ਦਿੱਲੀ ਵੱਲ ਧੂੜਾਂ ਪੱਟਣ ਲਈ ਤਿਆਰ ਸੰਘਰਸ਼ੀ ਧਿਰਾਂ ਦੀਆਂ ਬੱਸਾਂ

Advertisement
Spread information

ਕਿਸਾਨਾਂ ਵੱਲੋਂ 26-27 ਨਵੰਬਰ ਲਈ ਤਿਆਰੀਆਂ ਜੋਰਾਂ ਤੇ,,


ਅਸ਼ੋਕ ਵਰਮਾ ਬਠਿੰਡਾ,12 ਨਵੰਬਰ 2020

                   ਪਿੰਸੀਪਲ ਸੁਰਜੀਤ ਸਿੰਘ ਨੇ ਕਿਸਾਨੀ ਸੰਘਰਸ਼ ਲਈ ਸਕੂਲ ਬੱਸ ਦੀ ਭੇਟਾ ਪਾਈ ਹੈ। ਹੁਣ ਜਦੋਂ ਮੋਦੀ ਸਰਕਾਰ ਨਾਲ ਸਿਰ ਧੜ ਦੀ ਬਾਜੀ ਲੱਗੀ ਹੈ ਤਾਂ ਉਹਨਾਂ ਗੱਜ ਵੱਜ ਕੇ ਕਾਲਜ ਬੱਸ ਕਿਸਾਨਾਂ ਹਵਾਲੇ ਕਰ ਦਿੱਤੀ ਜੋ ਹੁਣ 26- 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰੇਗੀ। ਬਾਬਾ ਕੁੰਦਨ ਸਿੰਘ ਮੰਦਰ ਮੁਹਾਰ ਕਾਲਜ ਦੇ ਚੇਅਰਮੈਨ ਪਿ੍ਰੰਸੀਪਲ ਸੁਰਜੀਤ ਸਿੰਘ ਸਿੱਧੂ ਜੋ ਕਿਸਾਨ ਵੀ ਹਨ ਨੇ ਇਹ ਪਹਿਲਕਦਮੀ ਕੀਤੀ ਹੈ। ਉਹਨਾਂ ਸੰਘਰਸ਼ੀ ਕਿਸਾਨ ਆਗੂਆਂ ਨੂੰ ਦਿੱਲੀ ਜਾਣ ਲਈ ਹੋਰ ਵੀ ਬੱਸਾਂ ਮੁਹੱਈਆ ਕਰਵਾਉਣ ਲਈ ਆਖਿਆ ਹੈ। ਇਸੇ ਤਰਾਂ ਹੀ ਹੇਮਕੁੰਡ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਵੀ ਦਿੱਲੀ ਜਾਣ ਲਈ ਉਹਨਾਂ ਦੇ ਸਕੂਲ ਦੀਆਂ ਬੱਸਾਂ ਭੇਜਣ ਲਈ ਆਖ ਦਿੱਤਾ ਹੈ।
                             ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਬਲਵੰਤ ਸਿੰਘ ਬਹਿਰਾਮ ਕੇ ਦਾ ਕਹਿਣਾ ਸੀ ਕਿ ਬੱਸ ਨੂੰ ਸੰਘਰਸ਼ੀ ਰੰਗ ’ਚ ਰੰਗਦਿਆਂ ਇਸ ਦਾ ਨਾਮ ‘ਪੇਂਡੂ ਕਿਸਾਨ ਜਾਗਰੂਕਤਾ ਬੱਸ’ ਰੱਖਿਆ ਹੈ। ਬੱਸ ਦੇ ਅੱਗਲੇ ਹਿੱਸੇ ਤੇ  ਮੋਦੀ ਸਰਕਾਰ ਖਿਲਾਫ ਨਾਅਰਾ ਲਿਖਿਆ ਹੈ ਤਾਂ ਪਿਛਲੇ ਪਾਸੇ ‘ਅਜੇ ਟਰੇਲਰ ਚੱਲਦਾ 26-27 ਨਵੰਬਰ ਨੂੰ ਫਿਲਮ ਦਿਖਾਵਾਂਗੇ’ ਲਿਖਕੇ ਦਿੱਲੀ ਜਾਣ ਦਾ ਸੱਦਾ ਦਿੱਤਾ ਹੈ। ਇਸ ਵੇਲੇ ਬੱਸ ਪਿੰਡਾਂ ’ਚ ਦਿੱਲੀ ਜਾਣ ਲਈ ਲਾਮਬੰਦੀ ਮੁਹਿੰਮ ਚਲਾ ਰਹੀ ਹੈ। ਇਸੇ ਤਰਾਂ ਹੀ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਕਿਸਾਨ ਧਿਰਾਂ ਨੂੰ 11 ਹਜਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਬੱਸ ਮਾਲਕ  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਹਿਰਾ ਬੇਗਾ ਟੋਲ ਪਲਾਜੇ ਤੇ ਚੱਲ ਰਹੇ ਧਰਨੇ ’ਚ ਸ਼ਾਮਲ ਹੋਏ ਸਨ।
