ਬਰਨਾਲਾ ‘ਚ ਡੀਸੀ ਦਫ਼ਤਰ ਅੱਗੇ ਪੈਂਦੀ ਰਹੀ ਖੇਤੀ ਵਿਰੋਧੀ ਕਾਨੂੰਨ ਵਾਪਸ ਲਉ ਦੀ ਰੋਹਲੀ ਗੂੰਜ

Advertisement
Spread information

ਸ਼ਹਿਰ ਅੰਦਰ ਸਿੰਘੂ ਬਾਰਡਰ ਦਾ ਭੁਲੇਖਾ ਪਾਉਂਦਾ ਰਿਹਾ ਲੋਕਤਾ ਦਾ ਵਗਿਆ ਹੜ੍ਹ

ਹੱਡ ਚੀਰਵੀਂ ਠੰਡ ਵੀ ਕਿਸਾਨ ਔਰਤ ਕਾਰਕੁਨਾਂ ਦਾ ਰਸਤਾ ਨਾਂ ਰੋਕ ਸਕੀ

ਮਰਦ ਕਿਸਾਨਾਂ ਨਾਲੋਂ ਵੱਡੀ ਗਿਣਤੀ ਵਿੱਚ ਜੋਸ਼ੀਲੇ ਨਾਹਰਿਆਂ ਨਾਲ ਹੋਈਆਂ ਸ਼ਾਮਿਲ


ਹਰਿੰਦਰ ਨਿੱਕਾ , ਬਰਨਾਲਾ 14 ਦਸੰਬਰ 2020

      ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ 75 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਡੀਸੀ ਦਫਤਰ ਬਰਨਾਲਾ ਅੱਗੇ ਖੇਤੀ ਕਾਨੂੰਨ ਰੱਦ ਕਰਨ ਦੇ ਅਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ਸੁਣਾਈ ਦਿੰਦੀ ਰਹੀ। ਇਹ ਸਾਂਝਾ ਕਿਸਾਨ ਸੰਘਰਸ਼ ਹੁਣ ਲੋਕ ਮਨਾਂ ਦੀ ਅਵਾਜ ਬਣ ਗਿਆ ਹੈ। ਹਰ ਆਏ ਦਿਨ ਹੋਰ ਮਿਹਨਤਕਸ਼ ਤਬਕੇ ਇਸ ਸੰਘਰਸ਼ ਦੀ ਢਾਲ ਅਤੇ ਤਲਵਾਰ ਬਣ ਰਹੇ ਹਨ। ਸਾਂਝਾ ਕਿਸਾਨ ਮੋਰਚਾ ਨੇ ਸਮੁੱਚੇ ਮੁਲਕ ਅੰਦਰ ਅੱਜ ਡੀਸੀ ਦਫਤਰਾਂ ਅੱਗੇ ਵਿਸ਼ਾਲ ਧਰਨੇ ਅਤੇ ਮਾਰਚ ਕਰਨ ਦਾ ਸੱਦਾ ਦਿੱਤਾ ਸੀ।

Advertisement

            ਸਾਂਝੇ ਕਿਸਾਨ ਸੰਘਰਸ਼ ਦੀ ਸਟੇਜ ਤੋਂ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਸਾਰੀਆਂ ਹੀ ਮੁਲਾਜਮ, ਮਜਦੂਰ, ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਭਰਪੂਰ ਸਮਰਥਨ ਦਿੱਤਾ। ਮਾਈ ਭਾਗੋ ਅਤੇ ਗਦਰੀ ਗੁਲਾਬ ਕੌਰ ਦੀਆਂ ਵਾਰਸ ਕਿਸਾਨ ਔਰਤ ਕਾਰਕੁਨਾਂ ਦੀ ਗਿਣਤੀ ਮਰਦ ਕਿਸਾਨਾਂ ਦੇ ਕਾਫਲਿਆਂ ਨਾਲੋਂ ਕਿਤੇ ਵਡੇਰੀ ਸੀ । ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਗੁਰਚਰਨ ਸਿੰਘ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਪਰਮਿੰਦਰ ਸਿੰਘ ਹੰਢਿਆਇਆ, ਕਰਨੈਲ ਸਿੰਘ ਗਾਂਧੀ , ਨਿਰਭੈ ਸਿੰਘ , ਮਲਕੀਤ ਸਿੰਘ ਈਨਾ, ਜਗਸੀਰ ਸਿੰਘ ਸੰਧੂ ਆਦਿ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020ਖਿਲਾਫ ਚੱਲ ਰਿਹਾ ਸੰਘਰਸ਼ ਸੜ੍ਹਕੀ ਜਾਮ , ਭਾਰਤ ਬੰਦ ਵਰਗੇ ਅਹਿਮ ਪੜਾਅ ਸਰ ਕਰਨ ਤੋਂ ਬਾਅਦ ਮੁਲਕ ਪੱਧਰੇ ਸਾਂਝੇ ਸੱਦਿਆਂ ਵਰਗੇ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ।

