ਸਾਵਧਾਨ !”ਡਿਜੀਟਲ ਠੱਗੀ” ਦਾ ਪਰਦਾਫਾਸ਼ ਕੰਪਨੀ ਨੂੰ ਕਰੋੜਾਂ ਦਾ ਚੂਨਾ !
ਅੰਦਰੂਨੀ ਭੇਤੀਆਂ ਨੇ ਹੀ ਲੁੱਟੀ ਕੰਪਨੀ, ਗਾਹਕਾਂ ਨੂੰ ਭੇਜੇ ਮੋਬਾਈਲਾਂ ਦੀ ਥਾਂ ਖਾਲੀ ਡੱਬੇ
ਹਰਿੰਦਰ ਨਿੱਕਾ, ਪਟਿਆਲਾ 7 ਜਨਵਰੀ 2026
ਆਧੁਨਿਕ ਸਮੇਂ ਨੂੰ ਆਨਲਾਈਨ ਖਰੀਦਦਾਰੀ ਦਾ ਜ਼ਮਾਨਾ ਕਿਹਾ ਜਾਂਦਾ ਹੈ, ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਤੁਹਾਡੇ ਵੱਲੋਂ ਆਰਡਰ ਕੀਤਾ ਮਹਿੰਗਾ ਮੋਬਾਈਲ ਜਾਂ ਲੈਪਟਾਪ ਰਸਤੇ ਵਿੱਚ ਚੋਰੀ ਵੀ ਹੋ ਸਕਦਾ ਹੈ ? ਅਜਿਹਾ ਹੀ ਇੱਕ ਸਨਸਨੀਖੇਜ਼ ਮਾਮਲਾ ਸ਼ੰਭੂ ਇਲਾਕੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਨਾਮੀ ਡਿਲੀਵਰੀ ਕੰਪਨੀ ਦੇ ਕਰਮਚਾਰੀਆਂ ਨੇ ਹੀ ਮਿਲ ਕੇ ਕੰਪਨੀ ਨੂੰ 38 ਲੱਖ ਰੁਪਏ ਦਾ ਰਗੜਾ ਲਗਾ ਦਿੱਤਾ।
ਆਖਿਰ ਕਿਵੇਂ ਖੁੱਲ੍ਹ ਗਿਆ ਭੇਦ ?
ਥਾਣਾ ਸ਼ੰਭੂ ਖੇਤਰ ਅਧੀਨ ਪੈਂਦੇ ਰਾਮਨਗਰ ਸੈਣੀਆਂ ਸਥਿਤ ਡਿਲੀਵਰੀ ਕੰਪਨੀ ਦੇ ਸੁਰੱਖਿਆ ਮੈਨੇਜਰ ਸੁਨੀਲ ਕੁਮਾਰ ਪੁੱਤਰ ਹਾੜੂ ਰਾਮ ਵਾਸੀ ਮਕਾਨ ਨੰ. 2 ਨੇੜੇ ਕਾਲੀ ਮਾਤਾ ਮੰਦਰ ਪਿੰਡ ਲਾਲੜੂ ਜਿਲਾ ਮੋਹਾਲੀ ਨੂੰ ਪਿਛਲੇ ਕਾਫੀ ਸਮੇਂ ਤੋਂ ਗਾਹਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਗ੍ਰਾਹਕਾਂ ਦਾ ਕਹਿਣਾ ਸੀ ਕਿ ਉਹ ਰਿਲਾਇੰਸ ਕੰਪਨੀ ਦੇ ਮੋਬਾਈਲ ਅਤੇ ਲੈਪਟਾਪ ਆਰਡਰ ਕਰਦੇ ਹਨ, ਪਰ ਜਦੋਂ ਡੱਬਾ ਖੋਲ੍ਹਦੇ ਹਨ ਤਾਂ ਉਹ ਖਾਲੀ ਨਿਕਲਦਾ ਹੈ। ਜਦੋਂ ਮੈਨੇਜਰ ਨੇ ਡੂੰਘਾਈ ਨਾਲ ਜਾਂਚ ਕੀਤੀ, ਤਾਂ ਸੱਚਾਈ ਸਾਹਮਣੇ ਆਈ ‘ਤੇ ਸਾਰਿਆਂ ਦੇ ਹੋਸ਼ ਉੱਡ ਗਏ।
ਚੋਰੀ ਦਾ ਲੱਭਿਆ ਹੋਰ ਹੀ ਢੰਗ
