ਮੀਡੀਆ ਸਾਹਮਣੇ ਠੇਕੇਦਾਰਾਂ ਨੇ ਖੋਲ੍ਹੀ ਅਧਿਕਾਰੀਆਂ ਦੀ ਪੋਲ, ਕਾਰਵਾਈ ਦੀ ਕੀਤੀ ਮੰਗ, ਕਿਹਾ ,ਕਾਰਵਾਈ ਨਾ ਹੋਈ, ਫਿਰ ਕਰਾਂਗੇ ਭੁੱਖ ਹੜਤਾਲ
ਕਿਰਤ ਉਸਾਰੀ ਸਭਾਵਾਂ ਦੇ ਹੱਕ ਚ, ਗੁਰਜ ਲੈ ਕੇ ਉਤਰਿਆ ਮਹੇਸ਼ ਲੋਟਾ
ਹਰਿੰਦਰ ਨਿੱਕਾ ਬਰਨਾਲਾ 24 ਅਗਸਤ 2020
ਜਿਲ੍ਹੇ ਦੀਆਂ ਦੋ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ਦੁਆਰਾ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਲਈ ਟੈਂਡਰ ਲਾਉਣ ਸਮੇਂ ਕੌਂਸਲ ਅਧਿਕਾਰੀਆਂ ਵੱਲੋਂ ਕਥਿਤ ਤੌਰ ਤੇ ਸਾਰੇ ਨਿਯਮ ਤੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਆਪਣੇ ਚਹੇਤਿਆਂ ਨੂੰ ਫਾਇਦਾ ਅਤੇ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਖਿਲਾਫ ਹੁਣ ,,, ਦੀ ਬਰਨਾਲਾ ਜਿਲ੍ਹਾ ਸਹਿਕਾਰੀ ਕਿਰਤ ਅਤੇ ਉਸਾਰੀ ਸੰਘ ਲਿਮਟਿਡ ਬਰਨਾਲਾ,, ਨੇ ਹੱਲਾ ਬੋਲ ਦਿੱਤਾ ਹੈ। ਸੰਘ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਜੋਤੀ , ਵਿੱਕੀ ਹਮੀਦੀ ਅਤੇ ਬੀਰਬਲ ਦਾਸ ਆਦਿ ਨੇ ਸੋਮਵਾਰ ਨੂੰ ਮੀਡੀਆ ਸਾਹਮਣੇ ਨਗਰ ਕੌਂਸਲ ਦੇ ਫੰਡਾਂ ਚ, ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੇ ਕਰੋੜਾਂ ਰੁਪਏ ਦੇ ਘਪਲਿਆਂ ਦੇ ਦਸਤਾਵੇਜੀ ਸਬੂਤ ਪੇਸ਼ ਕਰਦਿਆਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਨਿਯਮਾਂ ਤੋਂ ਉਲਟ ਅਲਾਟ ਕੀਤੇ ਟੈਂਡਰਾਂ ਨੂੰ ਕੈਂਸਲ ਕਰਨ ਅਤੇ ਤੁਰੰਤ ਕੰਮਾਂ ਦੇ ਰੋਕ ਲਾਉਣ ਦੀ ਮੰਗ ਕੀਤੀ।
2/3 % ਲੈਸ ਤੇ ਦਿੱਤੇ ਕੰਮ , ਅਸੀਂ 20 % ਲੈਸ ਤੇ ਕਰਨ ਨੂੰ ਤਿਆਰ- ਸੰਘ
