ਸ਼ਰਾਬ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੀ ਕਹਾਣੀ, ਜਿਲ੍ਹਾ ਪੁਲਿਸ ਮੁਖੀ ਵੱਲੋਂ ਪੇਸ਼ ਕੀਤੇ ਤੱਥਾਂ ਦੀ ਹੀ ਜੁਬਾਨੀ
137 ਦਿਨ , ਪੁਲਿਸ ਥਾਣੇ- 11 , ਕੇਸ ਦਰਜ਼ 117 ਦੋਸ਼ੀ ਕਾਬੂ ਕੀਤੇ 118
ਜਿਲ੍ਹੇ ਚ, ਔਸਤ ਹਰ ਦਿਨ ਨਾ 1 ਕੇਸ ਦਰਜ਼ ਹੋਇਆ, ਨਾ ਫੜ੍ਹਿਆ 1 ਦੋਸ਼ੀ
ਜੇਕਰ 11 ਥਾਣਿਆਂ ਦੀ ਪੁਲਿਸ ਹਰ ਦਿਨ 1 ਕੇਸ ਦਰਜ਼ ਕਰਕੇ 1 ਦੋਸ਼ੀ ਨੂੰ ਹੀ ਫੜ੍ਹਦੀ ਤਾਂ ਵੀ 137 ਦਿਨਾਂ ਚ, 1507 ਦੋਸ਼ੀ ਪੁਲਿਸ ਦੇ ਸ਼ਿਕੰਜੇ ਚ, ਫਸੇ ਹੁੰਦੇ,,,,
2573 ਲਿਟਰ ਲਾਹਨ ,148 ਲੀਟਰ ਨਾਜਾਇਜ਼ ਸ਼ਰਾਬ ਹੋਈ ਬਰਾਮਦ: ਐਸਐਸਪੀ ਗੋਇਲ
ਹਰਿੰਦਰ ਨਿੱਕਾ ਬਰਨਾਲਾ, 9 ਅਗਸਤ 2020
ਪੰਜਾਬ ਸਰਕਾਰ ਵੱਲੋਂ ਨਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਵਿੱਢੀ ਮੁਹਿੰਮ ,ਬਰਨਾਲਾ ਜਿਲ੍ਹੇ ਅੰਦਰ ਹੁਣ ਤੱਕ ਫਲਾਪ ਸ਼ੋਅ ਹੀ ਸਾਬਿਤ ਹੋਈ ਹੈ। ਇਹ ਗੱਲ ਕੋਈ ਹੋਰ ਨਹੀਂ ਕਹਿ ਰਿਹਾ, ਬਲਕਿ ਖੁਦ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਵੱਲੋਂ ਜਿਲਾ ਪੁਲਿਸ ਦੁਆਰਾ ਨਜਾਇਜ ਸ਼ਰਾਬ ਦੀ ਵਿਕਰੀ ਰੋਕਣ ਲਈ 22 ਮਾਰਚ ਤੋਂ ਲੈ ਕੇ 5 ਅਗਸਤ ਤੱਕ ਕੀਤੀ ਗਈ ਕਾਰਵਾਈ ਦੇ ਮੀਡੀਆ ਅੱਗੇ ਪੇਸ਼ ਕੀਤੇ ਅੰਕੜੇ ਖੁਦ ਹੀ ਬੋਲਦੇ ਹਨ। ਜਿਲ੍ਹੇ ਅੰਦਰ ਕੁੱਲ 11 ਥਾਣੇ ਹਨ, 11 ਥਾਣਿਆਂ ਦੀ ਪੁਲਿਸ ਨੇ 137 ਦਿਨਾਂ ਵਿੱਚ ਕੁੱਲ 117 ਕੇਸ ਦਰਜ਼ ਕਰਕੇ 118 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਯਾਨੀ ਅੰਕੜਾ ਖੁਦ ਹੀ ਬੋਲਦਾ ਹੈ 11 ਥਾਣਿਆਂ ਚ, ਨਜਾਇਜ ਸ਼ਰਾਬ ਵੇਚਣ ਵਾਲਿਆਂ ਖਿਲਾਫ ਔਸਤਨ ਇੱਕ ਦਿਨ ਚ, 1 ਕੇਸ ਵੀ ਦਰਜ਼ ਨਹੀਂ ਹੋਇਆ ਅਤੇ ਨਾ ਹੀ ਹਰ ਦਿਨ 11 ਥਾਣਿਆਂ ਦੀ ਪੁਲਿਸ ਕਿਸੇ ਵੀ ਇੱਕ ਸ਼ਰਾਬ ਤਸਕਰ ਨੂੰ ਗਿਰਫਤਾਰ ਕਰਨ ਵਿੱਚ ਸਫਲ ਹੋਈ ਹੈ।
