ਹੁਕਮਾਂ ਦੀ ਉਲੰਘਣਾ ’ਤੇ ਹੋਵੇਗੀ ਸਖਤ ਕਾਰਵਾਈ:ਡੀਸੀ ਫੂਲਕਾ
ਸੋਨੀ ਪਨੇਸਰ ਬਰਨਾਲਾ, 6 ਅਗਸਤ 2020
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅਨਲੌਕ 3 ਸਬੰਧੀ ਜਾਰੀ ਹੋਈਆਂ ਪਹਿਲੀਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹੇ ਵਿਚ ਯੋਗਾ ਕੇਦਰ ਅਤੇ ਜਿਮਨੇਜੀਅਮ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਕੰਟੇਨਮੈਟ ਜ਼ੋਨ ਵਿੱਚ ਸਾਰੇ ਯੋਗਾ ਕੇਂਦਰ ਅਤੇ ਜਿਮਨੇਜੀਅਮ ਬੰਦ ਰਹਿਣਗੇ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਲਾਗੂ ਕੀਤੇ ਇਨ੍ਹਾਂ ਹੁਕਮਾਂ ਸਬੰਧੀ ਸ੍ਰੀ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਹੱਦ ਅੰਦਰ ਯੋਗਾ ਕੇਂਦਰ ਅਤੇ ਜਿਮਨੇਜੀਅਮ ਕਰੋਨਾ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸ਼ਰਤ ’ਤੇ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹਦਾਇਤਾਂ ਬਾਰੇ ਉਨ੍ਹਾਂ ਦੱਸਿਆ ਕਿ ਯੋਗਾ ਕੇਂਦਰਾਂ ਅਤੇ ਜਿਮਨੇਜੀਅਮ ਕੇਂਦਰਾਂ ਦੇ ਸਾਰੇ ਸਟਾਫ ਮੈਂਬਰਾਂ ਅਤੇ ਵਿਜ਼ਟਰਾਂ ਵਿਚਕਾਰ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਰੱਖੀ ਜਾਵੇ। ਲੰਬੇ ਸਮੇਂ ਤੋਂ ਬਿਮਾਰ, 65 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋ ਘੱਟ ਉਮਰ ਦੇ ਬੱਚਿਆਂ ਨੂੰ ਬੰਦ ਸਥਾਨਾਂ ’ਤੇ ਜਿੰਮ ਦੀ ਵਰਤੋਂ ਨਾ ਕਰਨ ਦਾ ਮਸ਼ਵਰਾ ਦਿੱਤਾ ਜਾਂਦਾ ਹੈ। ਫੇਸ ਮਾਸਕ ਦੀ ਵਰਤੋਂ ਹਰ ਸਮੇ ਲਾਜ਼ਮੀ ਹੋਵੇਗੀ, ਜਿੱਥੋਂ ਤੱਕ ਸੰਭਵ ਹੋ ਸਕੇ ਯੋਗਾ ਅਭਿਆਸ ਦੇ ਦੌਰਾਨ ਜਾਂ ਜਿਮਨੇਜੀਅਮ ਵਿੱਚ ਕਸਰਤ ਕਰਦੇ ਹੋਏ ਵਿਜਰ (ਮੂੰਹ ਕਵਰ ਕਰਨ ਵਾਲਾ) ਦੀ ਵਰਤੋਂ ਕੀਤੀ ਜਾਵੇ।