, ਦੀ ਬਰਨਾਲਾ ਜਿਲ੍ਹਾ ਸਹਿਕਾਰੀ ਕਿਰਤ ਅਤੇ ਉਸਾਰੀ ਸੰਘ ਲਿਮਟਿਡ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਜੋਤੀ , ਵਿੱਕੀ ਹਮੀਦੀ , ਬੀਰਬਲ ਦਾਸ,ਸਰਿੰਦਰ ਕੁਮਾਰ, ਵਜੀਰ ਖਾਨ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ,ਗੁਰਬਿੰਦਰ ਸਿੰਘ, ਮੇਜਰ ਸਿੰਘ ਅਤੇ ਨਵਦੀਪ ਸਿੰਘ ਆਦਿ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੇ ਈਉ ਕੋਲ ਹੀ ਨਗਰ ਕੌਂਸਲ ਧਨੌਲਾ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਵਾਧੂ ਚਾਰਜ਼ ਵੀ ਹੈ। ਉਨਾਂ ਦੱਸਿਆ ਕਿ 17 ਜੁਲਾਈ ਨੂੰ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦੇ ਟੈਂਡਰ ਮੰਗੇ ਗਏ ਸਨ। ਇਨਾਂ ਟੈਂਡਰਾਂ ਚ, ਉਕਤ ਬਰਨਾਲਾ, ਧਨੌਲਾ ਅਤੇ ਹੰਡਿਆਇਆ ਕਮੇਟੀਆਂ ਵੱਲੋਂ 44 ਤੇ 45 ਨੰਬਰ ਬੇਲੋੜੀਆਂ ਸ਼ਰਤਾਂ ਦਰਜ਼ ਕਰ ਦਿੱਤੀਆਂ। ਜਿਹੜੀਆਂ ਹੋਰਨਾਂ ਉਨਾਂ ਨਗਰ ਕੌਂਸਲਾਂ ਦੇ ਟੈਂਡਰਾਂ ਚ, ਸ਼ਾਮਿਲ ਨਹੀਂ ਸਨ, ਜਿੰਨਾਂ ਦੇ ਵਾਧੂ ਚਾਰਜ ਵੀ ਬਰਨਾਲਾ ਦੇ ਤਤਕਾਲੀ ਏ.ਐਮ.ਈ. ਦੋ ਕੋਲ ਹੀ ਸੀ। ਉਨਾਂ ਦੋਸ਼ ਲਾਇਆ ਕਿ ਅਜਿਹਾ ਸਭ ਕੁਝ ਕੌਂਸਲ ਅਧਿਕਾਰੀਆਂ ਨੇ ਆਪਣੇ ਚਹੇਤਿਆਂ ਨੂੰ ਲਾਭ ਅਤੇ ਖੁਦ ਦੀਆਂ ਜੇਬਾਂ ਭਰਨ ਲਈ ਜਾਣਬੁੱਝ ਕੇ ਕੀਤਾ ਗਿਆ। ਇੱਕੋ ਹੀ ਅਧਿਕਾਰੀ ਵੱਖ ਵੱਖ ਨਿਯਮ ਕਿਸ ਤਰਾਂ ਲਾਗੂ ਕਰ ਸਕਦਾ ਹੈ। ਉਨਾਂ ਕਿਹਾ ਕਿ ਜਿਹੜੇ ਕੰਮ ਉਕਤ ਕਮੇਟੀਆਂ ਨੇ 2/3 % ਲੈਸ ਤੇ ਅਲਾਟ ਕੀਤੇ ਹਨ। ਉਹ ਕੰਮ ਹੁਣ ਵੀ ਅਸੀ 15/20 % ਲੈਸ ਤੇ ਕਰਨ ਲਈ ਤਿਆਰ ਹਾਂ। ਜਿਸ ਨਾਲ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦਾ ਫਾਇਦਾ ਹੋਵੇਗਾ।
ਸ਼ਕਾਇਤਾਂ ਦਿੱਤੀਆ, ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ,
ਕਿਰਤ ਉਸਾਰੀ ਸੰਘ ਦੇ ਆਗੂਆਂ ਨੇ ਦੱਸਿਆ ਕਿ ਸੰਘ ਵੱਲੋਂ ਟੈਂਡਰਾਂ ਚ, ਬੇਲੋੜੀਆਂ ਸ਼ਰਤਾਂ ਹਟਾਉਣ ਲਈ ਕਾਰਜ ਸਾਧਕ ਅਫਸਰ, ਐਸ.ਡੀ.ਐਮ. ਅਤੇ ਫਿਰ ਡੀਸੀ ਤੇ ਹੋਰ ਅਧਿਕਾਰੀਆਂ ਨੂੰ ਵੀ ਲਿਖਤ ਸ਼ਕਾਇਤਾਂ ਦਿੱਤੀਆਂ। ਪਰੰਤੂ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਉਨਾਂ ਦੀ ਕੋਈ ਗੱਲ ਹੀ ਨਹੀਂ ਸੁਣੀ। ਉਨਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ 1 ਹਫਤੇ ਦੇ ਅੰਦਰ ਅੰਦਰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਟੈਂਡਰ ਰੱਦ ਕਰਕੇ ਕੰਮ ਨਹੀਂ ਰੋਕੇ ਤਾਂ ਉਹ ਨਗਰ ਕੌਂਸਲ ਦਫਤਰ ਦੇ ਬਾਹਰ ਭੁੱਖ ਹੜਤਾਲ ਕਰਨ ਨੂੰ ਮਜਬੂਰ ਹੋਣਗੇ। ਤਾਂਕਿ ਨਗਰ ਕੌਂਸਲ ਫੰਡਾਂ ਚ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਨੂੰ ਲੋਕਾਂ ਦੀ ਕਚਿਹਰੀ ਚ, ਬੇਨਕਾਬ ਕੀਤਾ ਜਾ ਸਕੇ। ਉਨਾਂ ਕਿਹਾ ਕਿ ਅਸੀਂ ਹੁਣ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਜਿਹੜੀ ਇੱਕ ਪਾਸਾ ਹੋਣ ਤੱਕ ਜਾਰੀ ਰੱਖਾਂਗੇ। ਇਸ ਮੌਕੇ ਕਿਰਤ ਉਸਾਰੀ ਸੰਘ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕੌਂਸਲ ਅਧਿਕਾਰੀਆਂ ਖਿਲਾਫ ਨਾਰੇਬਾਜੀ ਕਰਕੇ ਰੋਸ ਵੀ ਪ੍ਰਗਟ ਕੀਤਾ।
ਕੰਮ ਲੈਣ ਲਈ ਲਾਇਆ ,ਕੰਮ ਦੀ ਸਮਰੱਥਾ ਦਾ ਜਾਲ੍ਹੀ ਸਰਟੀਫਿਕੇਟ
ਕਿਰਤ ਉਸਾਰੀ ਸੰਘ ਦੇ ਆਗੂਆਂ ਨੇ ਮੀਡੀਆ ਸਾਹਮਣੇ ਆਰ.ਐਸ. ਸਹਿਕਾਰੀ ਕਿਰਤ ਤੇ ਉਸਾਰੀ ਸਭਾ ਲਿਮਟਿਡ ਬਠਿੰਡਾ ਵੱਲੋਂ ਟੈਂਡਰ ਅਲਾਟ ਕਰਵਾਉਣ ਲਈ ਪੇਸ਼ ਕੀਤਾ ਕੰਮ ਦੀ ਸਮਰੱਥਾ ਸਬੰਧੀ ਸਰਟੀਫਿਕੇਟ ਵੀ ਦਿਖਾਇਆ। ਜਿਹੜਾ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ ਹੈ। ਜਿਸ ਚ, ਸਭਾ ਦੀ ਕੰਮ ਦੀ ਸਮਰੱਥਾ 250 ਲੱਖ ਰੁਪਏ ਹੋਣ ਬਾਰੇ ਦਰਜ਼ ਹੈ। ਪਰੰਤੂ ਜਦੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਵੱਲੋਂ ਇਸ ਦੀ ਤਸਦੀਕ ਕੀਤੀ ਗਈ ਤਾਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਬਠਿੰਡਾ ਨੇ ਲਿਖਤੀ ਪੱਤਰ ਰਾਹੀਂ ਦੱਸਿਆ ਕਿ ਉਨਾਂ ਜਾਂ ਉਨਾਂ ਦੇ ਦਫਤਰ ਵੱਲੋਂ ਉਕਤ ਕੋਈ ਪੱਤਰ ਜਾਰੀ ਹੀ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਆਰ.ਐਸ. ਸਹਿਕਾਰੀ ਕਿਰਤ ਤੇ ਉਸਾਰੀ ਸਭਾ ਲਿਮਟਿਡ ਬਠਿੰਡਾ ਨੇ ਇਸ ਜਾਲੀ ਫਰਜੀ ਸਰਟੀਫਿਕੇਟ ਦੇ ਅਧਾਰ ਤੇ ਕੰਮ ਅਲਾਟ ਕਰਵਾ ਲਏ ਹਨ। ਕੌਂਸਲ ਅਧਿਕਾਰੀਆਂ ਨੇ ਵੀ ਕਰੋੜਾਂ ਰੁਪਏ ਦੇ ਟੈਂਡਰ ਅਲਾਟ ਕਰਨ ਸਮੇਂ ਇਸ ਦੀ ਤਸਦੀਕ ਕਰਨਾ ਜਰੂਰੀ ਨਹੀਂ ਸਮਝਿਆ। ਜਿਹੜਾ ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ ਦਾ ਪ੍ਰਤੱਖ ਸਬੂਤ ਹੈ।
ਲੋਕਲ ਕਿਰਤ ਤੇ ਉਸਾਰੀ ਸਭਾਵਾਂ ਨੂੰ ਕੀਤਾ ਵਿਹਲੇ
ਸੰਘ ਦੇ ਆਗੂਆਂ ਨੇ ਕਿਹਾ ਕਿ ਕੌਂਸਲ ਅਧਿਕਾਰੀਆਂ ਨੇ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਲਈ ਹਰ ਹੀਲਾ ਹਰਬਾ ਵਰਤ ਕੇ ਬਰਨਾਲਾ ਜਿਲ੍ਹੇ ਦੀਆਂ 31 ਕਿਰਤ ਤੇ ਉਸਾਰੀ ਸਭਾਵਾਂ ਨਾਲ ਜੁੜੇ ਠੇਕੇਦਾਰਾਂ ਨੂੰ ਕੰਮ ਤੋਂ ਵਿਹਲੇ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇੱਨਾਂ ਸਭਾਵਾਂ ਨਾਲ ਹੋਰ ਵੀ 500/600 ਮੈਂਬਰ ਸਿੱਧੇ ਤੌਰ ਤੇ ਜੁੜੇ ਹੋਏ ਹਨ ਅਤੇ ਇਲਾਕੇ ਦੇ ਮਿਸਤਰੀ ਦੇ ਮਜਦੂਰ ਵੀ ਬੇਰੁਜਗਾਰ ਹੋ ਗਏ ਹਨ।
3 ਸਭਾਵਾਂ ਚ, ਬਦਲ ਬਦਲ ਕੇ ਉਹੀ ਮੈਂਬਰ ਤੇ ਅਹੁਦੇਦਾਰ
