ਸਕੂਲੀ ਵਿਦਿਆਰਥੀਆਂ ਦੀਆਂ ਰਾਸ਼ਟਰੀ ਪ੍ਰਤਿਭਾ ਖੋਜ ਅਤੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆਵਾਂ ਹੋਈਆਂ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਕਰਵਾਈ ਗਈ ਸੀ ਤਿਆਰੀ
ਰਘਵੀਰ ਹੈਪੀ ,ਬਰਨਾਲਾ, 21 ਦਸੰਬਰ 2020
ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਾਠਕ੍ਰਮ ਦੀ ਪੜ੍ਹਾਈ ਦੇ ਨਾਲ ਨਾਲ ਵੱਖ ਵੱਖ ਮੁਕਾਬਲਾ ਪ੍ਰੀਖਿਆਵਾਂ ਵਿੱਚੋਂ ਸਫ਼ਲਤਾ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਈਆਂ ਰਾਸ਼ਟਰੀ ਪ੍ਰਤਿਭਾ ਖੋਜ਼ ਪ੍ਰੀਖਿਆ ਸਟੇਜ਼ ਪਹਿਲੀ ਅਤੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆਵਾਂ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ।
ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਦੋਵੇਂ ਪ੍ਰੀਖਿਆਵਾਂ ਵੱਖ ਵੱਖ ਕੇਂਦਰਾਂ ‘ਤੇ ਨਿਰਵਿਘਨ ਤਰੀਕੇ ਸੰਪੂਰਨ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਿਲ੍ਹੇ ਦੇ ਪੰਜ ਪ੍ਰੀਖਿਆ ਕੇਂਦਰਾਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ),ਗਾਂਧੀ ਆਰੀਆ ਹਾਈ ਸਕੂਲ, ਐਸ.ਐਨ ਆਰੀਆ ਹਾਈ ਸਕੂਲ ਤਪਾ ਅਤੇ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਹਾਈ ਸਕੂਲ(ਲੜਕੀਆਂ) ਤਪਾ ਵਿਖੇ ਦਸਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਦੀ ਹੋਈ ਰਾਸ਼ਟਰੀ ਪ੍ਰਤਿਭਾ ਖੋਜ਼ ਪ੍ਰੀਖਿਆ ਵਿੱਚ 1062 ਵਿਦਿਆਰਥੀ ਅਪੀਅਰ ਹੋਏ।ਇਸੇ ਤਰ੍ਹਾਂ ਅੱਠਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਲਈ ਤਿੰਨ ਪ੍ਰੀਖਿਆ ਕੇਂਦਰਾਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ),ਸਰਕਾਰੀ ਹਾਈ ਸਕੂਲ ਜੁਮਲਾ ਮਲਕਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਤਪਾ ਵਿਖੇ ਹੋਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਵਜ਼ੀਫਾ ਪ੍ਰੀਖਿਆ ਵਿੱਚ 807 ਵਿਦਿਆਰਥੀ ਅਪੀਅਰ ਹੋਏ।
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਪ੍ਰਤਿਭਾ ਖੋਜ਼ ਪ੍ਰੀਖਿਆ ਸਟੇਜ਼ ਵਨ ਵਿੱਚੋਂ ਕੁਆਲੀਫਾਈ ਕਰਨ ਵਾਲੇ ਵਿਦਿਆਰਥੀ ਅੱਗੇ ਕੌਮੀ ਪੱਧਰ ਦੀ ਅਗਲੀ ਪ੍ਰੀਖਿਆ ‘ਚ ਹਿੱਸਾ ਲੈਣਗੇ।ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪ੍ਰੀਖਿਆਵਾਂ ਸਬੰਧੀ ਤਿਆਰੀ ਕਰਵਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ। ਜਿਸ ਤਹਿਤ ਸ਼ੈਸ਼ਨ ਦੇ ਆਰੰਭ ਤੋਂ ਹੀ ਵੱਖ-ਵੱਖ ਵਿਸ਼ਿਆਂ ਦੀਆਂ ਸਲਾਈਡਜ਼ ਬਣਾਕੇ ਵਿਦਿਆਰਥੀਆਂ ਨੂੰ ਭੇਜਣ ਤੋਂ ਇਲਾਵਾ ਸਮੇਂ ਸਮੇਂ ‘ਤੇ ਕੁਇਜ਼ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਦੇ ਸਿੱਖਣ ਪ੍ਰਣਾਮਾਂ ਦੀ ਜਾਂਚ ਵੀ ਕੀਤੀ ਗਈ।ਇਸ ਸਬੰਧੀ ਵਿਸ਼ੇਸ਼ ਤੌਰ ‘ਤੇ ਮਾਪੇ-ਅਧਿਆਪਕ ਮਿਲਣੀਆਂ ਕਰਵਾਕੇ, ਮਾਪਿਆਂ ਤੋਂ ਵੀ ਬੱਚਿਆਂ ਦੀ ਤਿਆਰੀ ਦਾ ਜਾਇਜਾ ਲਿਆ ਗਿਆ ਅਤੇ ਮਾਪਿਆਂ ਤੋਂ ਸੁਝਾਅ ਲਏ ਗਏ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ‘ਤੇ ਅਧਾਰਿਤ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਹਨਾਂ ਟੀਮਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਮਿਆਰੀ ਸਮੱਗਰੀ ਮੁਹੱਈਆ ਕਰਵਾਈ ਗਈ ਸੀ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆਵਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ । ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਦੇ ਚੱਲਦਿਆਂ ਵਿਦਿਆਰਥੀਆਂ ਦੇ ਬਡੀ ਗਰੁੱਪ ਬਣਾਉਣ ਦੇ ਨਾਲ ਨਾਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਮਾਹਿਰਾਂ ਰਾਹੀਂ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆ ਲਈ ਆਨਲਾਈਨ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਸੀ।ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਹੀ ਵਜ਼ੀਫਾ ਪ੍ਰੀਖਿਆਵਾਂ ਵਿੱਚੋਂ ਵਿਦਿਆਰਥੀਆਂ ਦੇ ਵੱਡੀ ਗਿਣਤੀ ਵਿੱਚ ਸਫ਼ਲ ਹੋਣ ਦੀ ਉਮੀਦ ਹੈ।