ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ
ਹਰਿੰਦਰ ਨਿੱਕਾ , ਬਰਨਾਲਾ, 17 ਦਸੰਬਰ 2020
ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਜਿਲ੍ਹੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਚਾਲੂ ਵਰ੍ਹੇ ਦੇ 11 ਮਹੀਨਿਆਂ ਦੌਰਾਨ ਹੀ ਬੀਮਾ ਯੋਜਨਾ ਦੇ ਤਹਿਤ ਕੁੱਲ 11,040 ਮਰੀਜ਼ਾਂ ਦਾ ਇਲਾਜ ਹੋਇਆ ਹੈ। ਇੱਨਾਂ ਮਰੀਜਾਂ ਦੇ ਇਲਾਜ ਤੇ ਕੁੱਲ 9 ਕਰੋੜ 41 ਲੱਖ 89 ਹਜ਼ਾਰ 975 ਰੁਪਏ ਇਸ ਸਕੀਮ ਤਹਿਤ ਖਰਚੇ ਗਏ ਹਨ । ਇਹ ਜਾਣਕਾਰੀ ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਿਹਤ ਸੁਵਿਧਾਵਾਂ ਸਬੰਧੀ ਸਿਹਤ ਵਿਭਾਗ ਦੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦਿੱਤੀ। ਡੀ.ਸੀ. ਫੂਲਕਾ ਨੇ ਅਧਿਕਾਰੀਆਂ ਨੂੰ ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਵੱਧ ਤੋਂ ਵੱਧ ਕੈਂਪ ਲਾਏ ਜਾਣ ਤੇ ਜੋਰ ਦਿੱਤਾ ਤਾਂ ਜੋ ਇਹ ਪ੍ਰਕਿਰਿਆ ਮਿੱਥੇ ਸਮੇਂ ਅੰਦਰ ਮੁਕੰਮਲ ਕੀਤੀ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਸ੍ਰੀ ਸੁਖਜੀਵਨ ਕੱਕੜ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਇਸ ਵੇਲੇ ਕਰੋਨਾ ਵਾਇਰਸ ਦੇ ਸਰਗਰਮ ਕੇਸ 69 ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਘਰਾਂ ਵਿਚ ਇਕਾਂਤਵਾਸ 221 ਕਰੋਨਾ ਮਰੀਜ਼ਾਂ ਨੂੰ ਮਿਸ਼ਨ ਫਤਿਹ ਕਿੱਟਾਂ ਮੁਹੱਈਆ ਕਰਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐੈਚਐਮਆਈਐਸ ਪੋਰਟਲ ਅਨੁਸਾਰ ਜਨਵਰੀ ਤੋਂ ਨਵੰਬਰ 2020 ਤੱਕ ਜ਼ਿਲ੍ਹ੍ਹਾ ਬਰਨਾਲਾ ਵਿਚ ਲਿੰਗ ਅਨੁਪਾਤ 952 ਹੈ।
ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਨਵੰਬਰ 2020 ਦੌਰਾਨ ਸਰਕਾਰੀ ਹਸਪਤਾਲਾਂ ਵਿਚ 636 ਮਰੀਜ਼ਾਂ ਦਾ ਇਲਾਜ ਹੋਇਆ ਹੈ ਅਤੇ ਨਵੰਬਰ ਤੱਕ ਕੁੱਲ 11,040 ਮਰੀਜ਼ਾਂ ਦਾ ਇਲਾਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 9 ਕਰੋੜ 41 ਲੱਖ 89 ਹਜ਼ਾਰ 975 ਰੁਪਏ ਮਰੀਜ਼ਾਂ ਦੇ ਇਲਾਜ ’ਤੇ ਇਸ ਸਕੀਮ ਤਹਿਤ ਖਰਚੇ ਗਏ ਹਨ।
ਇਸ ਮੌਕੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਮੁਨੀਸ਼, ਡੀਪੀਐਮ ਕੁਲਵੰਤ ਸਿੰਘ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਸਥਾਨਕ ਸਰਕਾਰਾਂ ਇਕਾਈਆਂ ਦੀ ਪ੍ਰਗਤੀ ਦਾ ਜਾਇਜ਼ਾ
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਵਿਚ ਵਿਕਾਸ ਕਾਰਜਾਂ ਅਤੇ ਹੋਰ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ 100 ਫੀਸਦੀ ਟੀਚੇ ਤਹਿਤ ਘਰਾਂ ਵਿਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਇਕੱਤਰ ਕੀਤਾ ਜਾਂਦਾ ਹੈ ਅਤੇ ਗਿੱਲੇ ਕੂੜੇ ਦੀ ਖਾਦ ਤਿਆਰ ਕਰ ਕੇ ਵੰਡੀ ਵੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਵਿਰੁੱਧ ਮੁਹਿੰਮ ਵੀ ਜਾਰੀ ਹੈ। ਇਸ ਮੌਕੇ ਨਗਰ ਕੌਂਸਲ ਭਦੌੜ ਦੇ ਕਾਰਜਸਾਧਕ ਅਫਸਰ ਗੁਰਚਰਨ ਸਿੰਘ, ਤਪਾ ਕੌਂਸਲ ਦੇ ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ ਗੋਗੀਆ, ਜੇਈ ਮੁਹੰਮਦ ਸਲੀਮ, ਡੀਡੀਐਫ ਦੁਸ਼ਯੰਤ ਤੇ ਹੋਰ ਹਾਜ਼ਰ ਸਨ।