Trident ਫੈਕਟਰੀ ‘ਤੇ Raid, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਸਿਆ ਸ਼ਿਕੰਜ਼ਾ..ਲੋਕਾਂ ‘ਚ ਛਿੜੀ ਚਰਚਾ…!

Advertisement
Spread information

ਰਾਜਸੀ ਤਿਕੜਮ ਤੋਂ ਬਾਅਦ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਫੈਕਟਰੀ ਤੇ ਹੋਈ ਵੱਡੀ ਕਾਰਵਾਈ..

ਪਟਿਆਲਾ ਹੈਡ ਆਫਿਸ ਤੋਂ Trident ਫੈਕਟਰੀ ‘ਚ ਪਹੁੰਚਿਆ 9 ਗੱਡੀਆਂ ਦਾ ਕਾਫਿਲਾ, ਦੁਪਹਿਰ ਤੋਂ ਸ਼ੁਰੂ ਹੋਈ ਜਾਂਚ ਹਾਲੇ ਵੀ ਜ਼ਾਰੀ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ  ਮੈਂਬਰ ਸੈਕਟਰੀ ਲਵਨੀਤ ਦੂਬੇ ਅਤੇ ਹੋਰ ਅਧਿਕਾਰੀਆਂ ਨੇ ਫੋਨ ਵੀ ਨਹੀਂ ਕੀਤਾ ਰਿਸੀਵ…

ਹਰਿੰਦਰ ਨਿੱਕਾ, ਪਟਿਆਲਾ/ ਬਰਨਾਲਾ 30 ਅਪ੍ਰੈਲ 2026 

        ਟ੍ਰਾਈਡੈਂਟ ਗਰੁੱਪ ਉਦਯੋਗ ਦੇ ਮਾਲਿਕ ਅਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਵੱਲੋਂ ਰਾਜਸੀ ਪਾਲਾ ਬਦਲਣ ਤੋਂ ਹੁਣ ਕੁੱਝ ਦਿਨ ਬਾਅਦ ਹੀ, ਉਨਾਂ ਦੀ ਮੁਸ਼ਕਿਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫਤਰ ਤੋਂ ਕਾਇਮ ਕੀਤੀ ਗਈ ਹਾਈ ਲੇਵਲ ਟੀਮ ਨੇ ਅੱਜ ਪੂਰੇ ਲਾਮ ਲਸ਼ਕਰ ਨਾਲ ਟ੍ਰਾਈਡੈਂਟ ਗਰੁੱਪ ਉਦਯੋਗ ਦੇ ਧੌਲਾ ਕੰਪਲੈਕਸ ਵਿੱਚ ਧਾਵਾ ਬੋਲ ਦਿੱਤਾ। ਹੋਇਆ ਇਉਂ ਕਿ ਬਿਨਾਂ ਕਿਸੇ ਅਗਾਂਊ ਸੂਚਨਾ ਤੋਂ ਹੀ ਦੁਪਿਹਰ ਕਰੀਬ 12 ਵਜੇ ਧੌਲਾ ਫੈਕਟਰੀ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਰੀਬ 9 ਗੱਡੀਆਂ ਦਾ ਕਾਫਿਲਾ ਜਾਂਚ ਲਈ ਪਹੁੰਚਿਆ। ੳਦੋਂ ਤੋਂ ਸ਼ੁਰੂ ਹੋਈ ਜਾਂਚ ਖਬਰ ਲਿਖੇ ਜਾਣ ਤੱਕ ਵੀ ਜਾਰੀ ਹੈ। ਇਸ ਵੱਡੀ ਕਾਰਵਾਈ ਤੋਂ ਬਾਅਦ, ਜਿੱਥੇ ਫੈਕਟਰੀ ਪ੍ਰੰਬਧਕਾਂ ਵਿੱਚ ਹੜਕੰਪ ਮੱਚ ਗਿਆ, ਉੱਥੇ ਹੀ ਪ੍ਰਦੂਸ਼ਣ ਜਾਂਚ ਦੀ ਟਾਈਮਿੰਗ ਨੂੰ ਲੈ ਕੇ ਬਰਨਾਲਾ ਇਲਾਕੇ ਅੰਦਰ ਹੀ ਨਹੀਂ, ਸੂਬੇ ਦੇ ਰਾਜਸੀ ਹਲਕਿਆਂ ਵਿੱਚ ਨਵੀਂ ਚਰਚਾ ਵੀ ਛਿੜ ਗਈ। ਸਾਬਕਾ ਮੁੱਖ ਮੰਤਰੀ ਸਵ: ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਅਤੇ ਇੱਨ੍ਹੀਂ ਦਿਨੀਂ ਹਲਕੇ ਅੰਦਰ ਕਾਫੀ ਸਰਗਰਮ ਹੋਏ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ

ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਇਸ ਕਾਰਵਾਈ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ, ਸੂਬਾ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਹੀ ਕਟਿਹਰੇ ਵਿੱਚ ਖੜ੍ਹਾ ਕੀਤਾ ਹੈ। ਪ੍ਰਦੂਸ਼ਣ ਜਾਂਚ ਦੇ ਨਾਂ ਤੇ ਫੈਕਟਰੀ ਦੀ ਜਾਂਚ ਕਰਨ ਪਹੁੰਚੀ ਟੀਮ ਦੇ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਮੀਡੀਆ ਨੂੰ ਕੋਈ ਅਧਿਕਾਰਿਤ ਜਾਣਕਾਰੀ ਵੀ ਨਹੀਂ ਦਿੱਤੀ। ਉੱਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੈਕਟਰੀ ਇੰਜੀਨੀਅਰ ਲਵਨੀਤ ਦੂਬੇ ਸਮੇਤ ਕਿਸੇ ਵੀ ਆਲ੍ਹਾ ਅਧਿਕਾਰੀ ਨੇ ਕਾਰਵਾਈ  ਸਬੰਧੀ ਪੁੱਛਣ ਲਈ ਲਾਇਆ ਫੋਨ ਵੀ ਰਿਸੀਵ ਨਹੀਂ ਕੀਤਾ। ਜਿਸ ਤੋਂ ਬੋਰਡ ਅਧਿਕਾਰੀਆਂ ਦੀ ਮੰਸ਼ਾ ਸਾਫ ਹੈ ਕਿ ਉਹ ਕੋਈ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਹੀ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਕਰਨਗੇ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੂਬਾਈ ਦਫਤਰ ਦੇ ਸੂਤਰਾਂ ਅਨੁਸਾਰ ਸਰਕਾਰ ਨੇ ਗੁਪਤਾ ਖਿਲਾਫ ਕਾਰਵਾਈ ਲਈ, ਇੱਕ ਅਜਿਹੇ ਚੀਫ ਇੰਜਨੀਅਰ ਨੂੰ ਕਮਾਂਡ ਸੌਪੀ ਹੈ, ਜੋ ਜਿੱਥੇ ਵੀ ਜਾਂਚ ਲਈ ਗਿਆ, ਉਹ ਕਿਸੇ ਵੀ ਤਰਾਂ ਦਾ ਕੋਈ ਪ੍ਰਭਾਵ ਕਬੂਲੇ ਬਿਨਾਂ ਅਤੇ ਕਾਰਵਾਈ ਕਰਨ ਤੋਂ ਬਿਨਾਂ ਵਾਪਿਸ ਨਹੀਂ ਆਇਆ। ਇਸ ਅਧਿਕਾਰੀ ਦੇ ਅਜਿਹੇ ਸੁਭਾਅ ਤੋਂ ਸੂਬੇ ਦਾ ਲੱਗਭੱਗ ਹਰ ਉਦਯੋਗਪਤੀ ਭਲੀਭਾਂਤ ਵਾਕਿਫ ਹੈ। 

