ਇਹ ਨਵੀਂ ਕਿੱਕਲੀ ਵੀ ਹੋ ਗਈ ਹਿੱਟ , ਮੂਹਰੇ ਬੋਲਦਾ ਸੀ ਭਗਵੰਤ ਮਾਨ, ਤੇ ਅਗਲਾ ਫਿਕਰਾ ਲੋਕ ਕਰਦੇ ਰਹੇ ਫਿੱਟ….
ਭਾਜਪਾ ਤੇ ਵੀ ਵਰ੍ਹਿਆ ਮਾਨ, ਕਿਹਾ, ਇਹ ਤਾਂ ਲੜਾਈ ਦੀ ਜੜ੍ਹ ਨੇ, ਬੰਗਾਲ ਵਿੱਚ ਹਾਲੇ ਸਰਕਾਰ ਨਹੀਂ ਬਣੀ, ਲੋਕਾਂ ਦੇ ਘਰਾਂ ਵਿੱਚ ਅੱਗਾਂ ਲਾਈ ਜਾਂਦੇ ਨੇ,,,
ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਬੇਰੁਜਗਾਰ ਆਗੂਆਂ ਨੂੰ ਕੀਤਾ ਨਜ਼ਰਬੰਦ…
ਹਰਿੰਦਰ ਨਿੱਕਾ/ ਰਘਵੀਰ ਹੈਪੀ, ਬਰਨਾਲਾ 7 ਮਈ 2026
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਅਦਬੀਆਂ ਰੋਕਣ ਲਈ ਆਪਣੀ ਸਰਕਾਰ ਦੁਆਰਾ ਬਣਾਏ ਸਖਤ ਕਾਨੂੰਨ ਦੇ ਲਾਗੂ ਹੋ ਜਾਣ ਤੋਂ ਬਾਅਦ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਅੱਜ ਤੀਜੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਹੰਡਿਆਇਆ ਚੌਕ ਤੋਂ ਹੁੰਦੇ ਹੋਏ ਧਨੌਲਾ ਵਿਖੇ ਪਹੁੰਚੀ। ਇਸ ਮੌਕੇ ਸੜਕ ‘ਤੇ ਉਮੜੇ ਜਨ ਸੈਲਾਬ ਨੂੰ ਵੇਖਦਿਆਂ ਮੁੱਖ ਮੰਤਰੀ ਮਾਨ, ਪੂਰੇ ਜਾਹੋ-ਜਲੌਅ ਵਿੱਚ ਨਜ਼ਰ ਆਏ। ਮੁੱਖ ਮੰਤਰੀ ਨੇ ਆਪਣੇ ਲੋਕ ਲੁਭਾਊ ਅੰਦਾਜ਼ ਵਿੱਚ ਭਾਸ਼ਣ ਦਿੰਦਿਆਂ, ਲੋਕਾਂ ਦਾ ਪਿਆਰ ਬਟੋਰਿਆ ਤੇ ਖੂਬ ਵਾਹੋ-ਵਾਾਹੀ ਖੱਟੀ। ਮੁੱਖ ਮੰਤਰੀ ਭਗਵੰਤ ਮਾਨ, ਇਸ ਮੌਕੇ ਤੇ ਵੀ ਆਪਣੇ ਵਿਰੋਧੀਆਂ ਤੇ ਵਿੰਨ੍ਹ- ਵਿੰਨ੍ਹ ਕੇ ਨਿਸ਼ਾਨੇ ਲਾਉਣ ਤੋਂ ਨਹੀਂ ਖੁੰਝਿਆ।
