ਅਸ਼ੋਕ ਵਰਮਾ ਬਠਿੰਡਾ, 12 ਨਵੰਬਰ-2020
ਬਠਿੰਡਾ ਸਥਿਤ ਕੌਮੀ ਖਾਦ ਕਾਰਖਾਨੇ ਦੇ ਸਟੋਰਾਂ ’ਚ ਯੂਰੀਆ ਖਾਦ ਦੇ ਅੰਬਾਰ ਲੱਗੇ ਹੋਏ ਹਨ ਜਦੋਂਕਿ ਪੰਜਾਬ ਦਾ ਕਿਸਾਨ ਖਾਦ ਸੰਕਟ ਨਾਲ ਜੂਝ ਰਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਕਿਸਾਨਾਂ ਨੂੰ ਸਰਕਾਰ ਦੇ ਇਸ ਰੁੱਖ ਦਾ ਧੁੜਕੂ ਲੱਗਿਆ ਹੋਇਆ ਹੈ। ਜੇਕਰ ਯੂਰੀਆ ਖਾਦ ਨਹੀਂ ਮਿਲਦੀ ਤਾਂ ਕਣਕ ਦਾ ਝਾੜ ਬੁਰੀ ਤਰਾਂ ਪ੍ਰਭਾਵਿਤ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਕੌਮੀ ਖਾਦ ਕਾਰਖਾਨੇ ’ਚ ਰੋਜਾਨਾ 1700 ਟਨ ਖਾਦ ਦਾ ਉਤਪਾਦਨ ਹੋ ਰਿਹਾ ਹੈ ਜਦੋਂਕਿ ਲਿਫਟਿੰਗ ਮਸਾਂ ਸੌ ਟਨ ਦੀ ਹੋ ਰਹੀ ਹੈ। ਕਿਸਾਨ ਤੰਗ ਹਨ ਕਿ ਉਹਨਾਂ ਨੂੰ ਯੂਰੀਆ ਨਹੀਂ ਮਿਲ ਰਹੀ ਹੈ ਜਦੋਂਕਿ ਅਧਿਕਾਰੀਆਂ ਨੂੰ ਖਾਦ ਸਟੋਰ ਕਰਨ ਦਾ ਫਿਕਰ ਵੱਢ ਵੱਢ ਖਾ ਰਿਹਾ ਹੈ।
ਹੁਣ ਯੂਰੀਆ ਦੀ ਤੋਟ ਹੈ ਤਾਂ ਇਸ ਤੋਂ ਪਹਿਲਾਂ ਕਿਤੇ ਆਉਂਦੇ ਦਿਨਾਂ ’ਚ ਕਣਕ ਬਿਜਾਈ ਖੁਣੋਂ ਨਾ ਰਹਿ ਜਾਵੇ, ਇਸੇ ਫਿਕਰਮੰਦੀ ’ਚ ਕਿਸਾਨਾਂ ਨੇ ਬਾਜ਼ਾਰ ’ਚੋਂ ਡੀਏਪੀ ਖਾਦ ਹੱਥੋਂ ਹੱਥ ਚੁੱਕ ਲਈ ਸੀ। ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਸਤੰਬਰ ਤੋਂ ਰੇਲ ਮਾਰਗ ਜਾਮ ਕੀਤੇ ਹੋਏ ਹਨ। ਸ਼ੁਰੂਆਤੀ ਦੌਰ ’ਚ ਕੁੱਝ ਯੂਰੀਆ ਖਾਦ ਹਰਿਆਣੇ ਚੋਂ ਆਈ ਸੀ ਪਰ ਬਾਅਦ ’ਚ ਸਖਤੀ ਨੇ ਇਹ ਦਰਵਾਜੇ ਵੀ ਬੰਦ ਕਰ ਦਿੱਤੇ ਹਨ। ਕੋਟਸ਼ਮੀਰ ਦੇ ਕਈ ਕਿਸਾਨਾਂ ਨੇ ਰੋਣਾ ਰੋਇਆ ਕਿ ਉਹ ਪਿਛਲੇ 15 ਦਿਨਾਂ ਤੋਂ ਯੂਰੀਆ ਲਈ ਭਟਕ ਰਹੇ ਹਨ। ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਸੰਕਟ ਦਾ ਫੌਰੀ ਹੱਲ ਕੱਢ ਸਕਦੀ ਹੈ। ਮਹਿਰਾਜ ਦੇ ਕਿਸਾਨ ਬਲਵੰਤ ਸਿੰਘ ਨੇ ਦੱਸਿਆ ਕਿ ਯੂਰੀਆ ਨਾਂ ਪਾਈ ਤਾਂ ਕਣਕ ਦੀ ਫਸਲ ਤੇ ਪਲੱਤਣ ਫਿਰਨ ਦਾ ਖਤਰਾ ਬਣ ਸਕਦਾ ਹੈ।
ਸਹਿਕਾਰੀ ਸਭਾਵਾਂ ਯੂਨੀਅਨ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਹਿਰੀ ਭਾਗੀ ਦਾ ਕਹਿਣਾ ਸੀ ਕਿ ਜੇਕਰ ਬਠਿੰਡਾ ਕਾਰਖਾਨੇ ਤੋਂ ਸਹਿਕਾਰੀ ਸਭਾਵਾਂ ਨੂੰ ਯੂਰੀਆ ਖਾਦ ਸਪਲਾਈ ਕਰ ਦਿੱਤੀ ਜਾਏ ਤਾਂ ਕਣਕ ਦੀ ਫਸਲ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਸਹਿਕਾਰੀ ਸਭਾਵਾਂ ਦੇ ਚੱਕਰ ਮਾਰੇ ਜਾ ਰਹੇ ਹਨ ਪਰ ਸਭਾਵਾਂ ਦੇ ਗੁਦਾਮ ਖਾਲੀ ਪਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਠਿੰਡਾ ’ਚ ਕਾਰਖਾਨਾ ਹੋਣ ਦਾ ਖੇਤੀ ਖੇਤਰ ਨੂੰ ਕੋਈ ਫਾਇਦਾ ਨਹੀਂ ਹੋਇਆ ਹੈ। ਉਹਨਾਂ ਆਖਿਆ ਕਿ ਬਠਿੰਡਾ ਦੇ ਗੁਆਂਢੀ ਜਿਲ੍ਹਿਆਂ ’ਚ ਸੜਕੀ ਰਸਤੇ ਰਾਹੀਂ ਸਪਲਾਈ ਸ਼ੁਰੂ ਕਰ ਦਿੱਤੀ ਜਾਏ ਤਾਂ ਮਸਲਾ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਰਾਮਪੁਰਾ ਦੇ ਇੱਕ ਖਾਦ ਕਾਰੋਬਾਰੀ ਨੇ ਦੱਸਿਆ ਕਿ ਕਿਸਾਨ ਉਹਨਾਂ ਕੋਲ ਪਹੁੰਚ ਕਰ ਰਹੇ ਹਨ ਪਰ ਯੂਰੀਆ ਦੀ ਆਮਦ ਨਾਂ ਹੋਣ ਕਾਰਨ ਅਸਮਰੱਥਾ ਜਤਾਈ ਜਾ ਰਹੀ ਹੈ।
ਉਹਨਾਂ ਆਖਿਆ ਕਿ ਸੰਕਟ ਦੀ ਇਸ ਘੜੀ ’ਚ ਸਰਕਾਰ ਨੂੰ ਟਰਾਂਸਪੋਰਟ ਦਾ ਕੋਈ ਬਦਲ ਲੱਭਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਕਿਸਾਨ ਸਿਫਾਰਸ਼ਾਂ ਕਰਵਾ ਰਹੇ ਹਨ ਅਤੇ ਉਹਨਾਂ ਵੱਲੋਂ ਬੇਵੱਸੀ ਜਤਾਈ ਜਾ ਰਹੀ ਹੈ। ਬਠਿੰਡਾ ਜਿਲੇ ਵਿੱਚ ਤਕਰੀਬਨ 2.55 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਕਾਸ਼ਤ ਦਾ ਅਨੁਮਾਨ ਹੈ ਜਿਸ ਲਈ ਕਰੀਬ 70 ਹਜਾਰ ਟਨ ਖਾਦ ਦੀ ਲੋੜ ਹੈ ਜਦੋਂਕਿ ਪੁੱਜੀ ਉਂਗਲਾਂ ਤੇ ਗਿਣਨ ਜੋਗੀ ਹੈ। ਸਹਿਕਾਰੀ ਸਭਾਵਾਂ ਯੂਨੀਅਨ ਫਿਰੋਜਪੁਰ ਡਵੀਜਨ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਦਾ ਕਹਿਣਾ ਸੀ ਕਿ ਸਹਿਕਾਰੀ ਸਭਾਵਾਂ ਨੂੰ ਲੁੜੀਂਦੀ ਮਾਤਰਾ ’ਚ ਯੂਰੀਆ ਸਪਲਾਈ ਹੋਈ ਹੈ ਅਤੇ ਕਿਸਾਨ ਭਟਕ ਰਹੇ ਹਨ। ਉਹਨਾਂ ਆਖਿਆ ਕਿ ਸਰਕਾਰ ਸੰਕਟ ਨੂੰ ਟਾਲਣ ਲਈ ਐਨ ਐਫ ਐਲ ਬਠਿੰਡਾ ਤੋਂ ਖਾਦ ਸਪਲਾਈ ਕਰਨ ਦੇ ਪ੍ਰਬੰਧ ਕਰੇ।
ਅਫਸਰਾਂ ਨੇ ਫੋਨ ਚੁੱਕਣੇ ਬੰਦ ਕੀਤੇ
ਯੂਰੀਆ ਦੇ ਇਸ ਵੱਡੇ ਸੰਕਟ ਦੌਰਾਨ ਅਫਸਰਾਂ ਨੇ ਮੀਡੀਆ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ। ਇਸ ਪੱਤਰਕਾਰ ਵੱਲੋਂ ਲਗਾਤਾਰ ਦੋ ਦਿਨ ਸੰਪਰਕ ਕਰਨ ਦੇ ਬਾਵਜੂਦ ਜਿਲ੍ਹਾ ਖੇਤੀਬਾੜੀ ਅਫਸਰ ਬਹਾਦਰ ਸਿੰਘ ਨੇ ਫੋਨ ਨਹੀਂ ਚੁੱਕਿਆ। ਓਧਰ ਡਾਇਰੈਕਟਰ ਖੇਤੀਬਾੜੀ ਵਿਭਾਗ ਰਜੇਸ਼ ਵਸ਼ਿਸ਼ਟ ਨੇ ਪਹਿਲਾਂ ਮੀਟਿੰਗ ’ਚ ਰੁੱਝੇ ਹੋਣ ਦੀ ਗੱਲ ਆਖ ਕੇ ਫੋਨ ਕੱਟ ਦਿੱਤਾ ਜਦੋਂਕਿ ਬਾਅਦ ’ਚ ਚੁੱਕਿਆ ਹੀ ਨਹੀਂ।
ਕਿਸਾਨਾਂ ਦੀ ਬਾਂਹ ਮਰੋੜਨ ਦਾ ਯਤਨ:ਮਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰ ਨੂੰ ਕੌਮੀ ਖਾਦ ਕਾਰਖਾਨੇ ਤੋਂ ਸਹਿਕਾਰੀ ਸਭਾਵਾਂ ਤੱਕ ਯੂਰੀਆ ਖਾਦ ਪੁੱਜਦੀ ਕਰਨ ਦੇ ਦੇ ਫੌਰੀ ਪ੍ਰਬੰਧ ਕਰਨੇ ਚਾਹੀਦੇ ਹਨ। ਉਹਨਾਂ ਆਖਿਆ ਕਿ ਸਰਕਾਰਾਂ ਕਿਸਾਨਾਂ ਦੀ ਹਰ ਪੱਖ ਤੋਂ ਬਾਂਹ ਮਰੋੜ ਕੇ ਆਪਣੀਆਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨੀਆਂ ਚਾਹੁੰਦੀਆਂ ਹਨ ਜਿਸ ਦੇ ਸਿੱਟੇ ਵਜੋਂ ਹੀ ਖਾਦ ਸੰਕਟ ਪੈਦਾ ਕੀਤਾ ਗਿਆ ਹੈ।
ਯੂਰੀਆ ਖਾਦ ਦਾ ਉਤਪਾਦਨ ਜਾਰੀ :ਜੀਐਮ
ਨੈਸ਼ਨਲ ਫਰਟੇਲਾਈਜ਼ਰਜ ਬਠਿੰਡਾ ਦੇ ਜਰਨਲ ਮੈਨੇਜਰ ਅਤੁਲ ਜੈਨ ਦਾ ਕਹਿਣਾ ਸੀ ਕਿ ਉਹਨਾਂ ਦੇ ਗੁਦਾਮ ਖਾਦ ਨਾਲ ਭਰੇ ਪਏ ਹਨ ਅਤੇ ਹੁਣ ਤਾਂ ਯੂਰੀਆ ਭੰਡਾਰ ਕਰਨ ਦੀ ਚਿੰਤਾ ਸਤਾ ਰਹੀ ਹੈ। ਉਹਨਾਂ ਆਖਿਆ ਕਿ ਦਿੱਕਤ ਮਾਲ ਗੱਡੀਆਂ ਦੀ ਹੈ ਅਤੇ ਖਾਦ ਸਪਲਾਈ ਲਈ ਟਰੱਕ ਵੀ ਪੂਰੇ ਨਹੀਂ ਮਿਲ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵੇਲੇ ਮਸਾਂ ਸੌ ਟਨ ਯੂਰੀਆ ਹੀ ਸਪਲਾਈ ਕੀਤੀ ਜਾ ਰਹੀ ਹੈ ਜਦੋਂ ਕਿ ਰੋਜਾਨਾਂ ਉਤਪਾਦਨ ਨਿਰਵਿਘਨ ਜਾਰੀ ਹੈ।