ਸੰਘ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਸਹਿਕਾਰੀ ਕਿਰਤ ਅਤੇ ਉਸਾਰੀ ਸਭਾਵਾਂ ਦੇ ਨਿਯਮਾਂ ਅਨੁਸਾਰ ਇੱਕ ਵਿਅਕਤੀ , ਇੱਕ ਤੋਂ ਜਿਆਦਾ ਸਭਾਵਾਂ ਦਾ ਮੈਂਬਰ ਨਹੀਂ ਬਣ ਸਕਦਾ। ਪਰੰਤੂ ਦੀ ਪੂਹਲਾ, ਦੀ ਤੁੰਗਵਾਲੀ ਅਤੇ ਦੀ ਗਣੇਸ਼ ਸਹਿਕਾਰੀ ਕਿਰਤ ਅਤੇ ਉਸਾਰੀ ਸਭਾਵਾਂ ਦੇ ਮੈਂਬਰ ਇੱਕ ਦੂਸਰੀ ਸੋਸਾਇਟੀ ਦੇ ਵੀ ਮੈਂਬਰ ਹਨ। ਕੋਈ ਮੈਂਬਰ ਇੱਕ ਸੋਸਾਇਟੀ ਦਾ ਅਹੁਦੇਦਾਰ ਹੈ ਤੇ ਦੂਸਰੀ ਸੋਸਾਇਟੀ ਦਾ ਮੈਂਬਰ ਵੀ ਹੈ। ਉਨਾਂ ਕਿਹਾ ਕਿ ਜੇਕਰ ਇੱਨਾਂ ਸੋਸਾਇਟੀਜ ਦੀ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੇ ਸਕੈਂਡਲ ਬੇਨਕਾਬ ਹੋ ਸਕਦਾ ਹੈ।
ਕੌਂਸਲ ਦੇ ਘਾਗ ਮੈਂਬਰ ਲੋਟਾ ਨੇ ਮਾਰੀ ਬੜ੍ਹਕ
ਨਗਰ ਕੌਂਸਲ ਬਰਨਾਲਾ ਦੇ ਸਭ ਤੋਂ ਜਿਆਦਾ ਵਾਰ ਲਗਾਤਾਰ ਮੈਂਬਰ ਹੋਣ ਦਾ ਮਾਣ ਹਾਸਿਲ ਕਰ ਚੁੱਕੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਵੀ ਵੱਖਰੇ ਤੌਰ ਦੇ ਪ੍ਰੈਸ ਕਾਨਫਰੰਸ ਕਰਕੇ ,, ਦੀ ਬਰਨਾਲਾ ਜਿਲ੍ਹਾ ਸਹਿਕਾਰੀ ਕਿਰਤ ਅਤੇ ਉਸਾਰੀ ਸੰਘ ਲਿਮਟਿਡ ਬਰਨਾਲਾ ਦੇ ਆਗੂਆਂ ਦੀ ਮੰਗ ਦਾ ਸਮੱਰਥਨ ਕੀਤਾ ਹੈ। ਲੋਟਾ ਨੇ ਕਿਹਾ ਕਿ ਸੰਘ ਦੇ ਆਗੂਆਂ ਦੀ ਜਾਇਜ ਦੇ ਕਾਨੂੰਨੀ ਮੰਗ ਲਈ ਉਹ ਜਿਲ੍ਹੇ ਦੀ ਸਭਾਵਾਂ ਦੇ ਮੋਢੇ ਨਾਲ ਮੇਢਾ ਲਾ ਕੇ ਚੱਟਾਨ ਵਾਂਗ ਖੜ੍ਹੇ ਹਨ। ਉਨਾਂ ਇੱਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੁਆਰਾ ਲੋਕਾਂ ਦੇ ਟੈਕਸਾਂ ਤੋਂ ਇਕੱਠੇ ਹੋਏ ਕਰੋੜਾਂ ਰੁਪਏ ਦਾ ਫੰਡਾਂ ਦੀ ਲੁੱਟ ਦਾ ਭਾਂਡਾ ਉਹ ਚੁਰਾਹੇ ਭੰਨਣ ਲਈ ਤਿਆਰ ਬਰਤਿਆਰ ਹਨ। ਸ਼ਹਿਰ ਦੇ ਲੋਕਾਂ ਦੀਆਂ ਬਕਾਇਦਾ ਕਮੇਟੀਆਂ ਬਣਾ ਕੇ ਉਹ ਵਿਕਾਸ ਕੰਮਾਂ ਚ, ਹੋ ਰਹੀਆਂ ਗੜਬੜੀਆਂ ਬਾਰੇ ਲੋਕਾਂ ਨੂੰ ਚੇਤਨ ਕਰਨ ਦਾ ਕੰਮ ਛੇਤੀ ਹੀ ਸ਼ੁਰੂ ਕਰ ਰਹੇ ਹਨ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਨਗਰ ਕੌਂਸਲ ਦੇ ਫੰਡਾਂ ਚ, ਘੁਟਾਲਿਆਂ ਨੂੰ ਬੇਨਕਾਬ ਕਰਨ ਲਈ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਘਰਾਂ ਤੋਂ ਬਾਹਰ ਆਉਣ ਤਾਂਕਿ ਘਪਲੇਬਾਜਾਂ ਨੂੰ ਲੋਕਾਂ ਦੀ ਕਚਿਹਰੀ ਚ, ਘਸੀਟ ਕੇ ਸਖਤ ਸਜਾਵਾਂ ਦੇਣ ਦੇ ਰਾਹ ਤੋਰਿਆ ਜਾ ਸਕੇ। ਉੱਧਰ ਨਗਰ ਕੌਂਸਲ ਦੇ ਈ.ਉ. ਮਨਪ੍ਰੀਤ ਸਿੰਘ ਨੇ ਕਿਹਾ ਕਿ ਕੌਂਸਲ ਵੱਲੋਂ ਕੁਝ ਵੀ ਨਿਯਮਾਂ ਖਿਲਾਫ ਨਹੀਂ ਕੀਤਾ ਗਿਆ। ਕੁਝ ਲੋਕ ਬਿਨਾਂ ਵਜ੍ਹਾ ਉਨਾਂ ਅਤੇ ਨਗਰ ਕੌਂਸਲ ਦੇ ਅਕਸ ਨੂੰ ਢਾਹ ਲਾ ਰਹੇ ਹਨ। ਪਰੰਤੂ ਉਹ ਕਿਸੇ ਵੀ ਪੱਧਰ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਸ਼ਕਾਇਤ ਮਿਲ ਗਈ, ਸਰਟੀਫਿਕੇਟ ਜਾਲ੍ਹੀ ਨਿੱਕਲਿਆ ਤਾਂ ਕਰਾਵਾਂਗੇ ਕੇਸ ਦਰਜ- ਈਉ ਮਨਪ੍ਰੀਤ ਸਿੰਘ
ਨਗਰ ਕੌਂਸਲ ਬਰਨਾਲਾ, ਧਨੌਲਾ ਅਤੇ ਹੰਡਿਆਇਆ ਦੇ ਈਉ ਮਨਪ੍ਰੀਤ ਸਿੰਘ ਨੇ ਆਰ.ਐਸ. ਸੁਸਾਇਟੀ ਵੱਲੋਂ ਪੇਸ਼ ਸਮਰੱਥਾ ਸਰਟੀਫਿਕੇਟ ਦੇ ਜਾਲੀ ਹੋਣ ਬਾਰੇ ਪੁੱਛੇ ਸਵਾਲ ਦੇ ਜੁਆਬ ਚ, ਦੋ ਟੁੱਕ ਕਿਹਾ ਕਿ ਪਹਿਲਾਂ ਕੌਂਸਲ ਕਰਮਚਾਰੀਆਂ ਨੇ ਗੁੱਡ ਫੇਥ ਕਾਰਣ ਸਰਟੀਫਿਕੇਟ ਤੇ ਯਕੀਨ ਕਰ ਲਿਆ। ਪਰੰਤੂ ਹੁਣ ਸ਼ਕਾਇਤ ਮਿਲਣ ਤੋਂ ਬਾਅਦ ਇਹ ਮਾਮਲਾ ਉਨਾਂ ਦੇ ਧਿਆਨ ਚ, ਲਿਆਂਦਾ ਗਿਆ ਹੈ। ਜੇਕਰ ਇਹ ਜਾਲ੍ਹੀ ਨਿੱਕਲਿਆ ਤਾਂ ਉਹ ਖੁਦ ਸਬੰਧਿਤ ਸੁਸਾਇਟੀ ਵਾਲਿਆਂ ਖਿਲਾਫ ਜਾਲੀ ਫਰਜੀ ਦਸਤਾਵੇਜ ਤਿਆਰ ਕਰਨ ਦਾ ਅਪਰਾਧਿਕ ਕੇਸ ਦਰਜ਼ ਕਰਵਾਉਣਗੇ। ਉਨਾਂ ਕੁਝ ਸੁਸਾਇਟੀਆਂ ਦੇ ਮੈਂਬਰ ਅਤੇ ਅਹੁਦੇਦਾਰਾਂ ਦੇ ਇੱਕ ਤੋਂ ਵੱਧ ਸੁਸਾਇਟੀਜ ਚ ਸ਼ਾਮਿਲ ਹੋਣ ਨੂੰ ਵੀ ਕਾਫੀ ਗੰਭੀਰਤਾ ਨਾਲ ਲੈਂਦਿਆ ਕਿਹਾ ਕਿ ਅਜਿਹਾ ਨਿਯਮਾਂ ਤੇ ਕਾਨੂੰਨ ਅਨੁਸਾਰ ਠੀਕ ਨਹੀ। ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਉਹ ਕਾਨੂੰਨੀ ਕਾਰਵਾਈ ਕਰਵਾਉਣ ਚ, ਕੋਈ ਢਿੱਲ ਨਹੀਂ ਕਰਨਗੇ।