ਜੇਕਰ ਬਰਨਾਲਾ ਜਿਲ੍ਹੇ ਦੇ 11 ਥਾਣਿਆਂ ਦੀ ਪੁਲਿਸ ਹਰ ਦਿਨ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਖਿਲਾਫ 1 ਕੇਸ ਦਰਜ਼ ਕਰਕੇ 1 ਦੋਸ਼ੀ ਨੂੰ ਵੀ ਫੜ੍ਹਦੀ ਤਾਂ 137 ਦਿਨਾਂ ਚ, 1507 ਦੋਸ਼ੀ ਪੁਲਿਸ ਦੇ ਸ਼ਿਕੰਜੇ ਚ, ਫਸੇ ਹੁੰਦੇ,,,,। ਪਰ ਅਫਸੋਸ , ਅਜਿਹਾ ਨਹੀਂ ਹੋਇਆ। ਹਾਲਤ ਇਹ ਬਣ ਗਏ, ਕਿ ਹਰ ਛੋਟੀ ਛੋਟੀ ਗੱਲ ਨੂੰ ਵੱਡੀ ਤੇ ਦਿਲਚਸਪ ਕਹਾਣੀ ਬਣਾ ਕੇ ਮੀਡੀਆ ਅੱਗੇ ਪੇਸ਼ ਕਰਨ ਚ, ਮਾਹਿਰ ਐਸ.ਐਸ.ਪੀ ਗੋਇਲ ਇਹ ਅੰਕੜਾ ਪੇਸ਼ ਕਰਨ ਖੁਦ ਮੀਡੀਆ ਅੱਗੇ ਨਹੀਂ ਆਏ । ਬਲਿਕ ਲੋਕ ਸੰਪਰਕ ਵਿਭਾਗ ਰਾਹੀਂ ਹੀ ,, ਬਰਨਾਲਾ ਪੁਲਿਸ ਵੱਲੋਂ ਨਜਾਇਜ ਸ਼ਰਾਬ ਦੇ ਕੇਸਾਂ ਚ, 118 ਦੋਸ਼ੀ ਗਿਰਫਤਾਰ ਕਰਨ ਦੀ ਖਬਰ ਭਿਜਵਾ ਦਿੱਤੀ। ਵਰਣਨਯੋਗ ਹੈ ਕਿ ਫੜੇ ਗਏ ਇੱਨਾਂ ਦੋਸ਼ੀਆਂ ਚ, ਕੋਈ ਵੀ ਵੱਡਾ ਨਸ਼ਾ ਤਸਕਰ ਸ਼ਾਮਿਲ ਨਹੀਂ ਹੈ। ਹਕੀਕਤ ਇਹ ਵੀ ਹੈ ਕਿ ਡਰੱਗ ਤਸਕਰੀ ਦੇ ਦਰਜ਼ ਛੋਟੇ ਕੇਸਾਂ ਦੀਆਂ ਤੰਦਾਂ ਉਧੇੜਦੀ ਬਰਨਾਲਾ ਪੁਲਿਸ ਫਿਰੋਜਪੁਰ ਬਾਰਡਰ, ਆਗਰਾ ਤੇ ਮਥੁਰਾ ਗੈਂਗ ਤੱਕ ਪਹੁੰਚ ਕੇ ਤਾਂ ਲੱਖਾਂ ਨਸ਼ੀਲੀਆਂ ਗੋਲੀਆਂ, ਟੀਕੇ ਅਤੇ ਡਰੱਗ ਮਨੀ ਤਾਂ ਫੜ੍ਹ ਲਿਆਈ। ਪਰੰਤੂ ਬਰਨਾਲਾ ਪੁਲਿਸ ਵੱਲੋਂ ਨਜਾਇਜ ਸ਼ਰਾਬ ਦੀ ਤਸਕਰੀ ਚ, ਫੜ੍ਹੇ 118 ਦੋਸ਼ੀਆਂ ਚੋਂ ਕਿਸੇ ਇੱਕ ਦੇ ਕੇਸ ਦੀ ਤੰਦ ਉਧੇੜਣ ਲਈ ਫੜੀ ਹੁੰਦੀ ਤਾਂ ਕਿਸੇ ਵੱਡੇ ਸ਼ਰਾਬ ਤਸਕਰ ਤੱਕ ਪਹੁੰਚ ਕੇ ਇਲਾਕੇ ਚ, ਵੱਡੇ ਪੱਧਰ ਤੇ ਜਾਰੀ ਨਜ਼ਾਇਜ ਸ਼ਰਾਬ ਦੀ ਵਿਕਰੀ ਨੂੰ ਠੱਲ੍ਹ ਪਾਈ ਜਾ ਸਕਦੀ ਸੀ।
