ਕਿਸਾਨ ਆਗੂਆਂ ਦੀ ਅਪੀਲ, 26 ਜਨਵਰੀ ਨੂੰ ਦਿੱਲੀ ‘ਚ ਹੋਣ ਵਾਲੇ ਟਰੈਕਟਰ ਮਾਰਚ ਸਬੰਧੀ ਅਫਵਾਹਾਂ ਤੋਂ ਰਹੋ ਸਾਵਧਾਨ 

Advertisement
Spread information

ਹਰਿੰਦਰ ਨਿੱਕਾ, ਬਰਨਾਲਾ: 15 ਜਨਵਰੀ 2021
          ਤਿੰਨ ਖੇਤੀ ਕਾਨੂੰਨਾਂ, ਪਰਾਲੀ ਸਬੰਧੀ ਆਰਡੀਨੈਂਸ ਤੇ ਬਿਜਲੀ ਸੋਧ ਬਿਲ 2020 ਨੂੰ ਵਾਪਸ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਲੱਗਾ ਧਰਨਾ ਪੂਰੇ ਜੋਸ਼ ਤੇ ਉਤਸਾਹ ਨਾਲ ਅੱਜ ਆਪਣੇ 107 ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਮਾਸਟਰ ਨਿਰੰਜਣ ਸਿੰਘ, ਗੁਰਚਰਨ ਸਿੰਘ ਸਰਪੰਚ, ਕਰਨੈਲ ਸਿੰਘ ਗਾਂਧੀ, ਅਮਰਜੀਤ ਕੌਰ , ਬਲਵੰਤ ਸਿੰਘ ਉਪਲੀ , ਹਰਚਰਨ ਸਿੰਘ ਚੰਨਾ ਤੇ ਨਛੱਤਰ ਸਿੰਘ ਸਾਹੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਨੇਤਾਵਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਤੱਕ ਪੂਰੀ ਤਰਾਂ ਸ਼ਾਤਮਈ ਰਿਹਾ ਹੈ ਅਤੇ ਅੱਗੇ ਨੂੰ ਵੀ ਸ਼ਾਤਮਈ ਹੀ ਰਹੇਗਾ। ਕਿਸਾਨ ਘੋਲ਼ ਨੂੰ ਢਾਹ ਲਾਉਣ ਦੀ ਬੁਰੀ ਮਨਸ਼ਾ ਨਾਲ ਕੁਝ ਸ਼ਰਾਰਤੀ ਅਨਸਰ ਲਾਲ ਕਿਲੇ ’ਤੇ ਝੰਡਾ ਲਹਿਰਾਉਣ ਜਾਂ ਰਾਜਪੱਥ ‘ਤੇ ਹੋਣ ਵਾਲੇ ਸਰਕਾਰੀ ਸਮਾਗਮਾਂ ਵਿੱਚ ਵਿਘਨ ਪਾਉਣ ਵਾਲੀਆਂ ਗੱਲਾਂ ਕਰ ਰਹੇ ਹਨ। ਸੰਯਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਤੋਂ ਬਾਅਦ ਹੋਣ ਵਾਲੀਆਂ ਪ੍ਰੈਸ ਕਾਨਫਰੰਸਾਂ ਰਾਹੀਂ ਸਾਡੇ ਕਿਸਾਨ ਨੇਤਾ ਵਾਰ ਵਾਰ ਸਪੱਸ਼ਟ ਕਰ ਰਹੇ ਹਨ ਕਿ 26 ਮਾਰਚ ਦਾ ਟਰੈਕਟਰ ਮਾਰਚ ਵੀ ਸਾਡੇ ਦੂਸਰੇ ਘੋਲ਼-ਰੂਪਾਂ ਦੀ ਤਰਾਂ ਹੀ ਰੋਸ ਪ੍ਰਦਰਸ਼ਨ ਦਾ ਇੱਕ ਰੂਪ ਹੈ ਜੋ ਪੂਰੀ ਤਰਾਂ ਸ਼ਾਤਮਈ ਹੋਵੇਗਾ। ਸਰਕਾਰੀ ਸਮਾਗਮਾਂ ਵਿੱਚ ਵਿਘਨ ਪਾਉਣ ਜਾਂ ਲਾਲ ਕਿਲੇ ’ਤੇ ਝੰਡਾ ਲਹਿਰਾਉਣ ਵਰਗੀਆ ਵਾਹਿਯਾਤ ਗੱਲਾਂ ਤੋਂ ਚੌਕਸ ਰਹਿਣ ਦੀ ਲੋੜ ਹੈ। ਕੁੱਝ ਉਤਸਾਹੀ ਨੌਜਵਾਨਾਂ ਦੁਆਰਾ ਟਰੈਕਟਰਾਂ ’ਤੇ ਦੇਸੀ ਜੁਗਾੜ ਫਿੱਟ ਕਰਵਾਉਣ ਦੀਆਂ ਖਬਰਾਂ ਨੂੰ ਵਧਾ ਚੜਾ ਕੇ ਪੇਸ਼ ਨਾ ਕੀਤਾ ਜਾਵੇ ਅਤੇ ਨੌਜਵਾਨ ਵੀ ਅਜਿਹੇ ਪ੍ਰਚਾਰ ਦੇ ਝਾਂਸੇ ਵਿੱਚ ਨਾ ਆਉਣ। ਨੇਤਾਵਾਂ ਨੇ ਕਿਹਾ ਕਿ ਉਹ ਦਿੱਲੀ ਕੋਈ ਬਗਾਵਤ ਕਰਨ ਜਾਂ ਲੜਾਈ ਲੜਨ ਨਹੀਂ ਜਾ ਰਹੇ ਸਗੋਂ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਜਾ ਰਹੇ ਹਨ। ਸਰਕਾਰ ਸਾਡੇ ਘੋਲ ਨੂੰ ਤਾਰਪੀਡੋ ਕਰਨ ਲਈ ਹਰ ਕੋਝੀ ਚਾਲ ਦਾ ਸਹਾਰਾ ਲੈ ਰਹੀ ਹੈ ਅਤੇ 26 ਜਨਵਰੀ ਦੇ ਟਰੈਕਟਰ ਮਾਰਚ ਬਾਰੇ ਅਜਿਹੀਆਂ ਅਫਵਾਹਾਂ ਫੈਲਾਉਣੀਆਂ ਵੀ ਉਸੇ ਸ਼ਾਜਿਸ਼ ਦਾ ਇੱਕ ਹਿੱਸਾ ਹੈ। ਬੁਲਾਰਿਆਂ ਨੇ 18, 23 ਤੇ 26 ਜਨਵਰੀੌ ਲਈ ਉਲੀਕੇ ਗਏ ਪ੍ਰੋਗਰਾਮਾਂ ਵਿੱਚ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਿੰਡਾਂ ਵਿੱਚ ਲਾਮਬੰਦੀ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਦਿੱਲੀ ਦੇ ਮਾਰਚ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਹੁਣੇ ਤੋਂ ਤਿਆਰੀਆਂ ਵਿੱਢ ਦੇਣੀਆਂ ਚਾਹੀਦੀਆਂ ਹਨ। ਅੱਜ ਦੇ ਧਰਨੇ ਵਿੱਚ ਤਰਨਤਾਰਨ ਦੇ ਸਾਹਿਬ ਸਿੰਘ ਗਰੁੱਪ ਦੇ ਮਰਦਾਨਾ ਭੰਡਾਂ ਨੇ ਆਪਣੇ ਚੁਟਕਲਿਆਂ ਨਾਲ ਸਰਕਾਰ ’ਤੇ ਵਿਅੰਗ ਕਸਦੇ ਹੋਏ ਧਰਨਾਕਾਰੀਆਂ ਦਾ ਖੂਬ ਮਨੋਰੰਜਨ ਕੀਤਾ। ਜਗਦੀਸ਼ ਲੱਧਾ, ਸ਼ਿੰਦਰ ਧੌਲਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।

Advertisement
Advertisement
Advertisement
Advertisement
Advertisement
error: Content is protected !!