ਡੇਂਗੂ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ: ਧਾਲੀਵਾਲ
ਹਰਪ੍ਰੀਤ ਕੌਰ ਸੰਗਰੂਰ, 10 ਨਵੰਬਰ:2020
ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਡੇਂਗੂ ਦੇ ਪ੍ਰਕੋਪ ਨੂੰ ਵੇਖਦੇ ਹੋਏ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਿਹਤ ਵਿਭਾਗ ਸਮੇਤ ਹੋਰਨਾਂ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ।
ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਜਿਲੇ ਦੇ ਸਮੂਹ ਕਾਰਜ ਸ਼ਾਧਕ ਅਫਸਰ ਅਤੇ ਸਿਹਤ ਵਿਭਾਗ ਨੂੰ ਅਰਬਨ ਏਰੀਏ ਵਿਚ ਫੋਗਿੰਗ ਕਰਵਾਉਣ ਦੀ ਹਦਾਇਤ ਕੀਤੀ। ਨਾਲ ਹੀ ਕੋਵਿਡ 19 ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਡੇਂਗੂ ਦੇ ਬਚਾੳ ਸਬੰਧੀ ਹਰ ਸਮੇ ਸੁਚੇਤ ਰਹਿਣ ਲਈ ਕਿਹਾ।
ਉਨਾਂ ਦੱਸਿਆ ਕਿ ਡੇਂਗੂ ਹੋਣ ਦੀ ਪੁਸ਼ਟੀ ਸਬੰਧੀ ਸਰਕਾਰੀ ਮਾਪਦੰਡਾਂ ਅਨੁਸਾਰ ਏਲੀਜ਼ਾ ਟੈਸਟ ਸਿਵਲ ਹਸਪਤਾਲ ਸੰਗਰੂਰ ਵਿਖੇ ਮੁਫਤ ਕੀਤਾ ਜਾਂਦਾ ਹੈ। ਹੁਣ ਤੱਕ ਜਿਲਾ ਸੰਗਰੂਰ ਵਿਖੇ 105 ਡੇਂਗੂ ਦੇ ਪਾਜੇਟਿਵ ਕੇਸ ਹੋ ਚੱਕੇ ਹਨ। ਉਨਾਂ ਕਿਹਾ ਕਿ ਡੇਂਗੂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਇਸ ਸਬੰਧੀ ਬਚਾਅ ਤੋਂ ਜਾਗਰੂਕ ਹੋ ਕੇ ਇਸ ਤੋਂ ਪੂਰੀ ਤਰਾਂ ਬਚਿਆ ਜਾ ਸਕਦਾ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੰੂ ਡੇਂਗੂ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਆਦੇਸ਼ ਜਾਰੀ ਕੀਤੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਉਨਾਂ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਸਬੰਧੀ ਜਿੱਥੇ ਸਿਹਤ ਮੁਲਾਜ਼ਮ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਉੱਥੇ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਅਜਿਹੇ ਕੱਪੜੇ ਪਹਿਨਣ ਜਿਸ ਨਾਲ ਪੈਰ ਅਤੇ ਬਾਂਹਾਂ ਪੂਰੀ ਤਰਾਂ ਢਕੇ ਰਹਿਣ।ਉਨਾਂ ਕਿਹਾ ਕਿ ਸੌਣ ਸਮੇਂ ਮੱਛਰਦਾਨੀ ਜਾਂ ਫਿਰ ਮੱਛਰ ਤੋਂ ਬਚਾਅ ਸਬੰਧੀ ਵਸਤੂਆਂ ਦਾ ਇਸਤੇਮਾਲ ਕੀਤਾ ਜਾਵੇ।
ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ. ਐਸ.ਜੇ. ਸਿੰਘ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਲਾਜ਼ਮੀ ਹੈ ਕਿ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ।
ਉਨਾਂ ਦੱਸਿਆ ਕਿਹਾ ਕਿ ਡੇਂਗੂ ਦਾ ਮੱਛਰ ਖ਼ਾਸ ਕਰ ਸਵੇਰ ਅਤੇ ਸ਼ਾਮ ਵੇਲੇ ਕੱਟਦਾ ਹੈ ਅਤੇ ਇਹ ਮੱਛਰ ਮੁੱਖ ਰੂਪ ਵਿੱਚ ਪੁਰਾਣੇ ਟਾਇਰ, ਕੂਲਰ, ਡਰੰਮ, ਭਾਂਡੇ, ਬਾਲਟੀਆਂ, ਗਮਲੇ, ਫਰਿੱਜ ਦੇ ਥੱਲੇ ਵਾਲੀ ਪਾਣੀ ਦੀ ਟਰੇ, ਟੀਨ, ਬਾਂਸ ਦੇ ਡੁੰਡ, ਆਦਿ ਵਿੱਚ ਜ਼ਿਆਦਾ ਪਨਪਦਾ ਹੈ। ਉਨਾਂ ਦੱਸਿਆ ਇੱਕ ਦਮ ਤੇਜ਼ ਬੁਖਾਰ, ਮੱਥੇ ਵਿੱਚ ਤੇਜ਼ ਦਰਦ, ਅੱਖਾਂ ਪਿੱਛੇ ਦਰਦ ਜੋ ਅੱਖਾਂ ਦੀ ਹਿਲਜੁਲ ਨਾਲ ਵਧਦਾ ਹੈ, ਜੀ ਕੱਚਾ ਹੋਣਾ, ਉਲਟੀਆਂ ਆਉਣੀਆਂ, ਹੱਥਾਂ ਅਤੇ ਪੈਰਾਂ ਤੇ ਲਾਲ ਰੰਗ ਦੇ ਦਾਣੇ ਦਿਖਾਈ ਦੇਣਾ ਆਦਿ ਡੇਂਗੂ ਦੇ ਲੱਛਣ ਹਨ।