ਕੌੜਾ ਸੱਚ , ਇਹ ਵੀ ਹੈ ਕਿ
ਲੌਕਡਾਉਨ ਦਾ ਕੌੜਾ ਸੱਚ ਇਹ ਵੀ ਰਿਹਾ ਹੈ ਕਿ ਲੋਕਾਂ ਨੂੰ ਰਾਸ਼ਨ ਦੀਆਂ ਦੁਕਾਨਾਂ ਬੰਦ ਰਹਿਣ ਕਾਰਣ ਰਾਸ਼ਨ ਲੈਣ ਲਈ ਤਾਂ ਮੁਸ਼ਿਕਲਾਂ ਦਾ ਕਾਫੀ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪਰ ਪਿੰਡਾਂ ਅਤੇ ਸ਼ਹਿਰਾਂ ਅੰਦਰ ਸ਼ਰਾਬ ਦੇ ਠੇਕੇ ਬੰਦ ਰਹਿਣ ਦੇ ਬਾਵਜੂਦ ਵੀ ਸ਼ਰਾਬੀਆਂ ਨੂੰ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਕੋਈ ਤੋਟ ਨਹੀਂ ਰਹੀ। ਇਹ ਸਾਰਾ ਕੁਝ ਪੁਲਿਸ ਦੀ ਚੁੱਪ ਸਹਿਮਤੀ ਤੋਂ ਬਿਨਾਂ ਕਿਸੇ ਵੀ ਹਾਲਤ ਚ, ਸੰਭਵ ਨਹੀਂ ਹੋ ਸਕਦਾ। ਲੌਕਡਾਉਨ ਦੌਰਾਨ ਕਈ ਜਗ੍ਹਾ ਦੇ ਲੋਕਾਂ ਦੀਆਂ ਸ਼ਕਾਇਤਾਂ ਮਿਲਣ ਤੋਂ ਬਾਅਦ ਹਰਕਤ ਚ, ਆਈ ਪੁਲਿਸ ਨੇ ਜਿਹੜੇ ਸ਼ਰਾਬ ਤਸਕਰਾਂ ਨੂੰ ਫੜ੍ਹਿਆ, ਉਹ ਲੱਗਭੱਗ ਸਾਰੇ ਇਲਾਕੇ ਦੇ ਠੇਕੇਦਾਰਾਂ ਦੇ ਕਾਰਿੰਦੇ ਹੀ ਸਾਹਮਣੇ ਆਏ। ਇੱਨਾਂ ਹੀ ਨਹੀਂ ਥਾਣਾ ਸਿਟੀ 2 ਅਧੀਨ ਪੈਂਦੇ ਰਾਏਕੋਟ ਰੋਡ ਇਲਾਕੇ ਚ, ਸ਼ਰੇਆਮ ਵਿਕਦੀ ਸ਼ਰਾਬ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਗੂੜੀ ਨੀਂਦ ਤੋਂ ਜਾਗੀ ਪੁਲਿਸ ਨੇ ਸ਼ਰਾਬ ਤਾਂ ਬਰਾਮਦ ਕੀਤੀ, ਪਰ ਠੇਕੇਦਾਰ ਦੇ ਕਾਰਿੰਦੇ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋਣ ਚ, ਸਫਲ ਵੀ ਹੋ ਗਏ ਸਨ। ਤਪਾ ਪੁਲਿਸ ਨੇ ਵੀ ਇੱਕ ਸ਼ਰਾਬ ਠੇਕੇਦਾਰ ਨੂੰ ਨਜਾਇਜ਼ ਸ਼ਰਾਬ ਸਮੇਤ ਗਿਰਫਤਾਰ ਵੀ ਕਰ ਲਿਆ ਸੀ। ਜਿਹੜਾ ਇਸ ਗੱਲ ਦਾ ਸੱਚ ਪੇਸ਼ ਕਰਦਾ ਹੈ ਕਿ ਲੌਕਡਾਉਨ ਚ, ਨਜਾਇਜ ਸ਼ਰਾਬ ਦੀ ਜਿਆਦਾ ਵਿਕਰੀ ਸ਼ਰਾਬ ਠੇਕੇਦਾਰਾਂ ਵੱਲੋਂ ਆਪਣੇ ਕਾਰਿੰਦਿਆਂ ਰਾਹੀਂ ਹੀ ਕੀਤੀ ਗਈ ਹੈ।
