ਹਰਿੰਦਰ ਨਿੱਕਾ , ਬਰਨਾਲਾ 11 ਨਵੰਬਰ 2020
ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਦੇ ਖਿਲਾਫ 29 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ 42 ਵੇਂ ਦਿਨ ਵੀ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ, ਮਰਦਾਂ ਤੇ ਨੌਜਵਾਨਾਂ ਦੀ ਨੇ ਸ਼ਮੂਲੀਅਤ ਕੀਤੀ । ਭਰਾਤਰੀ ਜਥੇਬੰਦੀਆਂ ਵੀ ਰੋਸ ਧਰਨੇ ‘ਚ ਰੋਜਾਨਾ ਸ਼ਾਮਿਲ ਹੋ ਕੇ ਇਸ ਸਾਂਝੇ ਕਿਸਾਨ ਸੰਘਰਸ਼ ਨੂੰ ਸਮਰਥਨ ਦੇ ਰਹੀਆਂ ਹਨ। ਤਕਰੀਰਾਂ ਅਤੇ ਅਕਾਸ਼ ਗੁੰਜਾਊ ਨਾਹਰਿਆਂ ਦੀ ਰੋਹਲੀ ਗਰਜ ਨੇ ਮੋਦੀ ਹਕੂਮਤ ਲਈ ਵੱਡੀ ਸਿਰਦਰਦੀ ਪੈਦਾ ਕਰ ਰੱਖੀ ਹੈ।
ਮੋਦੀ ਸਰਕਾਰ ਦੀਆਂ ਕਿਸਾਨ/ਲੋਕ ਵਿਰੋਧੀ ਨੀਤੀਆਂ ਦੀ ਚਰਚਾ ਕਰਦਿਆਂ ਬੁਲਾਰਿਆਂ ਕਿ ਗਰੀਬ ਲੋਕਾਂ ਨੂੰ ਜਿੰਦਗੀ ਬਸਰ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਦੋ ਡੰਗ ਦੀ ਰੋਟੀ ਤੋਂ ਵੀ ਕਰੋੜਾਂ ਲੋਕਾਂ ਨੂੰ ਵਾਂਝਿਆਂ ਕਰ ਦਿੱਤਾ ਹੈ। ਜਦ ਕਿ ਚੰਦ ਕੁ ਅਮੀਰ ਘਰਾਣੇ ਮੋਦੀ ਸਰਕਾਰ ਦੀ ਸਿਆਸੀ ਛਤਰਛਾਇਆ ਕਰਕੇ ਉੱਚ ਅਮੀਰ ਘਰਾਣਿਆਂ ਦੀ ਕਤਾਰ’ਚ ਸ਼ਾਮਿਲ ਹੋ ਰਹੇ ਹਨ। ਮੁਲਕ ਅੰਦਰ ਇੱਕ ਪਾਸੇ ਮੁਲਕ ਦੀ 138 ਕਰੋੜ ਵਸੋਂ ਦਾ ਵੱਡਾ ਹਿੱਸਾ ਗਰੀਬੀ, ਕੰਗਾਲੀ ਤੇ ਭੁੱਖਮਰੀ ਦੀ ਜਿੰਦਗੀ ਜਿਉਣ ਲਈ ਮਜਬੂਰ ਹੈ, ਦੂਜੇ ਪਾਸੇ ਇਸੇ ਮੁਲਕ ਵਿੱਚ ਅਰਬਪਤੀਆਂ ਦੀ ਗਿਣਤੀ ਵਧ ਰਹੀ ਹੈ। ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ/ਮਜਦੂਰ ਵਿਰੋਧੀ ਸਾਮਰਾਜੀ ਲੁਟੇਰਿਆਂ ਪੱਖੀ ਆਰਥਿਕ ਸੁਧਾਰਾਂ ਦੀ ਪ੍ਰਕਿ੍ਰਆ ਕਰਕੇ ਸਮਾਜ ਵਿੱਚ ਇਹ ਪਾੜਾ ਲਗਾਤਾਰ ਵਧ ਰਿਹਾ ਹੈ।