                      ਟਰਾਂਸਪੋਰਟਰਾਂ  ਨੇ ਦਿੱਲੀ ਜਾਣ ਲਈ ਲੋੜ ਅਨੁਸਾਰ ਬੱਸਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਭਾਵੇਂ ਮਾਲੀ ਤੌਰ ਤੇ ਕਿਸਾਨੀ ਘੋਲ ਕਾਫੀ ਮਹਿੰਗੇ ਪੈਣ ਲੱਗੇ ਹਨ ਪਰ ਪੰਜਾਬੀਆਂ ਨੇ ਕਿਸਾਨ ਜੱਥੇਬੰਦੀਆਂ ਨੂੰ ਫੰਡ ਦੇਣ ਵਿੱਚ ਹੱਥ ਖੋਹਲ ਰੱਖਿਆ ਹੈ। ਇਹ ਵਰਤਾਰਾ ਸਿਰਫ ਮਾਲਵੇ ਤੱਕ ਸੀਮਤ ਨਹੀਂ ਬਲਕਿ ਮਾਝੇ ਦੁਆਬੇ ਤੱਕ ਵੀ  ਕਿਸਾਨ ਸੰਘਰਸ਼ ਨੂੰ ਵੱਡੀ ਹਮਾਇਤ ਮਿਲੀ ਹੈ। ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਲਈ  ਜਿੱਥੇ ਗੁਪਤ ਦਾਨ ਦੇਣ ਵਾਲੇ ਪੁਲੀਸ ਮੁਲਾਜ਼ਮ ਹਨ ਤਾਂ ਕਈ  ਸਾਹਮਣੇ ਆਕੇ ਦੇ ਕੇ ਗਏ ਹਨ।  ਇੱਕ ਪੁਲਿਸ ਅਧਿਕਾਰੀ ਨੇ ਵੀ ਗੁਪਤ ਰੂਪ ’ਚ ਸੰਘਰਸ਼ੀ ਚੰਦਾ ਭੇਜਿਆ ਹੈ ਤਾਂ ਕੁੱਝ ਸਿਪਾਹੀ ਲੜਕੀਆਂ ਵੀ ਯੋਗਦਾਨ ਪਾਕੇ ਗਈਆਂ ਹਨ।
                           ਦੂਸਰੇ ਸੂਬਿਆਂ ਦੇ ਟਰੱਕ ਚਾਲਕ ਵੀ ਰਾਤ ਨੂੰ ਗੱਡੀ ਰੋਕ ਦੇ 50 ਰੁਪਏ ਤੋਂ 200 ਰੁਪਏ ਤੱਕ ਦੇ ਜਾਂਦੇ ਹਨ। ਕੌਮੀ ਸੜਕ ਮਾਰਗਾਂ ਤੇ ਚੱਲ ਰਹੇ ਧਰਨਿਆਂ ਨੂੰ ਰਾਹਗੀਰਾਂ ਵੱਲੋਂ ਵੀ ਤਿੱਲ ਫੁੱਲ ਭੇਂਟ ਕੀਤਾ ਜਾ ਰਿਹਾ ਹੈ। ਬੇਸ਼ੱਕ ਇਹ ਫੰਡ ਬਹੁਤਾ ਨਹੀਂ ਹੁੰਦਾ ਹੈ ਪਰ ਥਾਪੜੇ ਦੀ ਕੋਈ ਕਮੀ ਨਹੀਂ ਹੁੰਦੀ ਹੈ। ਮਹੱਤਵਪੂਰਨ ਤੱਥ ਹੈ ਕਿ ਪਿੰਡਾਂ ਚੋਂ ਮੋਰਚਿਆਂ ’ਚ ਰੋਜਾਨਾਂ ਦੁੱਧ ਅਤੇ ਲੰਗਰ ਆ ਰਿਹਾ ਹੈ। ਧਰਨਾਕਾਰੀਆਂ ਲਈ ਕਦੇ ਚਾਵਲਾਂ ਦੇ ਕੜਾਹੇ ਭੇਜੇ ਜਾ ਰਹੇ ਹਨ  ਅਤੇ ਕਦੇ ਬਦਾਣਾ ਵੰਡਿਆ ਜਾ ਰਿਹਾ ਹੈ ਜਦੋਂਕਿ ਕੇਲਿਆਂ ਸਮੇਤ ਹੋਰ ਖਾਣ ਪੀਣ ਵਾਲੀਆਂ ਵਸਤਾਂ ਇਸ ਤੋਂ ਅਲੱਗ ਹਨ।
                                      ਮੋਦੀ ਸਰਕਾਰ ਦੇ ਵਤੀਰੇ ਨੂੰ ਦੇਖਦਿਆਂ ਅਧਿਆਪਕ ਧਿਰਾਂ ਵੀ ਕਿਸਾਨਾਂ ਦੀ ਪਿੱਠ ਤੇ ਆ ਗਈਆਂ ਹਨ। ਡੀਟੀਐਫ ਪੰਜਾਬ ਵੀ ਸਹਾਇਤਾ ਰਾਸ਼ੀ ਵਜੋਂ ਵੱਡਾ ਚੈਕ ਸੌਂਪ ਕੇ ਗਈ ਸੀ । ਪਤਾ ਲੱਗਿਆ ਹੈ ਕਿ ਸ਼ਹਿਰਾਂ ਵਿੱਚੋਂ ਵੀ ਕਾਰੋਬਾਰੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਜੱਥੇਬੰਦੀਆਂ ਨੂੰ ਫੰਡ ਦਿੱਤੇ ਹਨ। ਹਰ ਕਿਸੇ ਦੀ ਦਿਲੀ ਭਾਵਨਾ ਜੁੜੀ ਹੋਣ ਕਰਕੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼  ਵਾਸਤੇ ਪਹਿਲੇ ਦਿਨ ਤੋਂ ਹੀ ਪੂਰੇ ਹੌਂਸਲੇ ਅਤੇ ਜਜਬੇ ਨਾਲ ਸਹਾਇਤਾ ਕੀਤੀ ਜਾ ਰਹੀ ਹੈ।