       ਵਰਨਣਯੋਗ ਹੈ ਕਿ ਪਦਮਸ੍ਰੀ ਰਜਿੰਦਰ ਗੁਪਤਾ ਨੂੰ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਮੈਂਬਰ ਚੁਣ ਕੇ ਭੇਜਿਆ ਸੀ। ਅਪ੍ਰੈਲ ਮਹੀਨੇ ਦੇ ਸ਼ੁਰੂ ਵਿੱਚ ਹੀ ਰਜਿੰਦਰ ਗੁਪਤਾ ਸਿਹਤ ਜਾਂਚ ਕਰਵਾਉਣ ਲਈ ਵਿਦੇਸ਼ ਪਹੁੰਚੇ, ਪਰੰਤੂ ਡਾਕਟਰਾਂ ਨੇ ਉਨਾਂ ਨੂੰ ਉੱਥੇ ਹੀ ਦਾਖਿਲ ਕਰਕੇ, ਉਨਾਂ ਦੇ ਹਾਰਟ ਦੀ ਸਫਲ ਸਰਜਰੀ ਕੀਤੀ ਹੈ। ਉਨਾਂ ਨੇ ਇਲਾਜ ਦੌਰਾਨ ਹੀ, ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ ਤੇ ਉਹ ਕੁੱਝ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਤੇ ਵਰਕਰਾਂ ਨੇ ਹੋਰਨਾਂ ਬਗਾਵਤੀ ਰਾਜ ਸਭਾ ਮੈਂਬਰਾਂ ਦੇ ਵਾਂਗ ਹੀ ਰਜਿੰਦਰ ਗੁਪਤਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਰਾਜ ਸਭਾ ਮੈਂਬਰ ਗੁਪਤਾ ਦੀ ਲੁਧਿਆਣਾ ਰਿਹਾਇਸ਼ ਅਤੇ ਬਰਨਾਲਾ ਫੈਕਟਰੀ ਦੀਆਂ ਕੰਧਾਂ ਤੇ ਗੱਦਾਰ ਸ਼ਬਦ ਲਿਖ ਦਿੱਤਾ ਸੀ। ਉਸੇ ਹੀ ਦਿਨ ਤੋਂ ਇਲਾਕੇ ਅੰਦਰ ਚਰਚਾ ਚੱਲ ਰਹੀ ਸੀ ਕਿ ਸੂਬਾ ਸਰਕਾਰ ਰਜਿੰਦਰ ਗੁਪਤਾ ਨੂੰ ਉਲਝਾਉਣ ਲਈ ਉਸ ਦੇ ਉਦਯੋਗਿਕ ਗਰੁੱਪ ਨੂੰ ਨਿਸ਼ਾਨਾ ਬਣਾਵੇਗੀ। ਪ੍ਰਦੂਸ਼ਣ ਕੰਟਰੋਲ ਬੋਰਡ ਕੀ ਕਾਰਵਾਈ ਕਰਦਾ ਹੈ, ਇਹ ਤਾਂ ਬਾਅਦ ਵਿੱਚ ਸਾਹਮਣੇ ਆਵੇਗਾ, ਪਰੰਤੂ ਲੋਕ ਚਰਚਾ ‘ਤੇ ਸੂਬਾ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੋਹਰ ਜਰੂਰ ਲਾ ਦਿੱਤੀ ਹੈ।

    ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਟ੍ਰਾਈਡੈਂਟ ਗਰੁੱਪ  ਉਦਯੋਗ ਦੇ ਖਿਲਾਫ ਪ੍ਰਦੂਸ਼ਲ਼ ਕੰਟਰੋਲ ਬੋਰਡ ਵੱਲੋਂ ਸ਼ੁਰੂ ਕੀਤੀ ਜਾਂਚ ਕਾਰਵਾਈ ਨੂੰ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੌੜੀ ਸੋਚ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੂੰ ਨਿਸ਼ਾਨਾ ਬਣਾਇਆ ਜਾਣਾ, ਸਰਕਾਰ ਦੀ ਬਦਲਾਖੋਰੀ ਵੱਲ ਸਾਫ ਇਸ਼ਾਰਾ ਕਰਦਾ ਹੈ। ਉਨਾਂ ਸਵਾਲ ਕੀਤਾ ਕਿ ਜਦੋਂ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਦੇ ਨਾਲ ਸਨ, ਤਾਂ ਮੁੱਖ ਮੰਤਰੀ ਉਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਸੀ, ਤੇ ਹੁਣ ਜਦੋਂ ਗੁਪਤਾ ਨੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਖਫਾ ਹੋ ਕੇ ਪਾਰਟੀ ਛੱਡ ਦਿੱਤੀ, ਤਾਂ ਅਚਾਣਕ ਹੀ ਸਰਕਾਰ ਨੂੰ ਗੁਪਤਾ ਦੇ ਉਦਯੋਗ ਦੀਆਂ ਖਾਮੀਆਂ ਦਿਖਣ ਲੱਗ ਪਈਆਂ। ਉਨਾਂ ਕਿਹਾ ਕਿ ਸਰਕਾਰ ਨੂੰ ਬਦਲਾਖੋਰੀ ਦੀ ਨੀਤੀ ਛੱਡ ਕੇ ਸੂਬੇ ਦੇ ਹੋਰ ਅਹਿਮ ਤੇ ਭਖਵੇਂ ਮੁੱਦਿਆਂ ਨੂੰ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਨੇ ਇਹੋ ਜਿਹੀਆਂ ਬਦਲਾਖੋਰੀ ਦੀਆਂ ਨੀਤੀਆਂ ਜਾਰੀ ਰੱਖੀਆਂ ਤਾਂ ਸੂਬੇ ਦੇ ਲੋਕ 2027 ਦੀਆਂ ਚੋਣਾਂ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ। 

 

Advertisement
Advertisement
Advertisement
Advertisement
error: Content is protected !!