ਡੀ.ਐਸ.ਪੀ. ਰੁਪਿੰਦਰਦੀਪ ਕੌਰ ਦੀ ਹਦਾਇਤ ਤੇ ਹਰਕਤ ਵਿੱਚ ਆਈ ਸਿਟੀ ਪੁਲਿਸ
ਜੀ.ਐਸ. ਬਿੰਦਰ ਖਰੜ/ ਮੋਹਾਲੀ 20 ਦਸੰਬਰ 2020
ਸਥਾਨਕ ਬੱਸ ਸਟੈਂਡ ਦੇ ਕੋਲ ਪੈਂਦੇ ਲਾਂਡਰਾਂ ਆਟੋ ਸਟੈਂਡ ਨੇੜੇ ਅਤੇ ਪੁਲਿਸ ਪੋਸਟ ਦੇ ਬਿਲਕੁਲ ਸਾਹਮਣੇ ਹਰੇ ਚਾਰੇ ਦੇ ਇੱਕ ਟਾਲ ਦੀ ਆੜ ਵਿੱਚ ਲੰਬੇ ਅਰਸੇ ਤੋਂ ਧੜੱਲੇ ਨਾਲ ਜਾਰੀ ਰਸੋਈ ਗੈਸ ਦੇ ਕਾਲੇ ਧੰਦੇ ਨੂੰ ਠੱਲ੍ਹਣ ਲਈ ਥਾਣਾ ਸਿਟੀ ਖਰੜ ਦੀ ਪੁਲਿਸ ਨੇ ਅਚਾਨਕ ਛਾਪਾ ਮਾਰ ਕੇ ਮੌਕੇ ਤੋਂ ਹੀ ਕਾਲਾਬਜਾਰੀ ਦੇ ਕਿੰਗ ਸਲੀਮ ਖਾਨ ਨੂੰ ਉਸ ਦੇ ਇੱਕ ਸਾਥੀ ਸਮੇਤ ਕਾਬੂ ਕਰ ਲਿਆ ਹੈ। ਪੁਲਿਸ ਪ੍ਰਸ਼ਾਸ਼ਨ ਨੇ ਇਹ ਵੱਡੀ ਕਾਰਵਾਈ ਟੂਡੇ ਨਿਊਜ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਡੀ.ਐਸ.ਪੀ. ਖਰੜ ਦੇ ਹੁਕਮਾਂ ਦੇ ਅਧਾਰ ਦੇ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਰੜ ਦੇ ਐਸ.ਐਚ.ਉ. ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਸਲੀਮ ਖਾਨ ਆਪਣੇ ਡਰਾਇਵਰ ਸੱਤਪਾਲ ਸਿੰਘ ਵਾਸੀ ਜੁਝਾਰ ਨਗਰ ਖਰੜ ,ਆਪਣੀ ਦੁਕਾਨ ਵਿੱਚ ਬੇਸਮੈਂਟ ਦੇ ਥੱਲੇ ਗੈਸ ਦੇ ਭਰੇ ਹੋਏ ਸਿਲੰਡਰਾਂ ਵਿੱਚੋਂ ਬਿਨਾਂ ਕਿਸੇ ਆਗਿਆ ਦੇ ਗੈਰ ਕਾਨੂੰਨੀ ਤੌਰ ਪਰ ਲੋਹੇ ਦੀ ਨੋਜ਼ਲ ਦੀ ਮੱਦਦ ਨਾਲ ਗੈਸ ਕੱਢ ਕੇ ਛੋਟੇ ਸਿਲੰਡਰਾਂ ਵਿੱਚ ਮਹਿੰਗੇ ਭਾਅ ਤੇ ਵੇਚਦੇ ਹਨ, ਛਾਪਾਮਾਰੀ ਕਰਨ ਤੇ ਦੋਵੇਂ ਦੋਸ਼ੀ ਗੈਸ ਭਰਦੇ ਹੋਏ ਕਾਬੂ ਆ ਸਕਦੇ ਹਨ। ਇੱਨਾਂ ਵੱਲੋਂ ਇਸ ਤਰਾਂ ਕਰਦੇ ਸਮੇਂ ਕਿਸੇ ਵੀ ਸਮੇਂ ਗੈਸ ਸਿਲੰਡਰ ਫਟ ਕੇ ਵੱਡੇ ਪੱਧਰ ਤੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਐਸ.