ਸਿਹਤ ਮੰਤਰੀ ਨੇ ਰਾਸ਼ਟਰੀ ਬਾਲੜੀ ਦਿਵਸ ਸਬੰਧੀ ਵਰਚੁਅਲ ਸਮਾਗਮ ਵਿੱਚ ਕੀਤੀ ਸ਼ਿਰਕਤ
ਵੱਖ ਵੱਖ ਸਕੀਮਾਂ ਅਧੀਨ ਲਾਭ ਲੈਣ ਵਾਲੀਆਂ 10 ਮਹਿਲਾ ਲਾਭਪਾਤਰੀਆਂ ਦਾ ਸਨਮਾਨ
ਸਵੈ ਰੋਜ਼ਗਾਰ ਲਈ ਲੋਨ ਅਤੇ ਨੌਕਰੀ ਪ੍ਰਾਪਤ ਕਰਨ ਵਾਲੇ 70 ਪ੍ਰਾਰਥੀਆਂ ਨੂੰ ਵੰਡੇ ਕਰਜ਼ਾ ਮਨਜ਼ੂਰੀ ਤੇ ਨਿਯੁਕਤੀ ਪੱਤਰ
ਬਲਵਿੰਦਰ ਅਜਾਦ , ਬਡਬਰ, 25 ਜਨਵਰੀ 2021
ਸਮਾਜ ਦੀ ਬਿਹਤਰੀ ਲਈ ਲੜਕੀਆਂ ਦਾ ਸਿੱਖਿਅਤ ਹੋਣਾ ਅਤੇ ਔਰਤਾਂ ਨੂੰ ਬਣਦਾ ਸਨਮਾਨ ਤੇ ਸਥਾਨ ਮਿਲਣਾ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ ਵਿਖੇ ਰਾਸ਼ਟਰੀ ਬਾਲੜੀ ਦਿਵਸ ਅਤੇ ਸਵੈ-ਰੋਜ਼ਗਾਰ ਮੈਗਾ ਮੇਲੇ ਦੇ ਵਰਚੁਅਲ ਸਮਾਪਤੀ ਸਮਾਗਮ ਮੌਕੇ ਕੀਤਾ। ਇਸ ਸਮਾਗਮ ਦਾ ਵਰਚੂਅਲ ਆਗਾਜ਼ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਇਆ, ਜਿਸ ਮਗਰੋਂ ਸਥਾਨਕ ਪੱਧਰ ’ਤੇ ਸਿਹਤ ਮੰਤਰੀ ਸ. ਸਿੱਧੂ ਵੱਲੋਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਰਾਹੀਂ ਸਵੈ-ਰੋਜ਼ਗਾਰ ਲਈ ਲੋਨ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਲੋਨ ਮਨਜ਼ੂਰੀ ਪੱਤਰ ਤੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਰਾਹੀਂ ਵੱਖ ਵੱਖ ਪਲੇਸਮੈਂਟ ਕੈਂਪਾਂ ਰਾਹੀਂ ਨੌਕਰੀ ਲਈ ਚੁਣੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਉਨਾਂ ਨਾਲ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਵੀ ਮੌਜੂਦ ਸਨ।ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਪੇਂਡੂ ਖੇਤਰਾਂ ਦੇ 35 ਲਾਭਪਾਤਰੀਆਂ ਨੂੰ ਲੋਨ ਮਨਜ਼ੂਰੀ ਪੱਤਰ ਦਿੱਤੇ ਗਏ, ਜਿਨਾਂ ਨੇ ਡੇਅਰੀ, ਪਸ਼ੂ ਪਾਲਣ, ਮੱਛੀ ਪਾਲਣ ਆਦਿ ਸਬੰਧੀ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਰੋਜ਼ਗਾਰ ਵਾਸਤੇ ਅਪਲਾਈ ਕੀਤਾ ਸੀ। ਇਸੇ ਤਰਾਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ਸਮੇਂ ਸਮੇਂ ’ਤੇ ਲਾਏ ਪਲੇਸਮੈਂਂਟ ਕੈਂਪਾਂ ਰਾਹੀਂ ਆਈਓਐਲ, ਆਈਸੀਆਈਸੀਆਈ ਫਾਊਂਡੇਸ਼ਨ ਤੇ ਟ੍ਰਾਈਡੈਂਟ ਗਰੁੱਪ ਵਿਚ ਨੌਕਰੀ ਹਾਸਲ ਕਰਨ ਵਾਲੇ 35 ਲੜਕੇ-ਲੜਕੀਆਂ ਨੂੰ ਵੀ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਤੋਂ ਇਲਾਵਾ ਰਾਸ਼ਟਰੀ ਬਾਲੜੀ ਦਿਵਸ ਦੇ ਸਬੰਧ ਵਿਚ ਜ਼ਿਲਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਵੱਖ ਵੱਖ ਸਕੀਮਾਂ ਦਾ ਲਾਭ ਹਾਸਲ ਕਰਨ ਵਾਲੇ 10 ਲਾਭਪਾਤਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨਾਂ ਲਾਭਪਾਤਰੀਆਂ ਵਿਚ ਪ੍ਰਧਾਨ ਮੰਤਰੀ ਮਾਤਰੁ ਵੰਦਨਾ ਯੋਜਨਾ ਦੇ ਲਾਭ ਲੈਣ ਵਾਲੀਆਂ ਮਹਿਲਾਵਾਂ, ਸੈਲਫ ਡਿਫੈਂਸ ਟ੍ਰੇਨਿੰਗ ਦੇ ਲਾਭਪਾਤਰੀ, ਡਰਾਈਵਿੰਗ ਲਾਇਸੈਂਸ ਦੇ ਲਾਭਪਾਤਰੀ, ਡਿਜੀਟਲ ਪੇਰੈਂਟਸ ਮਾਰਗਦਰਸ਼ਕ ਪ੍ਰੋਗਰਾਮ ਦੇ ਲਾਭਪਾਤਰੀਆਂ ਤੇ ਪ੍ਰ੍ਰੀ-ਸਕੂਲ ਸਿੱਖਿਆ/ਟੀਕਾਕਰਨ ਦੇ ਲਾਭਪਾਤਰੀਆਂ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ. ਕੇਵਲ ਸਿੰਘ ਢਿੱਲੋਂ ਨੇ ਰਾਸ਼ਟਰੀ ਬਾਲੜੀ ਦਿਵਸ ਦੀ ਸਭ ਨੂੰ ਮੁਬਾਰਕਬਾਦ ਦਿੱਤੀ। ਉਨਾਂ ਆਖਿਆ ਕਿ ਲੜਕੀਆਂ ਦੀ ਜਨਮ ਦਰ ਵਧਾਉਣ, ਉਨਾਂ ਨੂੰ ਸਿੱਖਿਅਤ ਕਰਨ ਅਤੇ ਅੱਗੇ ਵਧਣ ਦੇ ਮੌਕੇ ਦੇਣ ਲਈ ਵੱਖ ਵੱਖ ਵਿਭਾਗਾਂ ਰਾਹੀਂ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਬਦੌਲਤ ਜ਼ਿਲਾ ਬਰਨਾਲਾ ਵਿੱਚ ਲੜਕੀਆਂ ਦੀ ਜਨਮ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਵਧੀ ਹੈ ਅਤੇ ਜ਼ਿਲਾ ਸੂਬੇ ਵਿਚੋਂ ਤੀਜੇ ਸਥਾਨ ’ਤੇ ਪੁੱਜ ਗਿਆ ਹੈ, ਜੋ ਬੇਹੱਦ ਸ਼ੁੱਭ ਸ਼ਗਨ ਹੈ। ਉਨਾਂ ਸਨਮਾਨ ਪ੍ਰਾਪਤ ਕਰਨ ਵਾਲੀਆਂ ਲੜਕੀਆਂ/ਔਰਤਾਂ ਅਤੇ ਲੋਨ ਮੇਲੇ ਦੇ ਲਾਭਪਾਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਲਗਾਤਾਰ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੜਕੀਆਂ ਸਾਡੇ ਜ਼ਿਲੇ ਦਾ ਨਾਮ ਹੋਰ ਉਚਾ ਕਰ ਸਕਣ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ, ਜ਼ਿਲਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਮੱਖਣ ਸ਼ਰਮਾ, ਦੀਪ ਸੰਘੇੜਾ, ਸੀਡੀਪੀਓ ਰਤਿੰਦਰਪਾਲ ਕੌਰ, ਕਰੀਅਰ ਕਾਊਂਸਲਰ ਸਾਹਿਬਾਨਾ, ਹੋਰ ਅਧਿਕਾਰੀ ਤੇ ਲਾਭਪਾਤਰੀ ਹਾਜ਼ਰ ਸਨ।