‘ਤੇ ਪ੍ਰਸ਼ਾਸਨ ਦੇ ਇੱਕੋ ਫੈਸਲੇ ਨੇ ਘਰਾਂ ਦੇ ਚੁੱਲ੍ਹੇ ਕੀਤੇ ਠੰਢੇ.! ਅਣਮਿਥੇ ਸਮੇਂ ਲਈ ਹੜਤਾਲ ਹੋਈ ਸ਼ੁਰੂ

Advertisement
Spread information

ਢਿੱਡ ਭੁੱਖਾ ਤੇ ਕਲਮਾਂ ਬੰਦ.! ਬਰਨਾਲਾ ‘ਚ ਮੁਲਾਜ਼ਮਾਂ ਦਾ ਫੁੱਟਿਆ ਗੁੱਸਾ, ਬਿਨਾਂ ਗਲਤੀ ਤੋਂ ਸਜ਼ਾ ? 

ਹਰਿੰਦਰ ਨਿੱਕਾ,  ਬਰਨਾਲਾ 13 ਮਈ 2026

       ਬੀ.ਡੀ.ਪੀ.ਓ (BDPO) ਦਫ਼ਤਰ ਬਰਨਾਲਾ ਵਿੱਚ ਅੱਜ ਉਸ ਵੇਲੇ ਬੇਹੱਦ ਤਣਾਅਪੂਰਨ ਹਾਲਤ ਹੋ ਗਏ। ਜਦੋਂ ਦਫ਼ਤਰੀ ਅਤੇ ਫੀਲਡ ਸਟਾਫ਼ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਅੜੀਅਲ ਵਤੀਰੇ ਖ਼ਿਲਾਫ਼ ਆਰ-ਪਾਰ ਦੀ ਜੰਗ ਦਾ ਐਲਾਨ ਕਰ ਦਿੱਤਾ। ਫਰਵਰੀ 2026 ਤੋਂ ਤਨਖਾਹਾਂ ਨਾ ਮਿਲਣ ਕਾਰਨ ਅੱਕੇ ਮੁਲਾਜ਼ਮਾਂ ਨੇ ‘ਕਲਮ ਛੋੜ ਹੜਤਾਲ’ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਇਨਸਾਫ਼ ਦੀ ਗੁਹਾਰ: “ਦੱਸੋ ਭਲਾਂ ਕਸੂਰ ਕੀ ?”

     ਕਰਮਚਾਰੀਆਂ ਨੇ ਰੋਹ ਭਰੇ ਲਹਿਜ਼ੇ ਵਿੱਚ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਾਰੇ ਮਸਲੇ ਦੀ ਜੜ੍ਹ ਪ੍ਰਸ਼ਾਸਨਿਕ ਫੈਸਲਾ ਹੈ। ਦਰਅਸਲ, ਇੱਕ ਸਿਵਲ ਸੂਟ (ਵੀਰਪਾਲ ਕੌਰ ਬਨਾਮ ਪੰਜਾਬ ਸਰਕਾਰ) ਵਿੱਚ 31,50,234 ਰੁਪਏ ਦੇ ਮੁਆਵਜ਼ੇ ਦੀ ਅਦਾਇਗੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਨੇ ਆਪਣੇ ਖਾਤੇ ਬਚਾ ਕੇ ਪੰਚਾਇਤ ਸੰਮਤੀ ਬਰਨਾਲਾ ਦਾ ਖਾਤਾ ਕੋਰਟ ਵਿੱਚ ਦੇ ਦਿੱਤਾ। ਜਿਸ ਕਾਰਨ ਕੋਰਟ ਨੇ ਸੰਮਤੀ ਦਾ ਖਾਤਾ ‘ਹੋਲਡ’ ਕਰ ਦਿੱਤਾ ਹੈ।

ਪ੍ਰਸ਼ਾਸਨ ‘ਤੇ ਖੜ੍ਹੇ ਹੋਏ ਵੱਡੇ ਸਵਾਲ

    ਮੁਲਾਜ਼ਮਾਂ ਦਾ ਦਿਲ ਟੁੰਬਵਾਂ ਸਵਾਲ ਹੈ ਕਿ ਜਦੋਂ ਇਸ ਕੇਸ ਵਿੱਚ ਨਾ ਤਾਂ ਪੰਚਾਇਤ ਸੰਮਤੀ ਕੋਈ ਪਾਰਟੀ ਹੈ ਅਤੇ ਨਾ ਹੀ ਇਸ ਨਾਲ ਕੋਈ ਲੈਣਾ-ਦੇਣਾ ਹੈ, ਤਾਂ ਫਿਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਾਲੇ ਖਾਤੇ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ? ਇਸ ਖਾਤੇ ਦੇ ਬੰਦ ਹੋਣ ਨਾਲ ਨਾ ਸਿਰਫ਼ ਤਨਖਾਹਾਂ ਰੁਕੀਆਂ ਹਨ, ਸਗੋਂ ਬਿਜਲੀ ਦੇ ਬਿੱਲ, ਟੈਲੀਫੋਨ, ਇੰਟਰਨੈੱਟ ਅਤੇ ਦਫ਼ਤਰੀ ਸਟੇਸ਼ਨਰੀ ਦੇ ਖਰਚੇ ਵੀ ਹਵਾ ਵਿੱਚ ਲਟਕ ਗਏ ਹਨ।

ਚਿਹਰਿਆਂ ‘ਤੇ ਦਿਖਿਆ ਰੋਸ:

    ਸੰਘਰਸ਼ ਦੇ ਮੈਦਾਨ ਵਿੱਚ ਡਟੇ ਬਲਾਕ ਪ੍ਰਧਾਨ ਬੂਟਾ ਸਿੰਘ ਪੱਖੋ, ਕਰਨਦੀਪ ਚੰਦੇਲ, ਸਵਰਨ ਸਿੰਘ, ਰੁਪਿੰਦਰਪਾਲ ਸਿੰਘ, ਪਰਵਿੰਦਰ ਸਿੰਘ, ਕੰਵਰਵੀਰ ਸਿੰਘ, ਲਾਭ ਸਿੰਘ, ਪੰਚਾਇਤ ਅਫਸਰ ਹਰਭਜਨ ਸਿੰਘ, ਅਮਨਦੀਪ ਕੌਰ, ਨਿਤੀਸ ਕੁਮਾਰ, ਰਮਨਦੀਪ ਕੌਰ ਸੁਪਰਡੈਂਟ, ਰਾਜ ਕੁਮਾਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਖੁਸਵਿੰਦਰ ਸਿੰਘ ਸੰਮਤੀ ਪਟਵਾਰੀ, ਰਣਧੀਰ ਸਿੰਘ ਅਤੇ ਸੰਦੀਪ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੱਲ ਨਾ ਨਿਕਲਿਆ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਸੰਘਰਸ਼ ਪੂਰੇ ਸੂਬੇ ਵਿੱਚ ਭਾਂਬੜ ਬਣ ਕੇ ਮਚੇਗਾ। ਮੁਲਾਜ਼ਮਾਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਹੱਕਾਂ ‘ਤੇ ਲੱਗੀ ਇਹ ‘ਹੋਲਡ’ ਦੀ ਮੋਹਰ ਨਹੀਂ ਹਟਦੀ, ਕਲਮਾਂ ਨਹੀਂ ਚੱਲਣਗੀਆਂ।

Advertisement
Advertisement
Advertisement
Advertisement
error: Content is protected !!