ਕਿਸਾਨ ਧਿਰਾਂ ਨੂੰ ਦਿਲ ਖੋਹਲ ਕੇ ਮੱਦਦ
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਬਲਵੰਤ ਸਿੰਘ ਬਹਿਰਾਮ ਕੇ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਆਪਣੇ ਸੁਭਾਅ ਮੁਤਾਬਕ  ਹਰ ਤਰਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਉਹਨਾਂ ਆਖਿਆ ਕਿ ਕੇਂਦਰ ਦੇ ਚੀੜ੍ਹੇਪਣ ਖਿਲਾਫ ਇਸ ਵੇਲੇ ਕਿਸਾਨੀ ਰੋਹ ਇਸ ਵੇਲੇ ਉਬਾਲੇ ਮਾਰਨ ਲੱਗਿਆ ਹੈ ਜਿਸ ਦੇ ਸਿਰ ਤੇ ਮੋਦੀ ਸਰਕਾਰ ਦੀ ਅੜੀ ਭੰਨਾਗੇ। ਉਹਨਾਂ ਆਖਿਆ ਕਿ ਭਾਵੇਂ ਮੋਰਚਿਆਂ ਦੌਰਾਨ ਵੱਡਾ ਖਰਚਾ ਹੋ ਰਿਹਾ ਹੈ ਪਰ ਕਿਸਾਨੀ ਮਸਲੇ ਅੱਗੇ ਸਭ ਛੋਟਾ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਕਿਸਾਨ ਪੈਲੀਆਂ ਬਚਾਉਣ ਲਈ ਵਿੱਢੀ ਹੱਕ ਸੱਚ ਦੀ ਲੜਾਈ ਹਰ ਫਰੰਟ ਤੇ ਲੜਨਗੇ।
                     
ਹਰ ਕੋਈ ਸਮਝ ਰਿਹਾ ਆਪਣੀ ਲੜਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਲ੍ਹਾ ਮੋਗਾ ਦੇ ਪ੍ਰਧਾਨ ਸੁੱਖਾ ਸਿੰਘ ਦਾ ਕਹਿਣਾ ਸੀ ਕਿ ਇਹ ਪਹਿਲੀ ਦਫਾ ਹੈ ਕਿ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ ਨੂੰ ਹਰ ਕੋਈ ਆਪਣਾ ਧਰਮ ਸਮਝ ਰਿਹਾ ਹੈ ਅਤੇ ਇਹ ਲੜਾਈ ਹਰ ਘਰ ਵੱਲੋਂ  ਆਪਣੀ ਲੜਾਈ ਸਮਝੀ ਜਾ ਰਹੀ ਹੈ। ਉਹਨਾਂ ਆਖਿਆ ਕਿ ਹੁਣ ਤਾਂ ਕੇਂਦਰ ਸਰਕਾਰ ਨੂੰ ਵੀ ਇਹ ਰਮਜ਼ ਸਮਝ ਲੈਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਬਣਾਕੇ  ਕਿਸਾਨੀ ਅਤੇ ਜਵਾਨੀ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਕਿਹਾ ਕਿ 26-27 ਨਵੰਬਰ ਦੇ ਪ੍ਰੋਗਰਾਮਾਂ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Advertisement
Advertisement
Advertisement
Advertisement
Advertisement
error: Content is protected !!