ਕੇਵਲ ਸਿੰਘ ਢਿੱਲੋਂ ਨੇ ਕਿਹਾ, ਕਾਂਗਰਸ ਪਾਰਟੀ ਕੌਂਸਲ ਚੋਣਾਂ ‘ਚ ਵਿਰੋਧੀਆਂ ਦਾ ਕਰੂ ਸੂਪੜਾ ਸਾਫ
ਪਾਰਟੀ ਦੀ ਵਫਾਦਾਰੀ ਤੇ ਜਿੱਤਣ ਦੀ ਸੰਭਾਵਨਾ ਹੀ ਹੋਵੇਗੀ ਟਿਕਟ ਦੇਣ ਦੀ ਕਸੌਟੀ- ਢਿੱਲੋਂ
ਹਰਿੰਦਰ ਨਿੱਕਾ, ਬਰਨਾਲਾ 25 ਜਨਵਰੀ 2021
ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਜਿੱਥੇ ਸਾਰੀਆਂ ਹੀ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਕਮਰ ਕਸੇ ਕਸ ਲਏ ਹਨ। ਉੱਥੇ ਹੀ ਕਾਂਗਰਸ ਪਾਰਟੀ ਦੀ ਟਿਕਟ ਦੇ ਚਾਹਵਾਨ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਦੇ ਇੰਤਜਾਰ ਦੀਆਂ ਘੜੀਆਂ ਹਾਲੇ ਕੁਝ ਲੰਬੀਆਂ ਹੋ ਸਕਦੀਆਂ ਹਨ। ਇਸ ਸਬੰਧੀ ਟੂਡੇ ਨਿਊਜ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਸੇ ਕਰਕੇ ਇੱਕ ਇੱਕ ਵਾਰਡ ਵਿੱਚੋਂ ਹੀ ਪਾਰਟੀ ਦੀ ਟਿਕਟ ਲੈਣ ਦੇ ਚਾਹਵਾਨ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਗਿਣਤੀ ਹੋਰਨਾਂ ਰਾਜਸੀ ਪਾਰਟੀਆਂ ਤੋਂ ਕਾਫੀ ਜਿਆਦਾ ਹੈ। ਸਾਰੇ ਚਾਹਵਾਨ ਉਮੀਦਵਾਰਾਂ ਦੀਆਂ ਲਿਸਟਾਂ ਪਾਰਟੀ ਹਾਈਕਮਾਨ ਕੋਲ ਪਹੁੰਚ ਚੁੱਕੀਆਂ ਹਨ। ਉਨਾਂ ਕਿਹਾ ਕਿ ਬੇਸ਼ੱਕ ਟਿਕਟਾਂ ਦੀ ਸੂਚੀ ਜਾਰੀ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਫਿਰ ਵੀ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਕੁਝ ਉਮੀਦਵਾਰਾਂ ਨੂੰ ਚੋਣ ਲੜਨ ਲਈ ਹਰੀ ਝੰਡੀ ਵੀ ਦੇ ਦਿੱਤੀ ਗਈ ਹੈ। ਜਿਹੜੇ ਚੋਣ ਨਿਸ਼ਾਨ ਲੈ ਕੇ ਹੀ ਵੋਟਰਾਂ ਕੋਲ ਪਹੁੰਚਣਾ ਸ਼ੁਰੂ ਹੋ ਗਏ ਹਨ। ਢਿੱਲੋਂ ਨੇ ਕਿਹਾ ਕਿ ਇੱਕ ਵਾਰਡ ਵਿੱਚ ਇੱਕ ਹੀ ਉਮੀਦਵਾਰ ਨੂੰ ਟਿਕਟ ਮਿਲ ਸਕਦੀ ਹੈ। ਟਿਕਟ ਨਾ ਮਿਲਣ ਵਾਲਿਆਂ ਨੂੰ ਵੀ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਟਿਕਟ ਨਾ ਮਿਲਣ ਤੋਂ ਬਾਅਦ ਵੀ ਜਿਹੜੇ ਵਿਅਕਤੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਕੰਮ ਕਰਨਗੇ, ਪਾਰਟੀ ਉਨਾਂ ਨੂੰ ਵੀ ਬਕਾਇਦਾ ਐਮ.ਸੀ. ਦੀ ਤਰਾਂ ਹੀ ਪਾਰਟੀ ਵਿੱਚ ਮਾਣ ਸਨਮਾਨ ਦੇਵੇਗੀ। ਢਿੱਲੋਂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਵਿਕਾਸ ਕੰਮਾਂ ਤੋਂ ਖੁਸ਼ ਲੋਕ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਉਨਾਂ ਕਿਹਾ ਕਿ ਹੁਣ ਲੋਕ ਭਲੀਭਾਂਤ ਜਾਣੂ ਹਨ ਕਿ ਪ੍ਰਦੇਸ਼ ਦੀ ਸੱਤਾ ਤੇ ਕਾਬਿਜ ਪਾਰਟੀ ਹੀ ਸ਼ਹਿਰ ਦਾ ਵਿਕਾਸ ਕਰਵਾ ਸਕਦੀ ਹੈ। ਵਿਰੋਧੀ ਪਾਰਟੀਆਂ ਕੋਲ ਤਾਂ ਵਿਰੋਧ ਤੇ ਨਾਅਰੇਬਾਜੀ ਹੀ ਰਹਿ ਜਾਂਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਕਾਸ ਨੂੰ ਵੋਟ ਦੇਣ ਲਈ, ਕਾਂਗਰਸ ਨੂੰ ਵੋਟ ਪਾਉਣਾ ਜਰੂਰੀ ਹੈ। ਪਾਰਟੀ ਵਰਕਰਾਂ ਦੇ ਉਤਸਾਹ ਵਿੱਚ ਲਬਰੇਜ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦਾ ਸੂਪੜਾ ਸਾਫ ਹੋ ਜਾਵੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ, ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ, ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਗੁਰਦਰਸ਼ਨ ਸਿੰਘ ਬਰਾੜ, ਬਰਨਾਲਾ ਕਲੱਬ ਦੇ ਸੈਕਟਰੀ ਐਡਵੋਕੇਟ ਰਾਜੀਵ ਲੂਬੀ, ਅਸਥਾ ਕਲੋਨੀ ਦੇ ਐਮ.ਡੀ. ਦੀਪਕ ਸੋਨੀ, ਸਮਾਜ ਸੇਵੀ ਭਾਰਤ ਮੋਦੀ ,ਸਮਾਜ ਸੇਵੀ ਚੋਪੜਾ ਆਦਿ ਆਗੂ ਮੌਜੂਦ ਰਹੇ।