ਮੁੱਖ ਮੰਤਰੀ ਮਾਨ ਨੇ ਬੇਅਦਬੀਆਂ ਰੋਕਣ ਲਈ ਲਾਗੂ ਕੀਤੇ ਕਾਨੂੰਨ ਨੂੰ ਵਿਸਥਾਰ ਸਹਿਤ ਲੋਕਾਂ ਵਿੱਚ ਰੱਖਿਆ। ਮਾਨ ਨੇ ਕਿਹਾ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਅਤੇ ਬੇਅਦਬੀ ਦੇ ਗੁਨਾਹਗਾਰਾਂ ਦੇ ਛੇਤੀ ਜਮਾਨਤਾਂ ਤੇ ਰਿਹਾ ਹੋ ਜਾਣ ਤੋਂ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਸਨ, ਪਰੰਤੂ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸੀ ਸਰਕਾਰਾਂ ਦੇ ਲੀਡਰਾਂ ਨੇ ਲੋਕਾਂ ਦੇ ਜਖਮੀ ਹੋਏ ਹਿਰਦਿਆਂ ਤੇ ਮੱਲ੍ਹਮ ਲਾਉਣ ਲਈ, ਕੋਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ। ਉਨਾਂ ਸਮੇਂ ਸਮੇਂ ਤੇ ਹੋਈਆਂ ਬੇਅਦਬੀਆਂ ਦਾ ਠੁਣਾ ਅਕਾਲੀ ਤੇ ਕਾਂਗਰਸੀਆਂ ਸਿਰ ਹੀ ਭੰਨ੍ਹਿਆ। ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਬੇਰੁਜਗਾਰ ਆਗੂਆਂ ਨੂੰ ਪੁਲਿਸ ਨੇ ਨਜ਼ਰਬੰਦ…ਵੀ ਕਰ ਲਿਆ। ਜਿਸ ਦੀ ਵੱਖ ਵੱਖ ਜਥੇਬੰਦੀਆਂ ਨੇ ਕਰੜੀ ਨਿੰਦਾ ਵੀ ਕੀਤੀ।
ਮੁੱਖ ਮੰਤਰੀ ਮਾਨ ਨੇ ਅਕਾਲੀ ਕਾਂਗਰਸੀਆਂ ਤੋਂ ਲੋਕਾਂ ਨੂੰ ਦੂਰੀ ਬਣਾ ਕੇ ਰੱਖਣ ਦਾ ਸੱਦਾ ਦਿੰਦਿਆਂ ਆਪਣੇ ਹੀ ਅੰਦਾਜ ਵਿੱਚ ਕਿਹਾ ਕਿ ਦੇਖਿਓ ਕਿਤੇ ਭੁੱਲ ਕੇ ਇੱਨਾਂ ਨਾਲ ਹੱਥ ਵੀ ਨਾ ਮਿਲਾ ਲਿਉ, ਇਹ ਤਾਂ ਉੰਗਲੀਆਂ ਵਿੱਚੋਂ ਛਾਪਾ ਛੱਲੇ ਵੀ ਲਾਹ ਕੇ ਲੈ ਜਾਂਦੇ ਨੇ, ਉਨਾਂ ਕਿਹਾ ਕਿ ਜੇਕਰ ਕਿਤੇ ਕਿਸੇ ਦਰਖਤ ਤੇ ਅਕਾਲੀ ਸ਼ਬਦ ਵੀ ਲਿਖ ਦਿਉ, ਉਹ ਦਰਖਤ ਵੀ ਸੁੱਕ ਜਾਂਦਾ ਹੈ। ਮਾਨ ਨੇ ਕਿਹਾ ਕਿ ਅਕਾਲੀ ਕਾਂਗਰਸੀਆਂ ਨੇ ਮਿਲ ਕੇ, ਕਾਨੂੰਨ ਤੇ ਰੋਕ ਲਾਉਣ ਲਈ ਪੰਜਾਬ ਐ਼ਡ ਹਰਿਆਣਾ ਹਾਈਕੋਰਟ ਵਿੱਚ ਇੱਕ ਰਿੱਟ ਵੀ ਦਾਇਰ ਕੀਤੀ ਸੀ, ਜਿਸ ਨੂੰ ਅੱਜ ਮਾਨਯੋਗ ਅਦਾਲਤ ਨੇ ਸਿਰਫ ਖਾਰਜ ਹੀ ਨਹੀਂ ਕੀਤਾ, ਉਲਟਾ ਰਿੱਟ ਪਾਉਣ ਵਾਲੇ ਨੂੰ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ।
