ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਵੱਖ-ਵੱਖ ਗਤੀਵਿਧੀਆਂ
ਰਵੀ ਸੈਣ , ਬਰਨਾਲਾ 17 ਦਸੰਬਰ 2020
ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋਂ ਦਿੱਤੇ ਦਿਸ਼ਾਂ ਨਿਰਦੇਸ਼ਾਂ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਵਰਿੰਦਰ ਅੱਗਰਵਾਲ ਦੀ ਅਗਵਾਈ ਹੇਠ ਵੱਖ-ਵੱਖ ਵੈਬੀਨਾਰਾਂ ਦਾ ਆਯੋਜਨ ਆਨਲਾਈਨ ਮੋਡ ਰਾਹੀਂ ਕੀਤਾ ਗਿਆ।
ਸ਼੍ਰੀ ਰੁਪਿੰਦਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਅਤੇ ਸਰਕਾਰੀ ਹਾਈ ਸਕੂਲ ਅਸਪਾਲ ਕਲਾ ਦੇ ਵਿਦਿਆਰਥੀਆਂ ਲਈ ਵੈਬੀਨਾਰਾ ਦਾ ਆਯੋਜਨ ਕੀਤਾ ਗਿਆ। ਮਾਨਯੋਗ ਸਕੱਤਰ ਜੀ ਵੱਲ੍ਹੋਂ ਵੈਬੀਨਾਰਾ ਰਾਹੀਂ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ, ਵਕੀਲ ਲੈਣ ਦਾ ਤਰੀਕਾ, ਟੋਲ ਫਰੀ ਹੈੱਲਪਲਾਈਨ ਨੰਬਰ 1968 ਆਦਿ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੈਰਾ ਲੀਗਲ ਵਲੰਟੀਅਰਾਂ ਲਈ ਕੀਤੇ ਗਏ ਵੈਬੀਨਾਰ ਵਿੱਚ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਤੇ ਟੋਲ ਫਰੀ ਹੈੱਲਪਲਾਈਨ ਨੰਬਰ 1968 ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਹਦਾਇਤ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਫਾਇਦਾ ਉਠਾ ਸਕਣ।
ਇਸ ਤੋਂ ਬਾਅਦ ਮਾਨਯੋਗ ਸਕੱਤਰ ਜੀ ਵੱਲੋਂ ਜਿਲ੍ਹਾ ਜੇਲ੍ਹ ਬਰਨਾਲਾ ਵਿਖੇ ਵੀਡੀਓ ਕਾਨਫਰੰਸ ਰਾਹੀਂ ਬੰਦੀਆਂ ਦੀਆਂ ਮੁਸ਼ਕਿਲਾ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਮੁਸ਼ਕਿਲਾਂ ਦੇ ਹੱਲ ਵੀ ਦੱਸੇ ਗਏ। ਇਸ ਤੋਂ ਇਲਾਵਾਂ ਬੰਦੀਆਂ ਨੂੰ ਉਨ੍ਹਾਂ ਦੇ ਮੁਫ਼ਤ ਕਾਨੂੰਨੀ ਸਹਾਇਤਾ ਦੇ ਅਧਿਕਾਰ ਬਾਰੇ ਦੱਸਿਆ ਗਿਆ ਅਤੇ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਕਿਸੇ ਬੰਦੀ ਕੋਲ ਵਕੀਲ ਨਹੀਂ ਹੈ ਤਾਂ ਉਹ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੂੰ ਸੂਚਿਤ ਕਰਨ ਤਾਂ ਜੋ ਉਸ ਨੂੰ ਉਸਦੇ ਕੇਸ ਦੀ ਪੈਰਵੀ ਲਈ ਵਕੀਲ ਦਿੱਤਾ ਜਾ ਸਕੇ।