ਰਵੀ ਸੈਣ ਬਰਨਾਲਾ,1 ਦਸੰਬਰ 2020
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ,ਸਿੱਖਿਆਵਾਂ,ਬਾਣੀ ਅਤੇ ਜੀਵਨ ਫਲਸਫੇ ਤੋਂ ਜਾਣੂ ਕਰਵਾਉਣ ਲਈ ਉਹਨਾਂ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਪ੍ਰਤੀ ਜਿਲ੍ਹੇ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਸਿੱਖਿਆ ਅਧਿਕਾਰੀਆਂ ਵੱਲੋਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਬਿਹਤਰ ਪ੍ਰਾਪਤੀਆਂ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਵੱਲੋਂ ਸੁੰਦਰ ਲਿਖਾਈ ਮੁਕਾਬਲੇ ਦੇ ਮਿਡਲ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਵਰਗ ਵਿੱਚੋਂ ਸੂਬਾ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਹਾਈ ਸਕੂਲ ਮੌੜਾਂ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਸ੍ਰ ਜਗਤਾਰ ਸਿੰਘ ਦੇ ਘਰ ਖੁਦ ਪਹੁੰਚ ਕੇ ਸਨਮਾਨਿਤ ਕੀਤਾ ਗਿਆ।ਉਹਨਾਂ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਸ ਮਾਣਮੱਤੀ ਕਾਮਯਾਬੀ ਦਾ ਸਿਹਰਾ ਜਿੱਥੇ ਵਿਦਿਆਰਥਣ ਦੀ ਖੁਦ ਦੀ ਮਿਹਨਤ ਨੂੰ ਜਾਂਦਾ ਹੈ ਉੱਥੇ ਹੀ ਉਸਦੇ ਮਾਪਿਆਂ ਦਾ ਸਹਿਯੋਗ ਅਤੇ ਅਧਿਆਪਕਾਂ ਦੀ ਅਗਵਾਈ ਵੀ ਵਿਦਿਆਰਥਣ ਦਾ ਮਾਰਗ ਦਰਸ਼ਨ ਬਣੀ ਹੈ।
ਉਹਨਾਂ ਕਿਹਾ ਕਿ ਛੋਟੀ ਉਮਰੇ ਸੂਬਾ ਪੱਧਰ ‘ਤੇ ਜੇਤੂ ਰਹਿਣ ਵਾਲੀ ਇਸ ਵਿਦਿਆਰਥਣ ਤੋਂ ਭਵਿੱਖ ਵਿੱਚ ਬਹੁਤ ਉਮੀਦਾਂ ਹਨ।ਸਿੱਖਿਆ ਅਧਿਕਾਰੀਆਂ ਵੱਲੋਂ ਖੁਦ ਘਰ ਪਹੁੰਚ ਕੇ ਸਨਮਾਨਿਤ ਕਰਨ ਤੋਂ ਵਿਦਿਆਰਥਣ ਅਤੇ ਉਸਦੇ ਮਾਪੇ ਬਹੁਤ ਖੁਸ਼ ਨਜ਼ਰ ਆਏ।ੳੇੁਹਨਾਂ ਇਸ ਉੱਦਮ ਲਈ ਸਿੱਖਿਆ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਸਿੱਖਿਆ ਅਧਿਕਾਰੀਆਂ ਦੇ ਇਸ ਉੱਦਮ ਦੀ ਪਿੰਡ ਵਾਸੀਆਂ ਵੱਲੋਂ ਵੀ ਖੂਬ ਪ੍ਰਸੰਸ਼ਾ ਕੀਤੀ ਗਈ।ਇਸ ਮੌਕੇ ਵਿੱਦਿਅਕ ਮੁਕਾਬਲਿਆਂ ਦੇ ਜਿਲ੍ਹਾ ਨੋਡਲ ਅਫਸਰ ਸ੍ਰ ਕੁਲਦੀਪ ਸਿੰਘ,ਸਕੂਲ ਦੇ ਹੈਡਮਾਸਟਰ ਸ੍ਰੀ ਰਾਕੇਸ਼ ਕੁਮਾਰ,ਵਿਦਿਆਰਥਣ ਦੇ ਗਾਈਡ ਅਧਿਆਪਕ ਸ੍ਰ ਤੇਜਿੰਦਰ ਸਿੰਘ ਅਤੇ ਵਿਦਿਆਰਥਣ ਦੀ ਜਮਾਤ ਇੰਚਾਰਜ ਮੈਡਮ ਸੁਨੀਤਾ ਰਾਣੀ ਸਮੇਤ ਸਕੂਲ ਦਾ ਬਾਕੀ ਸਟਾਫ ਵੀ ਹਾਜ਼ਰ ਸੀ।