ਆਮ ਲੋਕਾਂ, ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਹਦਾਇਤਾਂ
ਰਵੀ ਸੈਣ , ਬਰਨਾਲਾ, 11 ਦਸੰਬਰ 2020
ਸਰਕਾਰ ਵਲੋਂ ਸਰਦੀਆਂ ਸਬੰਧੀ ਆਮ ਜਨਤਾ , ਕਿਸਾਨਾਂ ਨੂੰ ਅਤੇ ਪਸ਼ੂ ਪਾਲਕਾਂ ਲਈ ਸਲਾਹਕਾਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕੇ ਆਮ ਤੌਰ ’ਤੇ ਸਰਦੀਆਂ ਵਿਚ ਆਪਣੇ ਘਰਾਂ ਨੂੰ ਨਿੱਘਾ ਰੱਖਣ ਲਈ ਲੋਕ ਕੋਲਿਆਂ ਦਾ ਇਸਤੇਮਾਲ ਕਰਦੇ ਹੈ। ਕਈ ਵਾਰ ਵੇਖਿਆ ਗਿਆ ਹੈ ਕਿ ਕੋਲਾ ਜਲਾ ਕੇ ਉਸ ਦੀ ਅੱਗ ਕਮਰੇ ਦੇ ਅੰਦਰ ਰੱਖ ਕੇ ਲੋਕ ਸੌਂ ਜਾਂਦੇ ਹਨ ਤੇ ਕੋਲਾ ਸਾਰੇ ਕਮਰੇ ਦਾ ਆਕਸੀਜਨ ਖਿੱਚ ਲੈਂਦਾ ਹੈ ਅਤੇ ਕਮਰੇ ਵਿਚ ਬੰਦ ਲੋਕਾਂ ਦੀ ਆਕਸੀਜਨ ਦੀ ਕਮੀ ਨਾਲ ਮੌਤ ਹੋ ਜਾਂਦੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਕੋਲੇ ਨੂੰ ਜਲਾਉਣ ਤੋਂ ਬਾਅਦ ਕਮਰੇ ਵਿਚ ਹਵਾ ਆਉਣ ਜਾਣ ਦਾ ਪ੍ਰਬੰਧ ਰੱਖਿਆ ਜਾਵੇ ਤੇ ਨਾਲ ਹੀ ਸੌਣ ਤੋਂ ਪਹਿਲਾਂ ਕੋਲੇ ਨੂੰ ਕਮਰੇ ’ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਲੋਕ ਸਰਦੀਆਂ ਦੇ ਕੱਪੜੇ ਪਰਤਾਂ ’ਚ ਪਾਉਣ ਤਾਂ ਜੋ ਠੰਢ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਸਰਦੀਆਂ ’ਚ ਸਿਹਤ ਦੀ ਖਾਸ ਸਾਂਭ ਕੀਤੀ ਜਾਵੇ ਅਤੇ ਵਿਟਾਮਿਨ ਸੀ ਦੀ ਗੋਲੀਆਂ ਦਾ ਸੇਵਨ ਕੀਤਾ ਜਾਵੇ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਕਾਂਬਾ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਵਧੇਰੇ ਕੱਪੜੇ ਪਾ ਕੇ ਜਾਂ ਗਰਮ ਚਾਅ /ਦੁੱਧ ਪੀ ਕੇ ਜਾਂ ਹੀਟਰ ਕੋਲ ਬਹਿ ਕੇ ਆਪਣੇ ਸਰੀਰ ਦਾ ਤਾਪਮਾਨ ਮੁੜ ਨੌਰਮਲ ਕੀਤਾ ਜਾਵੇ। ਜੇ ਕਰ ਕਿਸੇ ਵੀ ਕਿਸਮ ਦੀ ਸਰੀਰਕ ਸਮੱਸਿਆ ਦਰਪੇਸ਼ ਆਉਂਦੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ।
ਉਨ੍ਹਾਂ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ। ਕਿਸਾਨ ਰਲਵੀਂ ਖੇਤੀ ਕਰਨ ਜਿਸ ਵਿਚ ਟਮਾਟਰ, ਬੈਂਗਣ ਵਰਗੇ ਲੰਬੇ ਬੂਟਿਆਂ ਨੂੰ ਛੋਲੇ, ਸਰੋਂ ਵਰਗੇ ਛੋਟੇ ਬੂਟਿਆਂ ਨਾਲ ਲਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਠੰਢੀਆਂ ਹਵਾਵਾਂ ਤੋਂ ਬਚਾਇਆ ਜਾ ਸਕੇ। ਇਸੇ ਤਰ੍ਹਾਂ ਮਲਚਿੰਗ ਦੀ ਵੀ ਸਲਾਹ ਦਿੱਤੀ ਗਈ ਤੇਫਕਿਸਾਨਾਂ ਨੂੰ ਕਿਹਾ ਗਿਆ ਖੇਤਾਂ ਦੇ ਆਸ ਪਾਸ ਤੇਜ਼ ਹਵਾਵਾਂ ਦਾ ਰੁੱਖ ਮੋੜਨ ਵਾਲੇ ਦਰਖ਼ਤ ਲਗਾਏ ਜਾਣ।
ਪਸ਼ੂ ਪਾਲਕਾਂ ਨੂੰ ਕਿਹਾ ਗਿਆ ਕਿ ਉਹ ਪਸ਼ੂਆਂ ਦੀਆਂ ਰਹਿਣ ਵਾਲਿਆਂ ਥਾਵਾਂ ਨੂੰ ਢੱਕ ਕੇ ਰੱਖਣ, ਛੋਟੇ ਜਾਨਵਰਾਂ ਨੂੰ ਵੀ ਇਹਤਿਆਤ ਦੇ ਤੌਰ ’ਤੇ ਢੱਕ ਕੇ ਰੱਖਿਆ ਜਾਵੇ, ਜਿੱਥੇ ਤਕ ਹੋ ਸਕੇ ਜਾਨਵਰਾਂ ਨੂੰ ਅੰਦਰ ਹੀ ਰੱਖਿਆ ਜਾਵੇ ਤੇ ਨਾਲ ਹੀ ਉਨ੍ਹਾਂ ਦੇ ਖਾਣ-ਪੀਣ ਦਾ ਖਾਸ ਖਿਆਲ ਰੱਖਿਆ ਜਾਵੇ।