ਭਾਜਪਾ ਤੇ ਵੀ ਵਰ੍ਹਿਆ ਮਾਨ, ਮੁੱਖ ਮੰਤਰੀ ਨੇ ਕਿਹਾ, ਇਹ ਤਾਂ ਲੜਾਈ ਦੀ ਜੜ੍ਹ ਨੇ, ਬੰਗਾਲ ਵਿੱਚ ਹਾਲੇ ਸਰਕਾਰ ਨਹੀਂ ਬਣੀ, ਲੋਕਾਂ ਦੇ ਘਰਾਂ ਵਿੱਚ ਅੱਗਾਂ ਲਾਈ ਜਾਂਦੇ ਨੇ,,,ਜੇ ਕਿਤੇ ਪੰਜਾਬ ਵਿੱਚ ਵਿੱਚ ਕਮਲ ਦੇ ਫੁੱਲ ਵੱਲ ਦੇਖ ਲਿਆ, ਬੰਗਾਲ ਵਰਗੇ ਤਣਾਅ ਵਾਲੇ ਹਾਲਤ ਇੱਥੇ ਵੀ ਬਣ ਜਾਣਗੇ। 

ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਸਰਕਾਰ ਦੇ ਕੰਮਾਂ ਦਾ ਸਰਵੇ ਵੀ, ਲੋਕਾਂ ਤੋਂ ਹੱਥ ਖੜ੍ਹੇ ਕਰਕੇ ਇਸ ਤਰਾਂ ਕਰਵਾਇਆ, ਉਨਾਂ ਪੁੱਛਿਆ, ਕਿੰਨ੍ਹੇ ਲੋਕਾਂ ਨੂੰ ਬਿਜਲੀ ਦੇ ਬਿਲ ਨਹੀਂ ਆਉਂਦੇ, ਲੋਕਾਂ ਦੇ ਖੜ੍ਹੇ ਹੱਥਾਂ ਨੂੰ ਵੇਖ ਕੇ ਕਿਹਾ, ਇਹਦਾ ਮਤਲਬ ਸਰਕਾਰ ਦੀ ਗੱਲ ਠੀਕ ਹੈ ਕਿ 90 ਫੀਸਦੀ ਲੋਕਾਂ ਨੂੰ ਬਿਲ ਨਹੀਂ ਆ ਰਹੇ। ਫਿਰ ਉਨਾਂ ਖੇਤਾਂ ਨੂੰ ਬਿਜਲੀ ਸਪਲਾਈ ਦਿਨ ਸਮੇਂ ਆਉਣ ਬਾਰੇ ਅਤੇ ਖੇਤਾਂ ਵਿੱਚ ਨਹਿਰੀ ਪਾਣੀ ਆਉਣ ਬਾੇ ਪੁੱਛਿਆ, ਫਿਰ ਮਾਨ ਨੇ ਇਹ ਪੁੱਛਿਆ ਕਿ ਤੁਸੀਂ ਦੁਬਾਰਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹੋ, ਲੋਕਾਂ ਦਾ ਹੁੰਗਾਰਾ ਵੇਖਦੇ ਤੇ ਵੱਜ ਰਹੀਆਂ ਚੀਕਾਂ ਸੁਣ ਕੇ, ਮਾਨ ਨੇ ਕਿਹਾ, ਇਹ ਦਾ ਮਤਲਬ ਤੁਸੀਂ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਕਰਵਾ ਦਿਉਂਗੇ।
ਇਸ ਮੌਕੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉੱਗੇਕੇ , ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਦਰਜਾ ਬ ਦਰਜਾ ਆਗੂ ਤੇ ਵਰਕਰ ਵੀ ਮੌਜੂਦ ਰਹੇ।







