* 5 ਪਿੰਡਾਂ ਵਿਚ ਕੰਮ ਜਾਰੀ; ਕੁੱਲ 15 ਪਿੰਡਾਂ ਨੂੰ ਸੀਚੇਵਾਲ ਮਾਡਲ ਅਧੀਨ ਲਿਆਉਣ ਦਾ ਟੀਚਾ
* ਛੱਪੜਾਂ ਦੇ ਨਵੀਨੀਕਰਨ ’ਤੇ ਖਰਚੇ ਜਾ ਚੁੱਕੇ ਹਨ 2 ਕਰੋੜ 24 ਲੱਖ ਰੁਪਏ
ਥਾਪਰ ਮਾਡਲ ਤੇ ਰੂਫ ਟੌਪ ਹਾਰਵੈਸਟਿੰਗ ਸਿਸਟਮ ਵੀ ਸਾਬਿਤ ਹੋ ਰਿਹੈ ਵਰਦਾਨ
ਹਰਿੰਦਰ ਨਿੱਕਾ ਬਰਨਾਲਾ, 7 ਅਗਸਤ 2020
ਜ਼ਿਲ੍ਹੇ ਵਿਚ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਜਿੱਥੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਉਥੇ ਬਾਰਿਸ਼ ਦੇ ਪਾਣੀ ਦੀ ਸੁਚੱਜੀ ਸੰਭਾਲ ਦੇ ਉਪਰਾਲੇ ਵੀ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਪੁਰਾਣੇ ਛੱਪੜਾਂ ਦੀ ਹਾਲਤ ਸੁਧਾਰਨ ਅਤੇ ਨਵੇਂ ਛੱੱਪੜਾਂ ਦੀ ਪੁੱਟਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਪਾਣੀ ਦੀ ਸੰਭਾਲ ਲਈ ਕਈ ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨ੍ਹਾਂ ਵਿਚ ਪੁਰਾਣੇ ਛੱਪੜਾਂ ਦੀ ਸਾਫ-ਸਫਾਈ, ਸੀਚੇਵਾਲ ਤੇ ਥਾਪਰ ਮਾਡਲ ਰਾਹੀਂ ਨਵੀਨੀਕਰਨ, ਨਵੇਂ ਛੱਪੜਾਂ ਦੀ ਪੁਟਾਈ ਤੇ ਰੂਫ ਟੌਪ ਹਾਰਵੈਸਟਿੰਗ ਪ੍ਰਾਜੈਕਟ ਸ਼ਾਮਲ ਹੈ।
ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਜ਼ਿਲ੍ਹੇ ਦੇ 15 ਪਿੰਡਾਂ ਦੇ ਛੱਪੜਾਂ ਨੂੰ ਸੀਚੇਵਾਲ ਮਾਡਲ ਅਧੀਨ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ,। ਜਿਨ੍ਹਾਂ ਵਿਚੋਂ ਬਲਾਕ ਬਰਨਾਲਾ ਦੇ ਪਿੰਡ ਫਰਵਾਹੀ, ਝਲੂਰ ਵਿਚ ਕੰਮ ਚੱਲ ਵੀ ਰਿਹਾ ਹੈ, ਜਦੋਂ ਕਿ ਜਵੰਧਾ ਪਿੰਡੀ ਅਤੇ ਪੰਧੇਰ ਪਿੰਡਾਂ ਕੰਮ ਵਿਚ ਮੁਕੰਮਲ ਹੋ ਚੁੱਕਿਆ ਹੈ। ਇਸੇ ਤਰ੍ਹਾਂ ਬਲਾਕ ਮਹਿਲ ਕਲਾਂ ਦੇ ਪਿੰਡ ਛਾਪਾ ਤੇ ਬਾਹਮਣੀਆਂ ਵਿੱਚ ਕੰਮ ਮੁਕੰਮਲ ਹੋ ਚੁੱਕਿਆ ਹੈ, ਜਦੋਂਕਿ ਪੰਡੋਰੀ ਅਤੇ ਮਹਿਲ ਕਲਾਂ ਵਿੱਚ ਕੰਮ ਜਾਰੀ ਹੈ। ਇਸੇ ਤਰ੍ਹਾਂ ਬਲਾਕ ਸ਼ਹਿਣਾ ਦੇ ਪਿੰਡ ਰਾਮਗੜ੍ਹ, ਟੱਲੇਵਾਲ, ਬਖਤਗੜ੍ਹ, ਨੈਨੀਵਾਲ ਵਿਚ ਸੀਚੇਵਾਲ ਮਾਡਲ ਅਧੀਨ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਚੀਮਾ ਵਿੱੱਚ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਚੇਵਾਲ ਮਾਡਲ ਅਧੀਨ ਇਕ ਛੱਪੜ ’ਤੇ ਕਰੀਬ ਸਾਢੇ 7 ਲੱਖ ਤੋਂ 11 ਲੱਖ ਰੁਪਏ ਤੱਕ ਦੀ ਲਾਗਤ ਆਉਂਦੀ ਹੈ ਤੇ ਇਸ ਮਾਡਲ ਅਧੀਨ ਗੰਦਾ ਪਾਣੀ ਚਾਰ ਚੈਂਬਰਾਂ ਰਾਹੀਂ ਸੋਧ ਕੇ ਛੱਪੜਾਂ ਵਿਚ ਜਾਂਦਾ ਹੈ। ਜਿੱਥੋਂ ਅੱਗੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਥਾਪਰ ਮਾਡਲ ਪ੍ਰਾਜੈਕਟ ਵੀ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਡਲ ਅਧੀਨ ਪਿੰਡ ਹਮੀਦੀ ’ਚ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸੀਚੇਵਾਲ ਅਤੇ ਥਾਪਰ ਮਾਡਲ ਪ੍ਰਾਜੈਕਟਾਂ ਦਾ ਉਦੇਸ਼ ਪਾਣੀ ਸੋਧ ਕੇ ਛੱਪੜਾਂ ਵਿਚ ਪਾਉਣਾ ਹੈ ਤਾਂ ਜੋ ਉਸ ਦੀ ਸੁਚੱਜੀ ਵਰਤੋਂ ਹੋ ਸਕੇ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਪਿੰਡਾਂ ਵਿਚ ਵੱਡੀ ਗਿਣਤੀ ਛੱਪੜਾਂ ਦਾ ਨਵੀਨੀਕਰਨ ਕਰਾਇਆ ਗਿਆ ਹੈ। ਜਿਸ ’ਤੇ 2 ਕਰੋੜ 24 ਲੱਖ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 85000 ਦਿਹਾੜੀਆਂ ਮਗਨਰੇਗਾ ਤਹਿਤ ਉਤਪੰਨ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਜਿੱਥੇ ਛੱਪੜਾਂ ਦੀ ਸਾਫ-ਸਫਾਈ ਹੋਈ ਹੈ, ਉੱਥੇ ਮਗਨਰੇਗਾ ਤਹਿਤ ਜੌਬ ਕਾਰਡ ਧਾਰਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਕੁਦਰਤੀ ਪਾਣੀ ਦੀ ਸੰਭਾਲ ਲਈ ਜਿੱਥੇ ਕਈ ਪਿੰਡਾਂ ਵਿਚ ਨਵੇਂ ਛੱਪੜ ਪੁੱਟੇ ਜਾ ਰਹੇ ਹਨ, ਉਥੇ ਪਾਇਲਟ ਪ੍ਰਾਜੈਕਟ ਵਜੋਂ ਕਈ ਸਕੂਲੀ ਇਮਾਰਤਾਂ ’ਚ ਰੂਫ ਟੌਪ ਵਾਟਰ ਹਾਰਵੈਸਟਿੰਗ ਸਿਸਟਮ ਵੀ ਸ਼ੁਰੂ ਕਰਵਾਏ ਗਏ ਹਨ, ਜਿਸ ਰਾਹੀਂ ਮੀਂਹ ਦੇ ਪਾਣੀ ਦੀ ਸੁਚੱਜੀ ਸੰਭਾਲ ਹੋ ਰਹੀ ਹੈ।