ਆਗੂਆਂ ਕਿਹਾ ਕਿ ਵਧ ਰਿਹਾ ਇਹ ਪਾੜਾ ਸਮਾਜ ਵਿੱਚ ਨਵੀਆਂ ਸਮੱਸਿਆਵਾਂ ਨੂੰ ਜਨਮ ਦੇਵੇਗਾ। ਇਸ ਲਈ ਜਰੂਰੀ ਹੈ ਕਿ ਜਥੇਬੰਦ ਹੋਕੇ ਮੋਦੀ ਸਰਕਾਰ ਦੀਆਂ ਕਿਸਾਨ/ ਲੋਕ ਵਿਰੋਧੀ ਨੀਤੀਆਂ ਦਾ ਡਟਕੇ ਮੁਕਾਬਲਾ ਕਰਨ ਦੇ ਰਾਹ ਅੱਗੇ ਵਧਿਆ ਜਾਵੇ। ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਤੋਂ ਪਹਿਲਾਂ ਸੰਜੀਦਾ ਹੋਣ ਦੀ ਗੱਲ ਜੋਰਦਾਰ ਢੰਗ ਨਾਲ ਆਖੀ। ਮੰਗ ਕੀਤੀ ਕਿ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦਿਆਂ ਕਿਸਾਨਾਂ ਵੱਲੋਂ ਰੇਲ ਪਟੜੀਆਂ, ਰੇਲਵੇ ਸਟੇਸ਼ਨ ਖਾਲੀ ਕਰਨ ਦੇ ਬਾਵਜੂਦ ਬਿਨ੍ਹਾਂ ਵਜਾਹ ਰੋਕੀਆਂ ਹੋਈਆਂ ਰੇਲ ਗੱਡੀਆਂ ਫੌਰੀ ਤੌਰ’ਤੇ ਚਾਲੂ ਕੀਤੀਆਂ ਜਾਣ। ਕਿਉਂਕਿ ਪੰਜਾਬ ਅੰਦਰ ਖੇਤੀ ਬਾੜੀ ਲਈ ਖਾਦਾਂ ਨਾਂ ਪਹੁੰਚਣ ਕਾਰਨ ਕਿਸਾਨਾਂ ਨੂੰ ਫਸਲਾਂ ਪਾਲਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨਾਂ ਕਿਹਾ ਕਿ ਕੋਇਲੇ ਦੀ ਸਪਲਾਈ ਨਾਂ ਹੋਣ ਕਾਰਨ ਪ੍ਰਾਈਵੇਟ ਥਰਮਲ ਬੰਦ ਹੋ ਚੁੱਕੇ ਹਨ ਅਤੇ ਚੱਲ ਰਹੇ ਸਰਕਾਰੀ ਥਰਮਲ ਬੰਦ ਹੋਣ ਦੀ ਕਗਾਰ ਤੇ ਹਨ। ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਮੋਜੂਦਾ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ ਮੋਹਣ ਸਿੰਘ ਜੋੜੀ ਵੱਲੋਂ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਥੱਲੇ ਆਕੇ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦੀ ਪ੍ਰਕਿ੍ਰਆ ਦਾ ਜਾਰੀ ਰੂਪ ਹਨ। ਮੋਦੀ ਹਕੂਮਤ ਵੱਲੋਂ ਜਲ, ਜੰਗਲ, ਜਮੀਨ ਸਮੇਤ ਸਮੁੱਚਾ ਕਾਰੋਬਾਰ ਸਾਮਰਾਜੀ ਮੁਲਕਾਂ ਸਮੇਤ ਮੁਲਕ ਦੇ ਚੰਦ ਕੁ ਉੱਚ ਅਮੀਰ ਘਰਾਣਿਆਂ ਅੰਬਾਨੀਆਂ, ਅਡਾਨੀਆਂ, ਮਿੱਤਲਾਂ, ਟਾਟਿਆਂ ਨੂੰ ਕੌਡੀਆਂ ਦੇ ਭਾਅ ਥਾਲੀ’ਚ ਪਰੋਸ ਕੇ ਸੌਂਪਣਾ ਉਸੇ ਨੀਤੀ ਦਾ ਜਾਰੀ ਰੂਪ ਹੈ।
