– ਮੰਗ- ਐਸ.ਐਚ.ਉ. ਰੁਪਿੰਦਰ ਪਾਲ ਨੂੰ ਬਦਲੋ, ਨਹੀਂ ਬਦਲਿਆ ਤਾਂ ਧਰਨਾ ਰਹੂ ਜਾਰੀ
– ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਪਹੁੰਚੇ ਡੀਐਸਪੀ ਟਿਵਾਣਾ
ਹਰਿੰਦਰ ਨਿੱਕਾ/ਰਘਬੀਰ ਹੈਪੀ ,ਬਰਨਾਲਾ 31 ਅਕਤੂਬਰ 2020
ਥਾਣਾ ਸਿਟੀ 1 ਬਰਨਾਲਾ ਦੇ ਰਵੱਈਏ ਤੋਂ ਤੰਗ ਲੋਕਾਂ ਨੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਐਮ ਸੀ ਸੁਖਜੀਤ ਕੌਰ ਸੁੱਖੀ ਦੀ ਅਗਵਾਈ ਵਿੱਚ ਥਾਣੇ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਐਸ.ਐਚ.ਉ. ਰੁਪਿੰਦਰ ਪਾਲ ਸਿੰਘ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਕਰਦੇ ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਐਸ ਐਚ ਉ ਨੂੰ ਬਦਲਿਆ ਜਾਵੇ। ਲੋਕਾਂ ਦੇ ਰੋਹ ਨੂੰ ਠੱਲ੍ਹਣ ਲਈ ਡੀਐਸਪੀ ਲਖਵੀਰ ਸਿੰਘ ਟਿਵਾਣਾ ਅਤੇ ਥਾਣਾ ਸਦਰ ਬਰਨਾਲਾ ਦੇ ਐਸ ਐਚ ਉ ਬਲਜੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ। ਇਸ ਮੌਕੇ ਕਾਂਗਰਸੀ ਆਗੂ ਸੁਖਜੀਤ ਸੁੱਖੀ ਨੇ ਕਿਹਾ ਕਿ ਪਿਛਲੇ ਦਿਨੀਂ ਐਸ ਐਚ ਉ ਨੇ ਇੱਕ ਸਬਜੀ ਵੇਚਣ ਵਾਲੇ ਤੋਂ ਐਸ ਐਚ ਉ ਨੇ ਪਰਚਾ ਦਰਜ ਕਰਨ ਦਾ ਭੈਅ ਦੇ ਕੇ ਕਥਿਤ ਤੌਰ ਤੇ ਦੋ ਲੱਖ ਰੁਪਏ ਦੀ ਰਿਸ਼ਵਤ ਮੰਗੀ, ਰਿਸ਼ਵਤ ਦੇਣ ਤੋਂ ਨਾਂਹ ਕਰਨ ਤੇ ਐਸ ਐਚ ਉ ਨੇ ਗਰੀਬ ਮਜਦੂਰ ਵਿਅਕਤੀ ਤੇ ਝੂਠਾ ਕੇਸ ਦਰਜ ਕਰ ਦਿੱਤਾ। ਸੁੱਖੀ ਨੇ ਕਿਹਾ ਕਿ ਅੱਜ ਐਸ ਐਚ.ਉ ਨੇ ਮੇਰੇ ਬੇਕਸੂਰ ਬੇਟੇ ਨੂੰ ਰੋਕ ਕੇ ਕੁੱਟਮਾਰ ਕੀਤੀ ਅਤੇ ਘਰ ਆ ਕੇ ਦੱਸਣ ਦੇ ਬਦਲੇ ਉਸਨੂੰ ਝੂਠਾ ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ। ਕਾਂਗਰਸੀ ਆਗੂ ਨੇ ਇਲਜਾਮ ਲਾਇਆ ਕਿ ਐਸ ਐਚ ਉ ਨੇ ਸ਼ਹਿਰ ਅੰਦਰ ਲੁੱਟ ਮਚਾਈ ਹੋਈ ਹੈ, ਐਸ ਐਚ. ਉ ਦੇ ਜੁਲਮਾਂ ਕਾਰਣ ਸ਼ਹਿਰੀਆਂ ਅੰਦਰ ਸਹਿਮ ਤੇ ਹਾਹਾਕਾਰ ਮੱਚੀ ਪਈ ਹੈ। ਉਨ੍ਹਾਂ ਕਿਹਾ ਕਿ ਐਸ ਐਸ ਪੀ ਸੰਦੀਪ ਗੋਇਲ ਬੜਾ ਵਧੀਆ ਅਫਸਰ ਹੈ,ਪਰ ਐਸ ਐਚ ਉ ਨੇ ਐਸ ਐਸ ਪੀ ਅਤੇ ਕਾਂਗਰਸ ਸਰਕਾਰ ਦੀ ਬਦਨਾਮੀ ਕਰਵਾਈ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਚਿਰ ਐਸ ਐਚ ਉ ਦੀ ਬਦਲੀ ਨਹੀਂ ਹੁੰਦੀ, ਉਨ੍ਹਾਂ ਚਿਰ ਤੱਕ ਥਾਣੇ ਦੇ ਮੂਹਰੇ ਧਰਨਾ ਜਾਰੀ ਰਹੂਗਾ। ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਤੇ ਹੋਰ ਆਗੂਆਂ ਨੇ ਵੀ ਪ੍ਰਦਸ਼ਨਕਾਰੀਆਂ ਦੀ ਮੰਗ ਦਾ ਸਮਰਥਨ ਕੀਤਾ। ਉੱਧਰ ਐਸ ਐਚ ਉ ਰੁਪਿੰਦਰ ਪਾਲ ਸਿੰਘ ਨੇ ਖੁਦ ਤੇ ਲੱਗੇ ਉਕਤ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨਾ ਕਿਸੇ ਖਿਲਾਫ ਕੋਈ ਝੂਠਾ ਕੇਸ ਦਰਜ ਕੀਤਾ ਹੈ ਅਤੇ ਨਾ ਹੀ ਕਿਸੇ ਨੂੰ ਝੂਠਾ ਕੇਸ ਦਰਜ ਕਰਨ ਦਾ ਭੈਅ ਦੇ ਕੇ ਕੋਈ ਰਿਸ਼ਵਤ ਮੰਗੀ ਹੈ,ਕੁਝ ਲੋਕ ਉਸਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਹੇ ਹਨ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਯੋਗ ਸਮੱਸਿਆ ਦਾ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਐਸ ਐਚ ਉ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵੀ ਜਾਂਚ ਕਰਨਗੇ, ਦੋਸ਼ ਸਹੀ ਸਾਬਿਤ ਹੋਏ ਤਾਂ ਆਪਣੀ ਰਿਪੋਰਟ ਉਚਿਤ ਕਾਰਵਾਈ ਲਈ ਐਸ ਐਸ ਪੀ ਨੂੰ ਭੇਜਣਗੇ।