ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਤਹਿਤ ਬਰਨਾਲਾ ਦੇ ਨਾਮੀਂ ਪੈਟਰੋਲ ਪੰਪ ‘ਮੈਸ. ਰਾਮਜੀ ਦਾਸ ਬਨਾਰਸੀ ਦਾਸ’ ਮਾਲਕ ਵੱਲੋਂ ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੀਆਂ ਜਿਲੇ ਦੀਆਂ 5 ਬੱਚੀਆਂ ਸਨਮਾਨ
ਹਰਿੰਦਰ ਨਿੱਕਾ ਬਰਨਾਲਾ, 5 ਦਸੰਬਰ 2020
ਪੈਟਰੋਲੀਅਮ ਦੀ ਦੁਨੀਆ ‘ਚ ਦੇਸ਼ ਦੀ ਰਾਜਧਾਨੀ ਤੱਕ ਪਹਿਚਾਨ ਰੱਖਣ ਵਾਲੇ ਹਿੰਦੁਸਤਾਨ ਪੈਟਰੋਲੀਅਮ ਨਾਲ ਸੰਬੰਧਤ ਬਰਨਾਲਾ ਦੇ ਨਾਮੀ ਪੈਟਰੋਲ ਪੰਪ ਮਾਲਕ ਵੱਲੋਂ ਬੱਚੀਆਂ ਨੂੰ ਤੇਲ ਵਿੱਚ 1% ਦੀ ਰਿਆਇਤ ਦੇਣਾ ਸ਼ੁਰੂ ਕੀਤਾ ਹੈ। ਜਿਸ ਨੂੰ ਲੈ ਕੇ ਬਰਨਾਲਾ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕੀਤੀ। ਜਿੰਨਾਂ ਨੇ ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੀਆਂ ਜਿਲੇ ਦੀਆਂ 5 ਬੱਚੀਆਂ ਸਨਮਾਨ ਕੀਤਾ ਗਿਆ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਦਿੱਤਯਾ ਡੇਚਲਵਾਲ, ਡਿਸਟ੍ਰਿਕ ਡਵੈਲਪਮੈਂਟ ਅਫਸਰ ਦੁਸ਼ਯੰਤ ਸਿੰਘ, ਭਾਰਤੀ ਸਟੇਟ ਬੈਂਕ ਦੇ ਸ਼ਾਖਾ ਪ੍ਰਬੰਧਕ ਅਨਿਲ ਦੱਤ, ਵਪਾਰ ਮੰਡਲ ਪ੍ਰਧਾਨ ਅਨਿਲ ਕੁਮਾਰ ਨਾਣਾ, ਸਿਵਲ ਡਿਫੈਂਸ ਵਾਰਡਨ ਅਖਿਲੇਸ਼ ਕੁਮਾਰ ਬਾਂਸਲ, ਹਿੰਦੁਸਤਾਨ ਪੈਟਰੋਲੀਅਮ ਦੇ ਏਰੀਆ ਮੈਨੇਜਰ ਸੁਧੀਰ ਯਾਦਵ, ‘ਮੈਸ. ਰਾਮਜੀ ਦਾਸ ਬਨਾਰਸੀ ਦਾਸ’ ਜੌੜਾ ਪੰਪ ਦੇ ਮਾਲਕ ਮਨੀਸ਼ ਕੁਮਾਰ ਬਾਂਸਲ ਅਤੇ ਉਂਨਾਂ ਦੀ ਧਰਮਪਤਨੀ ਸ਼੍ਰੀਮਤੀ ਨਿਕਿਤਾ ਬਾਂਸਲ ਹਾਜਰ ਸਨ।
ਪੰਜ ਬੱਚੀਆਂ ਦਾ ਹੋਇਆ ਸਨਮਾਨ:-
ਜਿਹਨਾਂ ਬੱਚੀਆਂ ਦਾ ਸਨਮਾਨ ਕੀਤਾ ਗਿਆ ਉਹਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁਤਰੀ ਬੰਧਨਤੋੜ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਠੀਕਰੀਵਾਲ ਦੀ ਵਿਦਿਆਰਥਣਾਂ ਬਲਜਿੰਦਰ ਕੌਰ ਪੁੱਤਰੀ ਸਰਬਜੀਤ ਸਿੰਘ ਅਤੇ ਮਨਵੀਰ ਕੌਰ ਪੁੱਤਰੀ ਸਾਧੂ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ-ਬਰਨਾਲਾ ਦੀ ਵਿਦਿਆਰਥਣ ਦੀਪ ਮਾਲਾ ਪੁੱਤਰੀ ਰਕੇਸ਼ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ ਦੀ ਵਿਦਿਆਰਥਣ ਹੁਸ਼ਨ ਦੀਪ ਸ਼ਰਮਾ ਪੁੱਤਰੀ ਧਰਮਪਾਲ ਸ਼ਰਮਾ ਸ਼ਾਮਲ ਸਨ।
