ਮੌਕੇ ਤੇ ਪਹੁੰਚੀ ਪੁਲਿਸ ,ਕੇਸ ਦਰਜ਼ ਕਰਨ ਦੀ ਤਿਆਰੀ
ਹਰਿੰਦਰ ਨਿੱਕਾ ,ਬਰਨਾਲਾ 2 ਦਸੰਬਰ 2020
ਸ਼ਹਿਰ ਦੇ ਸਭ ਤੋਂ ਵਧੇਰੇ ਆਵਾਜਾਈ ਵਾਲੇ ਖੇਤਰ ਹੰਡਿਆਇਆ-ਬਰਨਾਲਾ ਟੀ-ਪੁਆਇੰਟ ਕੋਲ ਪੈਂਦੇ ਇੱਕ ਟਰਾਂਸਪੋਰਟਰ ਦੇ ਘਰ ਅੰਦਰ ਵੜ੍ਹ ਕੇ ਚੋਰ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਪੁੱਤਰ ਹੇਮੰਤ ਸਿੰਘ ਨਿਵਾਸੀ ਗੁਰਸੇਵਕ ਨਗਰ ਬਰਨਾਲਾ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਨਹੀਂ ਸੀ, ਜਦੋਂ ਕਿ ਉਹ ਖੁਦ ਵੀ ਸਵੇਰੇ ਕਰੀਬ ਸਾਢੇ ਅੱਠ ਵਜੇ ਆਪਣੀ ਗੱਡੀ ਠੀਕ ਕਰਵਾਉਣ ਲਈ ਘਰ ਤੋਂ ਥੋੜੀ ਹੀ ਦੂਰ ਚਲਾ ਗਿਆ। ਜਦੋਂ ਕਰੀਬ ਸਾਢੇ 10 ਵਜੇ ਉਹ ਘਰ ਖੜੀ ਕਾਰ ਲੈਣ ਆਇਆ ਤਾਂ ਉਸ ਨੇ ਘਰ ਅੰਦਰ ਕੁਝ ਖੜਕਾ ਹੁੰਦਾ ਸੁਣਿਆ, ਪਰ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਦੁਬਾਰਾ ਘਰੋਂ ਚਲਾ ਗਿਆ। ਜਦੋਂ ਕਰੀਬ ਅੰਦਰ ਘੰਟੇ ਬਾਅਦ ਉਹ ਘਰ ਮੁੜਿਆ ਤਾਂ ਘਰ ਦੇ ਕਮਰਿਆਂ ਅੰਦਰ ਬੈਡ ਅਤੇ ਗੌਦਰੇਜ ਦੀ ਅਲਮਾਰੀ ਦਾ ਸਮਾਨ ਖਿੰਡਿਆ ਪਿਆ ਦੇਖਿਆ। ਪੜਤਾਲ ਕਰਨ ਤੇ ਪਤਾ ਲੱਗਿਆ ਕਿ ਚੋਰ ਉਸ ਦੇ ਘਰੋਂ ਕਰੀਬ ਤਿੰਨ ਤੋਲੇ ਸੋਨੇ ਅਤੇ 250 ਗ੍ਰਾਮ ਚਾਂਦੀ ਦੇ ਗਹਿਣੇ ਚੁਰਾ ਕੇ ਫਰਾਰ ਹੋ ਗਿਆ। ਉਨਾਂ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਜਦੋਂ ਉਹ ਇੱਕ ਵਾਰ ਘਰ ਆ ਕੇ ਦੁਬਾਰਾ ਘਰੋਂ ਗਿਆ ਤਾਂ ਉਦੋਂ ਚੋਰ ਡਰਦੇ ਮਾਰੇ ਘਰੋਂ ਜੋ ਹੱਥ ਲੱਗਿਆ ਲੈ ਕੇ ਚਲੇ ਗਏ। ਉੱਨਾਂ ਕਿਹਾ ਕਿ ਘਰ ਅੰਦਰ ਪਿਆ ਲੈਪਟੌਪ ਅਤੇ ਹੋਰ ਕਾਫੀ ਕੀਮਤੀ ਸਮਾਨ ਚੋਰ ਨਹੀਂ ਲੈ ਕੇ ਗਏ। ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਮੌਕਾ ਵਾਰਦਾਤ ਤੇ ਪੜਤਾਲ ਕਰਨ ਪਹੁੰਚੇ ਪੁਲਿਸ ਕਰਮਚਾਰੀ ਉਸ ਦਾ ਬਿਆਨ ਕਲਮਬੰਦ ਕਰਕੇ ਲੈ ਗਏ। ਉੱਧਰ ਦੇਰ ਨਾਲ ਹੀ ਸਹੀ, ਸ਼ਾਮ ਕਰੀਬ 4 ਕੁ ਵਜੇ ਪੁਲਿਸ ਸੂਹੀਆ ਕੁੱਤਿਆਂ ਨੂੰ ਵੀ ਵਾਰਦਾਤ ਵਾਲੇ ਘਰ ਪਹੁੰਚੀ। ਪਰੰਤੂ ਉਹ ਦੀ ਚੋਰਾਂ ਦੀਆਂ ਪੈੜਾਂ ਸੁੰਘ ਕੇ ਉਨਾਂ ਦਾ ਸੁਰਾਗ ਲੱਭਣ ਵਿੱਚ ਸਫਲ ਨਹੀਂ ਹੋਏ। ਥਾਣਾ ਸਿਟੀ 2 ਦੇ ਐਸਐਚਉ ਗੁਰਮੇਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਪੁਲਿਸ ਨੇ ਮਕਾਨ ਮਾਲਿਕ ਦੇ ਬਿਆਨ ਦੇ ਅਧਾਰ ਤੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਚੋਰਾਂ ਦਾ ਸੁਰਾਗ ਲੱਭ ਕੇ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।