          ਮੋਦੀ ਸਰਕਾਰ ਵੱਲੋਂ ਸਾਂਝਾ ਕਿਸਾਨ ਮੋਰਚੇ ਦੇ ਆਗੂਆਂ ਨਾਲ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਸਬੰਧੀ ਖੇਡੀ ਜਾ ਰਹੀ ਲੁਕਣਮੀਟੀ ਅਤੇ ਸੰਘਰਸ਼ ਨੂੰ ਬੁਨਿਆਦੀ ਮੁੱਦਿਆਂ ਤੋਂ ਪਾਸੇ ਤਿਲਕਾਉਣ ਦੀਆਂ ਸਾਜਿਸ਼ਾਂ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸਮੇਂ ਸਮੈ ਦਿਆ ਹਾਕਮਾਂ ਨੇ ਸਾਡਾ ਸਿਦਕ ਇੱਕ ਵਾਰ ਨਹੀਂ ਅਨੇਕਾਂ ਵਾਰ ਪਰਖਿਆ ਹੈ। ਸਾਡਾ ਵਿਰਸਾ ਪੜ੍ਹਕੇ ਤਾਂ ਵੇਖੋ ਸਾਡੇ ਚਾਚਾ ਅਜੀਤ ਸਿੰਘ ਵਰਗਿਆਂ ਨੇ ਦੁਸ਼ਮਣ ਦੇ ਖਿਲ਼ਾਫ ਇਸ ਤੋਂ ਵੀ ਲੰਬੇ ਠਰੰਮਾ ਰੱਖਕੇ ”ਪਗੜੀ ਸੰਭਾਲ ਜੱਟਾ” ਵਰਗੇ ਇਤਿਹਾਸਕ ਘੋਲ ਲੜੇ ਹਨ ਅਤੇ ਫਤਿਹ ਹਾਸਲ ਕੀਤੀ ਹੈ।

           ਆਗੂਆਂ ਕਿਹਾ ਕਿ ਮੋਦੀ ਹਕੂਮਤ ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਸਾਡੇ ਸਿਦਕ ਦੀ ਪਰਖ ਕਰ ਰਹੀ ਹੈ। ਦਰਜਣ ਤੋਂ ਵਧੇਰੇ ਸ਼ਹਾਦਤਾਂ ਹੋ ਚੁੱਕੀਆਂ ਹਨ ਇਸ ਦੇ ਬਾਵਜੂਦ ਵੀ ਆਏ ਦਿਨ ਵਧਦੇ ਕਾਫਲੇ ਮੋਦੀ ਹਕੂਮਤ ਨੂੰ ਲਲਕਾਰ ਰਹੇ ਰਹੇ ਹਨ। ਦੂਣ ਸਵਾਏ ਹੋ ਰਹੇ ਲੋਕ ਕਾਫਲੇ ਹਾਕਮਾਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਣਗੇ। ਖੇਤੀ ਵਿਰੋਧੀ ਤਿੰਨੋ ਕਿਸਾਨ ਸਿਰਫ ਕਿਸਾਨਾਂ ਲਈ ਹੀ ਮਾਰੂ ਨਹੀ ਸਾਬਤ ਹੋਣਗੇ ਸਗੋਂ ਸਮੁੱਚੀ ਪੇਂਡੂ ਅਤੇ ਸ਼ਹਿਰੀ ਸੱਭਿਅਤਾ ਤਬਾਹੀ ਦੇ ਕੰਢੇ ਧੱਕ ਦਿੱਤੀ ਜਾਵੇਗੀ। ਉਹ ਦਿਨ ਦੂਰ ਨਹੀਂ ਜਦ ਮੋਦੀ ਹਕੂਮਤ ਨੂੰ ਆਪਣਾ ਥੁੱਕਕੇ ਚੱਟਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ। ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਇਆ ਵਿਸ਼ਾਲ ਮਾਰਚ ਜਿਉਂ ਹੀ ਬਰਨਾਲੇ ਕਚਹਿਰੀ ਵਿੱਚ ਦਾਖਲ ਹੋਇਆ ਕੁੱਝ ਹੀ ਮਿੰਟਾਂ ਬਾਅਦ ਪੰਡਾਲ ਵਿੱਚ ਤਿਲ ਸੁੱਟਣ ਲਈ ਥਾਂ ਨਹੀਂ ਸੀ।

