ਹਰਿੰਦਰ ਨਿੱਕਾ ਬਰਨਾਲਾ, 10 ਨਵੰਬਰ 2020
15 ਲੱਖ ਰੁਪਏ ਦਾ ਚੈਕ ਬਾਉਂਸ ਹੋਣ ਦੇ ਮਾਮਲੇ ਵਿੱਚੋਂ ਐਡੀਸ਼ਨਲ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਅਮਰਿੰਦਰ ਪਾਲ ਸਿੰਘ ਦੀ ਅਦਾਲਤ ਨੇ ਨਾਮਜ਼ਦ ਦੋਸ਼ੀ ਨੂੰ ਬਾ-ਇੱਜਤ ਬਰੀ ਕਰ ਦਿੱਤਾ। ਦੋਸ਼ ਮੁਕਤ ਹੋਣ ਤੋਂ ਬਾਅਦ ਜਿਲ੍ਹਾ ਅਦਾਲਤ ਕੰਪਲੈਕਸ ਵਿੱਚ ਗੱਲਬਾਤ ਕਰਦਿਆਂ ਬਲਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੈਦ ਪੱਤੀ ਲੌਗੋਵਾਲ ਨੇ ਦੱਸਿਆ ਕਿ ਉਸ ਦੇ ਖਿਲਾਫ ਹਰਬੰਸ ਸਿੰਘ ਢਿਲੋਂ ਵਾਸੀ ਠੀਕਰੀਵਾਲ ਵੱਲੋਂ 15 ਲੱਖ ਰੁਪਏ ਦਾ ਚੈਕ ਬਾਉਂਸ ਹੋਣ ਸਬੰਧੀ 138 ਨੈਗੋਸ਼ੀਏਵਲ ਇੰਨਸਰੂਮੈਂਟ ਐਕਟ ਤਹਿਤ ਦਾ ਕੇਸ ਮਾਨਯੋਗ ਅਦਾਲਤ ਵਿੱਚ ਦਾਇਰ ਕੀਤਾ ਗਿਆ।
ਨਾਮਜ਼ਦ ਦੋਸ਼ੀ ਬਲਜੀਤ ਸਿੰਘ ਨੇ ਆਪਣੇ ਵਕੀਲ ਕੁਲਵੰਤ ਰਾਏ ਗੋਇਲ ਨੂੰ ਦੱਸਿਆ ਕਿ ਹਰਬੰਸ ਸਿੰਘ ਨੇ ਉਸ ਦਾ ਉਕਤ ਚੈਕ ਯੋਗ ਰਾਜ ਪੁੱਤਰ ਕਿਸ਼ੋਰੀ ਲਾਲ ਵਾਸੀ ਬਰਨਾਲਾ ਪਾਸੋਂ ਪੁਲਿਸ ਰਾਹੀਂ ਧੱਕੇ ਅਤੇ ਗੈਰ ਕਾਨੂੰਨੀ ਢੰਗ ਨਾਲ ਲਿਆ ਗਿਆ ਸੀ। ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਐਡਵੋਕੇਟ ਸ੍ਰੀ ਕੁਲਵੰਤ ਰਾਏ ਗੋਇਲ ਨੇ ਸ਼ਕਾਇਤ ਕਰਤਾ ਹਰਬੰਸ ਸਿੰਘ ਦੀ ਗਵਾਹੀ ਸਮੇਂ ਪੁੱਛੇ ਸਵਾਲਾਂ ਦੌਰਾਨ ਸਾਰੀ ਸੱਚਾਈ ਸਾਹਮਣੇ ਲਿਆਦੀ ਤੇ ਯੋਗ ਰਾਜ ਦਾ ਬਿਆਨ ਵੀ ਅਦਾਲਤ ਵਿੱਚ ਕਰਵਾਇਆ ਗਿਆ । ਹਰਬੰਸ ਸਿੰਘ ਮਾਨਯੋਗ ਅਦਾਲਤ ਵਿੱਚ ਨਾ ਤਾਂ ਇਹ ਦੱਸ ਸਕਿਆ ਕਿ ਉਸ ਨੇ ਕਿੰਨ੍ਹੀ ਕਿੰਨ੍ਹੀ ਤਾਰੀਖ ਨੂੰ ਕਿੰਨ੍ਹੇ ਕਿੰਨ੍ਹੇ ਪੈਸੇ ਕਿਸ ਦੇ ਸਾਹਮਣੇ ਦਿੱਤੇ ਅਤੇ ਨਾ ਹੀ ਇਸ ਵਾਰੇ ਉਸ ਦੀ ਕੋਈ ਲਿਖਤ ਪੇਸ਼ ਕਰ ਸਕਿਆ ਤੇ ਨਾ ਹੀ ਉਹ ਇਹ ਦੱਸ ਸਕਿਆ ਕਿ ਉਹ 15 ਲੱਖ ਰੁਪਏ ਕਿਥੋਂ ਲੈ ਕੇ ਆਇਆ।
ਬਚਾਅ ਪੱਖ ਦੇ ਵਕੀਲ ਕੁਲਵੰਤ ਰਾਏ ਗੋਹਿਲ ਨੇ ਬਹਿਸ ਦੌਰਾਨ ਦਲੀਲ ਦਿੱਤੀ ਕਿ ਜਦੋਂ ਹਰਬੰਸ ਸਿੰਘ ਨੇ ਖੁਦ ਹੀ ਮੰਨ ਲਿਆ ਕਿ ਉਸ ਨੇ ਜੋ ਪੈਸੇ ਦਿੱਤੇ ,ਉਸ ਦਾ ਨਾ ਕੋਈ ਗਵਾਹ ਹੈ ਅਤੇ ਨਾ ਹੀ ਕੋਈ ਲਿਖਤ ਹੈ। ਇਸ ਤੋਂ ਇਲਾਵਾ ਯੋਗ ਰਾਜ ਨੇ ਵੀ ਅਦਾਲਤ ਵਿੱਚ ਮੰਨਿਆ ਹੈ ਕਿ ਜਾਹਿਰ ਕਰਦਾ ਚੈਕ ਹਰਬੰਸ ਸਿੰਘ ਨੇ ਪੁਲਿਸ ਰਾਹੀਂ ਬਲਜੀਤ ਸਿੰਘ ਤੋਂ ਧੱਕੇ ਤੇ ਗੈਰ ਕਾਨੂੰਨੀ ਢੰਗ ਨਾਲ ਲਿਆ ਸੀ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਬਲਜੀਤ ਸਿੰਘ ਦੇ ਖਿਲਫ ਚੈਕ ਬਾਊਂਸ ਦਾ ਕੇਸ ਹੀ ਨਹੀਂ ਬਣਦਾ। ਮਾਨਯੋਗ ਅਦਾਲਤ ਨੇ ਐਡਵੋਕੇਟ ਕੁਲਵੰਤ ਰਾਏ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏੇ ਬਲਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜੈਦ ਪੱਤੀ ਲੌਗੋਵਾਲ ਨੂੰ ਚੈਕ ਬਾਊਂਸ ਦੇ ਕੇਸ ਵਿਚੋਂ ਬਾ ਇੱਜਤ ਬਰੀ ਕਰ ਦਿੱਤਾ।