ਇਹ ਨਾ ਹੋਵੇ, ਅੱਗ ਮੱਚੀ ਹੋਈ ਦਿੱਲੀ ਤੱਕ ਨਾ ਪਹੁੰਚ ਜਾਵੇ-ਗੁਰਤੇਜ ਸਿੰਘ ਅਸਪਾਲ
ਹਰਿੰਦਰ ਨਿੱਕਾ/ ਰਘਵੀਰ ਹੈਪੀ ਬਰਨਾਲਾ 25 ਨਵੰਬਰ 2020
ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਅੱਜ ਸਵੇਰ ਸਮੇਂ ਰੇਲਵੇ ਸਟੇਸ਼ਨ ਬਰਨਾਲਾ ਦੀ ਰੇਲ ਪਟੜੀ ਉੱਪਰ ਸੰਕੇਤਕ ਤੌਰ ਤੇ ਕੀਤੇ ਰੋਸ ਮੁਜਾਹਿਰੇ ਨੇ ਜਿੱਥੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਹੈ। ਉੱਥੇ ਹੀ ਦਲ ਦੇ ਸੂਬਾ ਪੱਧਰੀ ਆਗੂ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੁਆਰਾ ਪ੍ਰਸ਼ਾਸ਼ਨ ਅਤੇ ਕੇਂਦਰ ਸਰਕਾਰ ਨੂੰ ਦਿੱਤੀ ਚਿਤਾਵਨੀ ‘ਚ ਇਹ ਕਹਿ ਕੇ ਬਿਪਤਾ ਖੜ੍ਹੀ ਕਰ ਦਿੱਤੀ ਕਿ ”ਜੇਕਰ ਟਰੇਨਾਂ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਵੀ ਥਾਂ ਰੇਲ ਪਟੜੀ ਤੇ ਸਾਡਾ ਬੰਦਾ ਟਰੇਨ ਮੂਹਰੇ ਛਾਲ ਮਾਰ ਸਕਦੈ । ਇਸ ਐਲਾਨ ਨਾਲ ਸਿਵਲ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਵਧੇਰੇ ਚੌਕਸ ਰਹਿਣ ਲਈ ਸੁਨੇਹਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ਼ਰੇਆਮ ਪੁਲਿਸ ਦੀ ਹਾਜ਼ਰੀ ਵਿੱਚ ਖਾਲਿਸਤਾਨ ਪੱਖੀ ਲਾਏ ਨਾਅਰਿਆਂ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਹੈ। ਆਗੂ ਵੱਲੋਂ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਤੋਂ ਇਲਾਵਾ ਦਲਿਤਾਂ ਤੇ ਵਪਾਰੀਆਂ ਦੀ ਲੋੜ ਵੀ ਖਾਲਿਸਤਾਨ ਹੋਣ ਦੇ ਨਾਅਰੇ ਲਾਏ ਗਏ। ਇੱਨ੍ਹਾਂ ਨਾਅਰਿਆਂ ਦਾ ਮੌਕੇ ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਅਕਾਸ਼ ਗੂੰਜਾਉ ਨਾਅਰਿਆਂ ਨਾਲ ਜੁਆਬ ਵੀ ਦਿੱਤਾ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਅਸਪਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦਾ ਕਿਸਾਨ, ਦਲਿਤ, ਮਜਦੂਰ ਅਤੇ ਵਪਾਰੀ ਸਾਰੇ ਹੀ ਵਰਗ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਦਿੱਲੀ ਵਾਲਿਆਂ ਨੂੰ ਪੰਜਾਬ ਦੇ ਪੁਰਾਣੇ ਇਤਿਹਾਸ ਨੂੰ ਵੀ ਯਾਦ ਰੱਖਣ ਦੀ ਲੋੜ ਹੈ, ਇਹ ਨਾ ਹੋਵੇ ਕਿ ਇੱਥੋਂ ਸ਼ੁਰੂ ਹੋਈ ਅੱਗ, ਦਿੱਲੀ ਤੱਕ ਨਾ ਪਹੁੰਚ ਜਾਵੇ। ਉਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਦੇਸ਼ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸੂਬੇ ਦੇ ਹਜ਼ਾਰਾਂ ਕਿਸਾਨ 2 ਦਿਨ ਲਈ ਦਿੱਲੀ ਧਰਨਾ ਦੇਣ ਜਾ ਰਹੇ ਹਨ। ਪਰੰਤੂ ਅਮਨ ਸ਼ਾਂਤੀ ਨਾਲ ਪ੍ਰਦਰਸ਼ਨ ਲਈ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰ ਤੇ ਜਬਰਦਸਤੀ ਰੋਕਿਆ ਜਾ ਰਿਹਾ ਹੈ। ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਅਸੀਂ ਵੀ ਰੇਲਾਂ ਰੋਕਾਂਗੇ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਾਬ੍ਹ! ਦਿੱਲੀ ਦੀ ਯਾਰੀ ਛੱਡ ਦਿਉ, ਤੁਹਾਡੀ ਸਰਕਾਰ , ਦਿੱਲੀਂ ਵਾਲਿਆਂ ਨੇ ਨਹੀਂ, ਪੰਜਾਬੀਆਂ ਨੇ ਬਣਾਉਣੀ ਹੈ। ਉਨਾਂ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਚਿਤਾਵਨੀ ਦੇਣ ਲਈ ਸੰਕੇਤਕ ਤੌਰ ਤੇ ਕੀਤਾ ਗਿਆ ਹੈ। ਜੇਕਰ ਸਰਕਾਰ ਨੇ ਆਪਣਾ ਅੜੀਅਲ ਰਵੱਈਆਂ ਨਾ ਛੱਡਿਆ ਤਾਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਡਾ ਸੰਘਰਸ਼ ਵਿੱਢਣ ਤੋਂ ਵੀ ਗੁਰੇਜ ਨਹੀਂ ਕਰੇਗਾ।