ਹਰਿੰਦਰ ਨਿੱਕਾ ਬਰਨਾਲਾ 23 ਨਵੰਬਰ 2020
ਜਿਲ੍ਹੇ ਦੇ ਲੋਕਾਂ ਦੀਆਂ ਸ਼ਕਾਇਤਾਂ ਦੇ ਨਿਪਟਾਰੇ ਲਈ ਸਰਕਾਰ ਵੱਲੋਂ ਕਾਇਮ ਕੀਤੀ ਹੋਈ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਅੱਜ ਦੁਪਿਹਰ 12 ਵਜੇ ਕਰੀਬ 11 ਮਹੀਨਿਆਂ ਬਾਅਦ ਹੋ ਰਹੀ ਹੈ। ਭਾਂਂਵੇ ਮੀਟਿੰਗ ਨਾ ਹੋਣ ਦੀ ਵਜ੍ਹਾ ਲੌਕਡਾਉਨ ਨੂੰ ਦੱਸਿਆ ਜਾ ਰਿਹਾ ਹੈ। ਪਰੰਤੂ ਅੰਕੜਿਆਂ ਦੀ ਜੁਬਾਨੀ 9 ਦਸੰਬਰ 2019 ਨੂੰ ਲਾਸਟ ਮੀਟਿੰਗ ਹੋਈ ਸੀ। ਜਦੋਂ ਕਿ ਲੌਕਡਾਉਨ ਮਾਰਚ 2020 ਦੇ ਅੰਤਿਮ ਹਫਤੇ ਲਾਗੂ ਹੋਇਆ ਸੀ। ਲੌਕਡਾਊਨ ਖੁਲ੍ਹਿਆਂ ਵੀ ਕਈ ਮਹੀਨੇ ਹੋ ਚੁੱਕੇ ਹਨ। ਅੱਜ ਦੀ ਮੀਟਿੰਗ ਸ਼ਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਤੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਹੋ ਰਹੀ ਹੈ।
ਮੀਟਿੰਗ ਦੇ ਮੁੱਖ ਅਜੰਡਿਆਂ ਵਿੱਚ ਸਭ ਤੋਂ ਪਹਿਲਾਂ 9/12/2019 ਨੂੰ ਹੋਈ ਮੀਟਿੰਗ ਦੇ ਪੈਂਡਿੰਗ 18 ਅਜੰਡੇ ਵਿਚਾਰੇ ਜਾਣਗੇ। ਜਦੋਂ ਕਿ ਅੱਜ ਦੀ ਮੀਟਿੰਗ ਦੇ ਅਜੰਡੇ ਵਿੱਚ 21 ਹੋਰ ਆਇਟਮ ਸ਼ਾਮਿਲ ਹਨ। ਮੀਟਿੰਗ ਸਬੰਧੀ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ ਨੇ ਦੱਸਿਆ ਕਿ ਉਨਾਂ ਆਪਣੇ ਵੱਲੋਂ ਰੱਖੇ ਕੁੱਲ 4 ਮਤਿਆਂ ਦੀ ਤਿਆਰੀ ਕਰਕੇ ਮੀਟਿੰਗ ਵਿੱਚ ਸ਼ਾਮਿਲ ਹੋ ਰਹੇ ਹਨ। ਉਨਾਂ ਕਿਹਾ ਕਿ ਹੋਰਨਾਂ ਤੋਂ ਇਲਾਵਾ ਸਿਵਲ ਹਸਪਤਾਲ ਦੇ ਜੱਚਾ ਬੱਚਾ ਯੂਨਿਟ ਦੇ ਮੁੱਖ ਗੇਟ ਤੇ ਰੱਖੇ ਪੰਘੂੜੇ ਵਿੱਚ 11 ਜੂਨ ਨੂੰ ਬੱਚੀ ਦੀ ਹੋਈ ਮੌਤ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾ ਰਹੇ ਹਨ। ਕਿਉਂਕਿ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਕਿ ਇੱਕ ਨਵਜੰਮੀ ਬੱਚੀ ਸਿਵਲ ਹਸਪਤਾਲ ਦੇ ਅਯੋਗ ਪ੍ਰਬੰਧ ਦੀ ਭੇਂਟ ਚੜ੍ਹ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਵਲ ਸਰਜਨ ਨੇ ਇਸ ਸ਼ਕਾਇਤ ਤੇ ਮੰਗੇ ਜੁਆਬ ਵਿੱਚ ਇਹ ਸ਼ਕਾਇਤ ਦਾਖਿਲ ਦਫਤਰ ਕਰਨ ਲਈ ਲਿਖ ਕੇ ਭੇਜਿਆ ਗਿਆ ਹੈ। ਇਹ ਸ਼ਕਾਇਤ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਸ਼ਕਾਇਤ ਨਿਵਾਰਣ ਕਮੇਟੀ ਨੂੰ ਦਿੱਤੀ ਹੈ।