ਜਿਲੇ ਅੰਦਰ ਲੜਕੀਆਂ ਦੀ ਰੇਸ਼ੋ ਵਧੀ:-
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਸਰਕਾਰ, ਪ੍ਰਸ਼ਾਸਨ ਵੱਲੋਂ ਕੀਤੀ ਗਈ ਜਾਗਰੂਕਤਾ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੜਕੀਆਂ ਦੀ ਜਨਮ ਦਰ ਵਧੀ ਹੈ। ਜਿਸਨੂੰ ਸੌ ਫੀਸਦੀ ਕਰਨ ਲਈ ਲੜਕੀਆਂ ਲਈ ਵੱਖ ਵੱਖ ਸਕੀਮਾਂ ਹਨ। ਸਿਲਾਈ ਕਢਾਈ ਸਮੇਤ ਫਰੀ ਟਰੇਨਿੰਗ ਕੋਰਸ ਕਰਵਾਏ ਜਾ ਰਹੇ ਹਨ। ਉਂਨਾਂ ਵਿੱਚ ਪੜਾਈ, ਖੇਡਾਂ ਸਮੇਤ ਵੱਖ ਵੱਖ ਸਕਿੱਲ ਪੈਦਾ ਕੀਤੀ ਜਾ ਰਹੀ ਹੈ। ਲੜਕੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰਾਂ ਤਿਆਰ ਰਹਿੰਦਾ ਹੈ। ਪੈਟਰੋਲੀਅਮ ਕੰਪਨੀ ਵੱਲੋਂ ਵਿਸ਼ੇਸ਼ਤੌਰ ਤੇ ਲੜਕੀਆਂ ਨੂੰ ਦਿੱਤੀ ਜਾ ਰਹੀ 1% ਦੀ ਰਿਆਇਤ ਸ਼ਲਾਘਾਯੋਗ ਕਦਮ ਹੈ।
ਇਹ ਦੱਸਿਆ ਉਦੇਸ਼:-
ਤੇਲ ਕੰਪਨੀ ਦੇ ਏਰੀਆ ਮੈਨੇਜਰ ਸੁਧੀਰ ਯਾਦਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਵੱਲੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਨੂੰ ਪ੍ਰੋਮੋਟ ਕਰਨ ਅਤੇ ਬੱਚੀਆਂ ਦੇ ਚੇਹਰਿਆਂ ਤੇ ਮੁਸਕੁਰਾਹਟ ਰੱਖਣ ਦੇ ਉਦੇਸ਼ ਨਾਲ ਲੜਕੀਆਂ ਲਈ ‘ਮੈਸ. ਰਾਮਜੀ ਦਾਸ ਬਨਾਰਸੀ ਦਾਸ’ ਨਾਮਕ ਬਰਨਾਲਾ ਦੀ ਫਰਮ ਤੋਂ ਇੱਕ ਉਸਾਰੂ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿੱਚ ਇਸ ਪੰਪ ਤੇ ਤੇਲ ਪਵਾਊਣ ਵਾਲੀਆਂ ਲੜਕੀਆਂ ਨੂੰ 200 ਰੁਪਏ ਦਾ ਭੁਗਤਾਨ ਕਰਨ ਤੇ 202 ਰੁਪਏ ਦਾ ਤੇਲ ਪਾਇਆ ਜਾਵੇਗਾ। ਲੜਕੀਆਂ ਨੂੰ ਤੇਲ ਪਵਾਊਣ ਲਈ ਬਾਰੀ ਦਾ ਇੰਤਜਾਰ ਵੀ ਨਹੀਂ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਮੁਹਿੰਮ ਦੇ ਨਤੀਜੇ ਸਾਰਥਕ ਨਿਕਲੇ ਤਾਂ ਇਹ ਸਕੀਮ ਨੂੰ ਦੇਸ਼ਭਰ ‘ਚ ਲਿਆਊਣ ਲਈ ਕੰਪਨੀ ਨੂੰ ਲਿਖਿਆ ਜਾਵੇਗਾ।