ਐਚ.ਉ. ਗਿੱਲ ਨੇ ਦੱਸਿਆ ਕਿ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਦੀ ਜਾਨ ਮਾਲ ਨੂੰ ਖਤਰੇ ਵਿੱਚ ਪਾਉਣਾ ਅਤੇ ਵੱਡੇ ਗੈਸ ਸਿਲੰਡਰਾਂ ਵਿੱਚੋਂ ਗੈਸ ਕੱਢ ਕੇ ਛੋਟੇ ਸਿਲੰਡਰਾਂ ਵਿੱਚ ਭਰਨਾ ,ਇਸੈਨਸ਼ਲ ਕਮੋਡੇਸ਼ਨ ਐਕਟ ਦੀ ਸੈਕਸ਼ਨ 7 , ਐਕਸਪਲੋਸਿਵ ਸਬਸਟੈਂਸਜ ਐਕਟ ਦੀ ਸੈਕਸ਼ਨ 4 ਅਤੇ 336 ਆਈ.ਪੀ.ਸੀ. ਦੇ ਜੁਰਮ ਅਧੀਨ ਆਉਂਦਾ ਹੈ।
ਉਨਾਂ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਕੇ, ਉਨਾਂ ਨੂੰ ਗਿਰਫਤਾਰ ਕਰ ਲਿਆ ਹੈ। ਵਰਨਣਯੋਗ ਹੈ ਕਿ ਟੂਡੇ ਨਿਊਜ ਵੱਲੋਂ ਸਟਿੰਗ ਆਪਰੇਸ਼ਨ ਕਰਕੇ, ਰਸੋਈ ਗੈਸ ਦੀ ਕਾਲਾਬਜਾਰੀ ਦੇ ਇਸ ਧੰਦੇ ਨੂੰ , ਬਲਾਸਟ ਦੀ ਉਡੀਕ ਕਰ ਰਿਹੈ ਖਰੜ ਪ੍ਰਸ਼ਾਸ਼ਨ ,,ਟਾਈਟਲ ਤਹਿਤ ਨਸ਼ਰ ਕਰਕੇ ਬੇਨਕਾਬ ਕੀਤਾ ਗਿਆ ਸੀ। ਜਿਸ ਦੀ ਵੀਡੀਉ ਅਤੇ ਨਿਊਜ ਪੋਰਟਲ ਦੀ ਖਬਰ ਜਿਉਂ ਹੀ 19 ਦਸੰਬਰ ਨੂੰ ਡੀ.ਐਸ.ਪੀ. ਰੁਪਿੰਦਰਦੀਪ ਕੌਰ ਦੇ ਧਿਆਨ ਵਿੱਚ ਆਈ ਤਾਂ ਉਨਾਂ ਤੁਰੰਤ ਹੀ ਥਾਣਾ ਸਿਟੀ ਦੀ ਪੁਲਿਸ ਨੂੰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਹੁਕਮ ਦੇ ਦਿੱਤਾ । ਡੀ.ਐਸ.ਪੀ. ਰੁਪਿੰਦਰਦੀਪ ਕੌਰ ਨੇ ਅਜਿਹੇ ਗੈਰਕਾਨੂੰਨੀ ਅਤੇ ਮਨੁੱਖੀ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਮਾਮਲੇ ਦਾ ਪਰਦਾਫਾਸ਼ ਕਰਨ ਲਈ ਨੇ ਟੂਡੇ ਨਿਊਜ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।