*ਡਿਪਟੀ ਕਮਿਸ਼ਨਰ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਅਪੀਲ
*ਕਰੋਨਾ ਪੀੜਤ ਵਿਅਕਤੀਆਂ ਜਾਂ ਪਰਿਵਾਰਾਂ ਨਾਲ ਭੇਦਭਾਵ ਨਾ ਕੀਤਾ ਜਾਵੇ: ਸਿਵਲ ਸਰਜਨ
ਅਜੀਤ ਸਿੰਘ ਕਲਸੀ ਬਰਨਾਲਾ, 6 ਅਗਸਤ 2020
ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ, ਇਸ ਲਈ ਹਰ ਵਿਅਕਤੀ ਆਪਣੀ ਪੂਰਨ ਜ਼ਿੰਮੇਵਾਰੀ ਸਮਝਦੇ ਹੋਏ ਮਾਸਕ ਪਾਉਣ, ਹੱਥ ਧੋਣ ਤੇ ਸਮਾਜਿਕ ਦੂਰੀ ਜਿਹੇ ਇਹਤਿਆਤਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣਾਵੇ ਤਾਂ ਹੀ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਇਹ ਅਪੀਲ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਹਫਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਕਰੋਨਾ ਦੇ ਫੈਲਾਅ ਦੇ ਮੱਦੇਨਜ਼ਰ ਬਰਨਾਲਾ ਸ਼ਹਿਰ ਦੀਆਂ ਅਹਿਮ ਥਾਵਾਂ ’ਤੇ ਪੈਰਾਂ ਨਾਲ ਚੱਲਣ ਵਾਲੀਆਂ ਹੱਥ ਧੋਣ ਵਾਲੀਆਂ ਮਸ਼ੀਨਾਂ ਛੇਤੀ ਲਗਾਈਆਂ ਜਾਣਗੀਆਂ ਤਾਂ ਜੋ ਲੋਕ ਉਨ੍ਹਾਂ ਦਾ ਲਾਹਾ ਲੈ ਸਕਣ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਘਰਾਂ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ, ਕਿਉਂਕਿ ਉਨ੍ਹਾਂ ਨੂੰ ਕਰੋਨਾ ਸੰਕਰਮਣ ਦਾ ਖਤਰਾ ਵੱਧ ਹੁੰਦਾ ਹੈ।
ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਖਿਆ ਕਿ ਕਰੋਨਾ ਵਾਇਰਸ ਕਾਰਨ ਪਈ ਆਰਥਿਕ ਮਾਰ ਦੀ ਭਰਪਾਈ ਲਈ ਬਾਜ਼ਾਰ, ਫੈਕਟਰੀਆਂ ਆਦਿ ਖੋਲ੍ਹੇ ਗਏ ਹਨ, ਪਰ ਕੰਮਕਾਜ ਕਰਨ ਦੇ ਨਾਲ ਨਾਲ ਸਾਵਧਾਨੀਆਂ ਅਪਣਾਉਣਾ ਸਾਡੇ ਆਪਣੇ ਹੱਥ ਹੈ। ਉਨ੍ਹਾਂ ਕਿਹਾ ਦੁਕਾਨਾਂ ਦਾ ਸਮਾਂ ਸਵੇਰੇ 7 ਤੋਂ ਰਾਤ 8 ਵਜੇ ਤੱਕ ਹੈ, ਜੋ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਿਰਧਾਰਿਤ ਕੀਤਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਹਰ ਵਿਅਕਤੀ ਦੇ ਮਾਸਕ ਪਾਉਣਾ ਯਕੀਨੀ ਬਣਾਉਣ ਲਈ ਪੁਲੀਸ ਟੀਮਾਂ ਦੇ ਨਾਲ ਨਾਲ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਵੀ ਚੈਕਿੰਗ ਲਈ ਡਟੀਆਂ ਹੋਈਆਂ ਹਨ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਆਖਿਆ ਕਿ ਜੇਕਰ ਅਸੀਂ ਜਨਤਕ ਥਾਵਾਂ ’ਤੇ ਮਾਸਕ ਪਾਉਂਦੇ ਹਾਂ ਤਾਂ ਕਾਫੀ ਹੱਦ ਤੱਕ ਕਰੋਨਾ ਮਹਾਮਾਰੀ ਤੋਂ ਬਚਾਅ ਰੱਖ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੋਰਡਿੰਗਜ਼, ਸਟੀਕਰਾਂ ਤੇ ਸੰਚਾਰ ਦੇ ਵੱਖ ਵੱਖ ਮਾਧਿਅਮਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ, ਜੇਕਰ ਇਸ ਦੇ ਬਾਵਜੂਦ ਅਸੀਂ ਕਰੋਨਾ ਸਾਵਧਾਨੀਆਂ ਨਹੀਂ ਅਪਣਾਉਂਦੇ ਤਾਂ ਇਹ ਵੱਡੀ ਅਣਗਹਿਲੀ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਪੀੜਤਾਂ ਜਾਂ ਠੀਕ ਹੋ ਚੁੱਕੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇੇ।