ਕਿਸਾਨਾਂ ਅਤੇ ਸਵੈ ਸੇਵੀ ਗਰੁੱਪਾਂ ਨੂੰ ਯੋਜਨਾ ਦਾ ਲਾਹਾ ਲੈਣ ਦਾ ਸੱਦਾ
ਰਘਵੀਰ ਹੈਪੀ ਬਰਨਾਲਾ, 10 ਨਵੰਬਰ 2020
ਪ੍ਰਧਾਨ ਮੰਤਰੀ-ਮਾਈ¬ਕ੍ਰੋ ਫੂਡ ਪ੍ਰੋਸੈਸਿੰਗ ਉਦਯੋਗਾਂ ਦੀ ਵਿਧੀਵਤ ਯੋਜਨਾ (ਪੀਐਮਐਫਐਮਈ ਯੋਜਨਾ) ਅਧੀਨ ਜ਼ਿਲ੍ਹਾ ਬਰਨਾਲਾ ਵਿਚ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਪੋਲਟਰੀ ਤੇ ਮੱਛੀ ਉਤਪਾਦਾਂ ਨੂੰ ਜ਼ਿਲ੍ਹੇ ਵਿਚ ਪ੍ਰਫੁੱਲਿਤ ਕਰਨ ਉਤੇ ਜ਼ੋਰ ਦਿੱਤਾ ਗਿਆ।
ਇਸ ਮੀਟਿੰਗ ਵਿਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਨੁਮਾਇੰਦਿਆਂ ਵੱਲੋਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ, ਜ਼ਿਲ੍ਹਾ ਇੰਡਸਟਰੀ ਚੈਂਬਰ ਆਫ ਕਾਮਰਸ ਦੇ ਨੁਮਾਇੰਦਿਆਂ, ਕਿਸਾਨਾਂ, ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰਾਂ, ਨਾਬਾਰਡ ਅਧਿਕਾਰੀਆਂ ਤੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪੰਜਾਬ ਐਗਰੋ ਦੇ ਜਨਰਲ ਮੈਨੇਜਰ ਰਜਨੀਸ਼ ਤੁਲੀ ਨੇ ਦੱਸਿਆ ਕਿ ਇਹ ਸਕੀਮ ਇਕ ਜ਼ਿਲ੍ਹਾ, ਇਕ ਉਤਪਾਦ ’ਤੇ ਆਧਾਰਿਤ ਹੈ ਤਾਂ ਜੋ ਵੱਡੇ ਪੱਧਰ ’ਤੇ ਕੱਚੇ ਮਾਲ ਦੀ ਖਰੀਦ, ਆਮ ਸੇਵਾਵਾਂ ਤੇ ਉਤਪਾਦਾਂ ਦੇ ਇਕੱਠੇ ਮੰਡੀਕਰਨ ਦਾ ਲਾਭ ਪ੍ਰਾਪਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਰਾਜ ਸਰਕਾਰ ਵੱਲੋਂ ਇਸ ਸਕੀਮ ਅਧੀਨ ਪੋਲਟਰਰੀ, ਮੀਟ ਤੇ ਮੱਛੀ ਉਤਪਾਦਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇਗਾ, ਹਾਲਾਂਕਿ ਇਸ ਤੋਂ ਇਲਾਵਾ ਹੋਰ ਉਤਪਾਦਾਂ ’ਤੇ ਵੀ ਜ਼ੋਰ ਦਿੱਤਾ ਜਾਵੇਗਾ।
ਇਸ ਅਧੀਨ ਲਘੂ ਅਤੇ ਛੋਟੇ ਫੂਡ ਪ੍ਰੋਸੈਸਿੰਗ ਉਦਯੋਗਾਂ ਦਾ ਨਵੀਨੀਕਰਨ, ਐਫਪੀਓਜ਼, ਸਵੈ ਸਹਾਇਤਾ ਸਮੂਹ ਅਤੇ ਸਹਿਕਾਰੀ ਸੰਸਥਾਵਾਂ ਨੂੰ ਸਹਾਇਤਾ, ਸਵੈ ਸਹਾਇਤਾ ਸਮੂਹਾਂ ਨੂੰ ਆਰਥਿਕ ਪੂੰਜੀ, ਆਮ ਬੁਨਿਆਦੀ ਢਾਂਚਾ ਤੇ ਮੰਡੀਕਰਨ ਸਹਾਇਤਾ ਮੁਹੱਈਆ ਕਰਾਈ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਕਿ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਇਸ ਮੌਕੇ ਐਲਡੀਐਮ ਮਹਿੰਦਰਪਾਲ ਗਰਗ, ਨਾਬਾਰਡ ਤੋਂ ਮਾਨਵਬੀਰ ਸਿੰਘ, ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।