18 ਗੱਡੀਆਂ ਅਤੇ 6 ਚਾਲੂ ਹਾਲਤ ’ਚ ਭੱਠੀਆਂ ਵੀ ਪੁਲਿਸ ਨੇ ਕੀਤੀਆਂ ਬਰਾਮਦ
ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਵੱਖ ਵੱਖ ਥਾਣਿਆ ਚ, ਦੋਸ਼ੀਆਂ ਖ਼ਿਲਾਫ਼ ਦਰਜ਼ 117 ਕੇਸਾਂ ਚ, ਗਿਰਫਤਾਰ ਕੀਤੇ 118 ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਨੇ 2573 ਲੀਟਰ ਲਾਹਨ, 148 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੇ ਨਾਲ ਨਾਲ 18 ਗੱਡੀਆਂ ਅਤੇ 6 ਚਾਲੂ ਹਾਲਤ ’ਚ ਭੱਠੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਇਹ ਸਾਰੀ ਬਰਾਮਦਗੀ ਲਾਕਡਾਊਨ ਦੇ ਸਮੇਂ ਦੌਰਾਨ 22 ਮਾਰਚ ਤੋਂ ਲੈ ਕੇ ਹੁਣ ਤੱਕ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਵੀ ਬਰਨਾਲਾ ਪੁਲਿਸ ਨੇ ਆਪਣੇ ਫਰਜ਼ ਪ੍ਰਤੀ ਵਚਨਬੱਧਤਾ ਕਾਇਮ ਰੱਖੀ ਅਤੇ ਆਪਣੀਆਂ ਸੇਵਾਵਾਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈਆਂ ਹਨ । ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟੌਲਰੈਂਸ ਨੀਤੀ ਤਹਿਤ ਬਰਨਾਲਾ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਜੰਗ ਛੇੜੀ ਗਈ ਹੈ।
ਪੁਲਿਸ ਦੀ ਮਹੀਨਾਵਾਰ ਕਾਰਗੁਜਾਰੀ
-22 ਮਾਰਚ ਤੋਂ ਲੈ ਕੇ 31 ਮਾਰਚ ਤੱਕ 4 ਮੁਲਜ਼ਮਾਂ ਨੂੰ 3 ਕੇਸਾਂ ’ਚ ਗਿ੍ਰਫ਼ਤਾਰ ਕਰਕੇ 7.5 ਲੀਟਰ ਨਾਜਾਇਜ਼ ਸ਼ਰਾਬ ਫੜੀ ਗਈ ਅਤੇ ਨਾਲ ਹੀ 1 ਗੱਡੀ ਬਰਾਮਦ ਕੀਤੀ ਗਈ।