             ਪ੍ਰਬੰਧਕਾਂ ਨੂੰ ਵਾਰ-ਵਾਰ ਔਰਤਾਂ ਅਤੇ ਨੌਜਵਾਨ ਧੀਆਂ ਦੀ ਵਧ ਰਹੀ ਗਿਣਤੀ ਦੇ ਮੱਦੇਨਜਰ ਥਾਂ ਖਾਲੀ ਕਰਨ ਲਈ ਬੇਨਤੀਆਂ ਕਰਨੀਆਂ ਪੈ ਰਹੀਆਂ ਸਨ। ਅੱਜ ਦਾ ਇਕੱਠ ਇੱਕ ਨਵੇਂ ਸਿੰਘੂ ਅਤੇ ਟਿਕਰੀ ਬਾਰਡਰ ਦਿੱਲੀ ਦਾ ਭੁਲੇਖਾ ਪਾ ਰਿਹਾ ਸੀ। ਸਾਂਝਾ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲਕਲਾਂ ਵਿਖੇ ਵੀ ਵੱਡਾ ਇਕੱਠ ਵੇਖਣ ਅਤੇ ਲੋਕਾਈ ਦਾ ਗੁੱਸਾ ਵੇਖਣ ਨੂੰ ਮਿਲਆ। ਅੱਜ ਦੇ ਇਕੱਠ ਨੂੰ ਗੁਰਪ੍ਰੀਤ ਰੂੜੇਕੇ, ਕਰਮਜੀਤ ਸਿੰਘ ਬੀਹਲਾ, ਗੁਰਮੇਲ ਸਿੰਘ ਠੁੱਲੀਵਾਲ, ਜਗਰਾਜ ਸਿੰਘ ਟੱਲੇਵਾਲ, ਲਾਲ ਸਿੰਘ ਧਨੌਲਾ, ਵਕੀਲ ਮਨਵੀਰ ਕੌਰ, ਖੁਸ਼ੀਆ ਸਿੰਘ, ਜਸਵੰਤ ਸਿੰਘ ਅਸਪਾਲਕਲਾਂ, ਪਰਮਜੀਤ ਕੌਰ, ਤਰਸੇਮ ਭੱਠਲ , ਭੋਲਾ ਸਿੰਘ ਛੰਨਾਂ, ਰਜੀਵ ਕੁਮਾਰ , ਮਹਿਮਾ ਸਿੰਘ , ਅਨਿਲ ਕੁਮਾਰ, ਗੁਰਚਰਨ ਸਿੰਘ ਐਡਵੋਕੇਟ, ਸ਼ਿੰਗਾਰਾ ਸਿੰਘ, ਸੁਖਵਿੰਦਰ ਢਿੱਲਵਾਂ, ਹੁਸਨਪ੍ਰੀਤ ਭਾਰਦਵਾਜ, ਰਜਿੰਦਰ ਭਦੌੜ,ਕਮਲਜੀਤ ਟਿੱਬਾ, ਸਰਬਜੀਤ ਤਾਜੋਕੇ, ਗੁਰਮੇਲ ਰਾਮ ਸ਼ਰਮਾ ਆਦਿ ਬੁਲਾਰਿਆਂ ਨੇ ਸਾਂਝੇ ਕਿਸਾਨ ਸੰਘਰਸ਼ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਮੋਦੀ ਸਰਕਾਰ ਨੂੰ ਸਖਤ ਲਹਿਜੇ ਵਿੱਚ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਚਿਤਾਵਨੀ ਦਿੱਤੀ। ਕਵੀਸ਼ਰੀ ਜੱਥਿਆਂ ਜਗਰੂਪ ਸਿੰਘ ਅਤੇ ਹੇਮ ਰਾਜ ਠੁੱਲੀਵਾਲ ਨੇ ਇਤਿਹਾਸਕ ਪ੍ਰਸੰਗ ਪੇਸ਼ ਕੀਤੇ।

Advertisement
Advertisement
Advertisement
Advertisement
Advertisement
error: Content is protected !!