ਪੁਲਿਸ ਰਿਪੋਰਟ ਅਨੁਸਾਰ, ਕੰਪਨੀ ਦੇ ਹੀ ਸੁਰੱਖਿਆ ਗਾਰਡ ਵਿਕਰਮਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਸਰਾਲਾ ਕਲਾਂ ਥਾਣਾ ਘਨੋਰ ਅਤੇ ਸੁਖਵੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਮੁਰਾਦਪੁਰ ਥਾਣਾ ਸੰਭੂ, ਇਸ ਪੂਰੀ ਖੇਡ ਦੇ ਮਾਸਟਰਮਾਈਂਡ ਨਿੱਕਲੇ। ਇਹ ਦੋਵੇਂ ਜਣੇ ਮਿਲ ਕੇ, ਕੋਰੀਅਰ ਕੰਪਨੀ ਵਿੱਚ ਪਹੁੰਚੇ ਪਾਰਸਲਾਂ ਵਿੱਚੋਂ ਕੀਮਤੀ ਮੋਬਾਈਲ ਅਤੇ ਲੈਪਟਾਪ ਕੱਢ ਲੈਂਦੇ ਸਨ। ਚੋਰੀ ਫੜੀ ਨਾ ਜਾਵੇ, ਇਸ ਲਈ ਉਹ ਡੱਬੇ ਨੂੰ ਬਿਲਕੁਲ ਉਸੇ ਤਰ੍ਹਾਂ ਪੈਕ ਕਰਦੇ ਸਨ ਅਤੇ ਉੱਪਰ ਰਿਲਾਇੰਸ ਕੰਪਨੀ ਦੀ ਨਕਲੀ ਟੇਪ ਅਤੇ **ਹੋਲੋਗ੍ਰਾਮ** ਲਗਾ ਦਿੰਦੇ ਸਨ ਤਾਂ ਜੋ ਕਿਸੇ ਨੂੰ ਸ਼ੱਕ ਵੀ ਨਾ ਹੋਵੇ।
ਪੁਲਿਸ ਦੀ ਕਾਰਵਾਈ
ਥਾਣਾ ਸ਼ੰਭੂ ਦੀ ਪੁਲਿਸ ਨੇ ਮੁਦਈ ਮੁਕੱਦਮਾਂ ਸੁਨੀਲ ਕੁਮਾਰ ਦੇ ਬਿਆਨਾਂ ‘ਤੇ ਦੋਸ਼ੀਆਂ ਖਿਲਾਫ ਬੀ.ਐਨ.ਐਸ. (BNS) ਦੀਆਂ ਧਾਰਾਵਾਂ 318(4) ਅਤੇ 306 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਮੁਦਈ ਦਾ ਹਕਿਣਾ ਹੈ, ਦੋਵੇਂ ਨਾਮਜ਼ਦ ਦੋਸ਼ੀਆਂ ਨੇ ਕੰਪਨੀ ਨੂੰ ਕਰੀਬ 38 ਲੱਖ ਰੁਪਏ ਦਾ ਚੂਨਾ ਲਾਇਆ ਹੈ। ਅਜਿਹੀ ਚੋਰੀ ਨੇ ਕੰਪਨੀਆਂ ਅਤੇ ਗਾਹਕਾਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਚੌਕਸ ਰਹਿਣਾ ਲਾਜ਼ਿਮੀ- ਆਨਲਾਈਨ ਸਮਾਨ ਮੰਗਵਾਉਣ ਸਮੇਂ ਹਮੇਸ਼ਾ ਪਾਰਸਲ ਦੀ ਪੈਕਿੰਗ ਧਿਆਨ ਨਾਲ ਚੈੱਕ ਕਰੋ। ਜੇਕਰ ਟੇਪ ਨਾਲ ਛੇੜਛਾੜ ਲੱਗੇ, ਤਾਂ ਡਿਲੀਵਰੀ ਲੈਣ ਤੋਂ ਪਹਿਲਾਂ ਵੀਡੀਓ ਜ਼ਰੂਰ ਬਣਾਓ।