-ਅਪ੍ਰੈਲ ਮਹੀਨੇ ’ਚ 20 ਮੁਲਜ਼ਮਾਂ ਨੂੰ 19 ਕੇਸਾਂ ’ਚ ਗਿ੍ਰਫ਼ਤਾਰ ਕੀਤਾ ਗਿਆ ਅਤੇ ਨਾਲ ਹੀ 1.125 ਲੀਟਰ ਨਾਜਾਇਜ਼ ਸ਼ਰਾਬ, 415 ਲੀਟਰ ਲਾਹਨ, 2 ਗੱਡੀਆਂ ਅਤੇ 1 ਨਾਜਾਇਜ਼ ਭੱਠੀ ਬਰਾਮਦ ਕੀਤੀ ਗਈ।
-ਮਈ ਦੇ ਮਹੀਨੇ ’ਚ 30 ਮੁਲਜ਼ਮਾਂ ਨੂੰ 30 ਕੇਸਾਂ ’ਚ ਗਿ੍ਰਫ਼ਤਾਰ ਕੀਤਾ ਗਿਆ । ਨਾਲ ਹੀ 1795 ਲੀਟਰ ਜਾਇਜ਼ ਸ਼ਰਾਬ, 36 ਲੀਟਰ ਨਾਜਾਇਜ਼ ਸ਼ਰਾਬ, 603 ਲੀਟਰ ਲਾਹਨ, 5 ਗੱਡੀਆਂ ਅਤੇ 1 ਨਾਜਾਇਜ਼ ਭੱਠੀ ਬਰਾਮਦ ਕੀਤੀ ਗਈ।
-ਜੂਨ ਮਹੀਨੇ ਵਿਚ 27 ਮੁਕੱਦਮੇ ਦਰਜ ਕੀਤੇ ਗਏ ਅਤੇ 27 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਨਾਲ ਹੀ ਪੁਲਿਸ ਵਲੋਂ 852 ਲੀਟਰ ਜਾਇਜ਼ ਸ਼ਰਾਬ, 56 ਲੀਟਰ ਨਾਜਾਇਜ਼ ਸ਼ਰਾਬ, 1050 ਲੀਟਰ ਲਾਹਨ, 5 ਗੱਡੀਆਂ ਅਤੇ 3 ਨਾਜਾਇਜ਼ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ।
ਜੁਲਾਈ ਦੇ ਮਹੀਨੇ ’ਚ ਪੁਲਿਸ ਵਲੋਂ 29 ਮੁਕੱਦਮੇ ਦਰਜ ਕਰਕੇ 28 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ 1350 ਲੀਟਰ ਜਾਇਜ਼ ਸ਼ਰਾਬ, 46 ਲਿਟਰ ਨਾਜਾਇਜ਼ ਸ਼ਰਾਬ ਅਤੇ 260 ਲੀਟਰ ਲਾਹਨ ਫੜੀ ਗਈ। ਇਸ ਦੇ ਨਾਲ ਹੀ ਪੁਲਿਸ ਵਲੋਂ 5 ਗੱਡੀਆਂ ਅਤੇ 1 ਭੱਠੀ ਵੀ ਬਰਾਮਦ ਕੀਤੀ ਗਈ।
ਅਗਸਤ ਮਹੀਨੇ ਦੇ ਪਹਿਲੇ 5 ਦਿਨਾਂ ਚ, ਹੀ 9 ਮੁਕੱਦਮੇ ਦਰਜ ਕਰਕੇ 9 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ 621 ਲੀਟਰ ਸ਼ਰਾਬ , 245 ਲੀਟਰ ਲਾਹਨ ਤੇ 1 ਗੱਡੀ ਬਰਾਮਦ ਕੀਤੀ ਗਈ।