ਵੱਖ-ਵੱਖ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਗਗਨਪ੍ਰੀਤ ਸਿੰਘ ਜੰਗੀਆਣਾ, ਬੀਕੇਯੂ ਕਾਦੀਆਂ ਦੇ ਸਿਕੰਦਰ ਸਿੰਘ, ਸਰਪੰਚ ਗੁਰਚਰਨ ਸਿੰਘ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ , ਉਜਾਗਰ ਸਿੰਘ ਬੀਹਲਾ, ਗੋਰਾ ਸਿੰਘ, ਖੁਸ਼ਮੰਦਰਪਾਲ, ਲੰਗਰ ਕਮੇਟੀ ਦੇ ਕੁਲਵਿੰਦਰ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਪਰਮਜੀਤ ਕੌਰ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਮੁਲਕ ਪੱਧਰ ਦੀਆਂ 500 ਕਿਸਾਨ ਅਤੇ ਸਹਾਇਕ ਕਿੱਤਿਆਂ ਦੀਆਂ ਜਥੇਬੰਦੀਆਂ ਵੱਲੋਂ 26-27 ਨਵੰਬਰ ਦਿੱਲੀ ਇਤਿਹਾਸਕ ਕਿਸਾਨ ਮਾਰਚ ਦੀ ਸਫਲਤਾ ਲਈ ਹੁਣੇ ਤੋਂ ਪਿੰਡਾਂ ਵਿੱਚ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ। ਇਸ ਇਤਿਹਾਸਕ ਮਾਰਚ ਲਈ ਸਭਨਾਂ ਇਨਸਾਫਪਸੰਦ, ਜਨਤਕ ਜਮਹੂਰੀ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਕਰਨ ਦੀ ਅਪੀਲ ਕੀਤੀ ਗਈ।
ਸਾਂਝੇ ਕਿਸਾਨੀ ਸੰਘਰਸ਼ ਵਿੱਚ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋ ਰਹੀਆਂ ਪਿੰਡ ਕਰਮਗੜ੍ਹ ਦੇ ਗਰੀਬ ਕਿਸਾਨ ਪ੍ਰੀਵਾਰਾਂ ਦੀਆਂ ਦੋ ਸਕੂਲੀ ਵਿਦਿਆਰਥਣਾਂ ਗਗਨਦੀਪ ਅਤੇ ਸਾਵਨਪ੍ਰੀਤ ਕੌਰ ਨੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪੰਡਾਲ ਵਿੱਚ ਨਵਾਂ ਜੋਸ਼ ਭਰਿਆ। ਟੌਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ/ਪਟਰੋਲ ਪੰਪ, ਡੀਮਾਰਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨੇ ਉਸੇ ਤਰ੍ਹਾਂ ਜਾਰੀ ਰਹੇ। ਜਿਨ੍ਹਾਂ ਨੂੰ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਮਹਿਲਖੁਰਦ, ਜਗਤਾਰ ਸਿੰਘ ਕਲਾਲਮਾਜਰਾ, ਪਰਮਿੰਦਰ ਸਿੰਘ ਹੰਢਿਆਇਆ, ਸਿਕੰਦਰ ਸਿੰਘ ਭੂਰੇ, ਜਗਤਾਰ ਸਿੰਘ ਮੂੂੰਮ, ਹਰਪ੍ਰੀਤ ਕੌਰ, ਮੇਜਰ ਸਿੰਘ ਸੰਘੇੜਾ, ਗੁਰਮੇਲ ਸ਼ਰਮਾ, ਗਮਦੂਰ ਕੌਰ, ਗੁਰਚਰਨ ਸਿੰਘ ਐਡਵੋਕੇਟ ਅਤੇ ਪਰਮਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਗੁਰਦੇਵ ਸਿੰਘ ਮਾਂਗੇਵਾਲ ਨੇ ਬਾਖੂਬੀ ਨਿਭਾਈ।