ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਨਿਬੇੜੇ ਦੀ ਅਪੀਲ
ਸੈਲਫ ਹੈਲਪ ਗਰੁੱਪਾਂ ਵੱੱਲੋਂ 11 ਨਵੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਲਾਈਆਂ ਜਾਣਗੀਆਂ ਸਟਾਲਾਂ
ਹਰਿੰਦਰ ਨਿੱਕਾ , ਬਰਨਾਲਾ, 5 ਨਵੰਬਰ 2020
ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਬਦੌਲਤ ਅਸੀਂ ਕਰੋਨਾ ਮਹਾਮਾਰੀ ਨਾਲ ਲੜ ਸਕੇ ਹਾਂ, ਪਰ ਹੁਣ ਤਿਉਹਾਰਾਂ ਦੇ ਮੱਦੇਨਜ਼ਰ ਸਾਨੂੰ ਹੋਰ ਜ਼ਿਆਦਾ ਇਹਤਿਆਤ ਵਰਤਣ ਦੀ ਲੋੜ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਭਾਵੇਂ ਬਰਨਾਲਾ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਕੇਸ ਕਾਫੀ ਘਟ ਗਏ ਹਨ, ਪਰ ਅਜਿਹੇ ਸਮੇਂ ਜ਼ਿਆਦਾ ਪਰਹੇਜ਼ ਵਰਤਣ ਦੀ ਲੋੜ ਹੈ, ਕਿਉਂਕਿ ਕਈ ਸੂਬਿਆਂ ਅਤੇ ਦੇਸ਼ਾਂ ਵਿਚ ਕਰੋਨਾ ਦੇ ਕੇਸ ਮੁੜ ਵਧਦੇ ਜਾ ਰਹੇ ਹਨ। ਇਸ ਲਈ ਅਜਿਹੀ ਸਥਿਤੀ ਨਾ ਉਪਜੇ, ਸਾਨੂੰ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਣ ਦੀ ਲੋੜ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਫਸਲੀ ਰਹਿੰਦ-ਖੂੰਹਦ ਦਾ ਸੁਚੱਜਾ ਨਿਬੇੜਾ ਵੀ ਜ਼ਰੂਰੀ ਹੈ। ਇਸ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਕਿਉਂਕਿ ਇਸ ਨਾਲ ਕਰੋਨਾ ਮਰੀਜ਼ਾਂ ਤੇ ਸਾਹ ਨਾਲ ਸਬੰਧਤ ਬਿਮਾਰੀਆਂ ਦੇ ਮਰੀਜ਼ਾਂ ਨੂੰ ਖਤਰਾ ਵਧ ਜਾਂਦਾ ਹੈ।
ਇਸ ਮੌਕੇ ਸ੍ਰੀ ਫੂਲਕਾ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਦੱੱਸਿਆ ਕਿ 11 ਨਵੰਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਚ ਸੈਲਫ ਹੈਲਪ ਗਰੁੱਪਾਂ ਵੱਲੋਂ ਹੱਥੀਂ ਤਿਆਰ ਸਾਮਾਨ ਦੀਆਂ ਸਟਾਲਾਂ ਲਾਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਸੈਲਫ ਹੈਲਪ ਗਰੁੱਪਾਂ ਦੇ ਸਾਮਾਨ ਦੀ ਖਰੀਦਦਾਰੀ ਕਰਕੇ ਸਥਾਨਕ ਉਤਪਾਦਾਂ ਨੂੰ ਹੁਲਾਰਾ ਦਿੱਤਾ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਤੋਂ ਬਚਾਅ ਲਈ ਲਗਾਤਾਰ ਫੌਗਿੰਗ ਕੀਤੀ ਜਾ ਰਹੀ ਹੈ। ਜਿਹੜੇ ਖੇਤਰਾਂ ਵਿਚ ਪਿਛਲੀ ਵਾਰ ਡੇਂਗੂ ਦੇ ਕੇਸ ਜ਼ਿਆਦਾ ਆਏ ਸਨ ਤਾਂ ਉਨ੍ਹਾਂ ਖੇਤਰਾਂ ਵਿਚ ਲਗਾਤਾਰ ਫੌਗਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਂਗ ਤੋਂ ਬਚਣ ਲਈ ਹਰ ਸ਼ੁੱਕਰਵਾਰ ਡਰਾਈ ਡੇਅ ਮਨਾਇਆ ਜਾਵੇ ਤੇ ਖਾਲੀ ਬਰਤਨਾਂ ਆਦਿ ਵਿਚ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਇਸ ਮੌਕੇ ਡੀਪੀਐਮ ਕੁਲਵੰਤ ਸਿੰਘ ਵੀ ਹਾਜ਼ਰ ਸਨ।