੰ ਕੋਈ ਖਤਰਾ ਪੈਦਾ ਨਹੀਂ ਹੋਣ ਦੇਣਗੇ, ਚਾਹੇ ਲੜਾਈ ਕਿੰਨੀ ਮਰਜੀ ਲੰਬੀ ਲੜਣੀ ਪਵੇ। ਬੇਅੰਤ ਬਾਜਵਾ ਨੇ ਦੱਸਿਆ ਕਿ ਪਿੰਡ ਅੰਦਰ ਹੁਣ ਇੱਕ ਦਸਤਖਤੀ ਮੁਹਿੰਮ ਚਲਾਈ ਗਈ ਹੈ ਤੇ ਲੋਕਾਂ ਦੀ ਸਹਿਮਤੀ ਲੈ ਕੇ ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਪ੍ਰਦੂਸ਼ਿਤ ਤੋਂ ਨਿਜਾਤ ਮਿਲ ਸਕੇ।

Advertisement
Advertisement
Advertisement
Advertisement
error: Content is protected !!