ਪਹਿਲਾਂ ਸੋਨਾ ਚੋਰੀ ਕੀਤਾ, ਫਿਰ ਬੈਂਕ ਤੋਂ ਲੈ ਲਿਆ ਲੋਨ ‘ਤੇ…
ਲੁਧਿਆਣਾ ਦੀ ਸਕੂਟਰੀ: ਬਰਨਾਲਾ ਪੁਲਿਸ ਨੇ ਇੰਝ ਫੇਰਿਆ ਸ਼ਾਤਰ ਚੋਰ ਦੀਆਂ ਉਮੀਦਾਂ ‘ਤੇ ਪਾਣੀ !
ਰਘਬੀਰ ਹੈਪੀ, ਬਰਨਾਲਾ 5 ਜਨਵਰੀ 2026
ਪੁਲਿਸ ਨੇ ਇੱਕ ਅਜਿਹੇ ਹਾਇਟੈਕ ਚੋਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਨੇ ਪਹਿਲਾਂ ਇੱਕ ਘਰੋਂ ਗਹਿਣੇ ਚੋਰੀ ਦੀ ਵੱਡੀ ਵਾਰਦਾਤ ਨੂੰ ਬਹੁਤ ਹੀ ਹੁਸ਼ਿਆਰੀ ਨਾਲ ਅੰਜਾਮ ਦਿੱਤਾ। ਫਿਰ ਉਸ ਨੇ ਚੋਰੀ ਕੀਤੇ ਮਾਲ ਨੂੰ ਬੈਂਕ ਵਿੱਚ ਗਿਰਵੀ ਰੱਖ ਕੇ ਲੋਨ ਲੈਣ ਵੀ ਲੈ ਲਿਆ। ਅੱਗੋਂ ਪੁਲਿਸ ਉਸ ਤੋਂ ਵੀ ਜ਼ਿਆਦਾ ਹੁਸ਼ਿਆਰ ਨਿੱਕਲੀ, ਜਿਸ ਨੇ ਦੋਸ਼ੀ ਨੂੰ ਦਬੋਚ ਹੀ ਲਿਆ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਕਾਫੀ ਗਹਿਣੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ, ਲੁਧਿਆਣਾ ਤੋਂ ਚੋਰੀ ਕੀਤੀ ਸਕੂਟਰੀ ਵੀ ਬਰਾਮਦ ਕੀਤੀ ਹੈ। ਮੀਡੀਆ ਨੂੰ ਇਹ ਜਾਣਕਾਰੀ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। 

ਵਾਰਦਾਤ ਤੋਂ ਗ੍ਰਿਫ਼ਤਾਰੀ ਤੱਕ ਦਾ ਸਫ਼ਰ:
ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ 14 ਦਸੰਬਰ 2025 ਨੂੰ ਹੰਡਿਆਇਆ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਉਰਫ਼ ਬਾਵਾ ਵਿੱਕੀ ਦੇ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਹੋਈ ਸੀ। ਚੌਕੀ ਹੰਡਿਆਇਆ ਦੇ ਇੰਚਾਰਜ ਸ:ਬ: ਤਰਸੇਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਤਫ਼ਤੀਸ਼ ਕਰਦਿਆਂ ਪਰਵਿੰਦਰ ਸਿੰਘ ਉਰਫ਼ ਨਵੀ ਪੁੱਤਰ ਬੂਟਾ ਸਿੰਘ ਵਾਸੀ ਹਰਨਾਮ ਸਿੰਘ ਵਾਲਾ, ਥਾਣਾ ਫੂਲ, ਜ਼ਿਲ੍ਹਾ ਬਠਿੰਡਾ ਨੂੰ ਦੋਸ਼ੀ ਨਾਮਜ਼ਦ ਕਰਕੇ ਉਸ ਨੂੰ 31 ਦਸੰਬਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਪੁਲਿਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਵਾਰਦਾਤ ਲਈ ਵਰਤੀ ਗਈ ਐਕਟਿਵਾ ਸਕੂਟਰੀ ਵੀ ਲੁਧਿਆਣਾ ਦੇ ਘੰਟਾ ਘਰ ਇਲਾਕੇ ਤੋਂ ਚੋਰੀ ਕੀਤੀ ਸੀ।
ਭਰਜਾਈ ਨਾਲ ਮਿਲ ਕੇ ਰਚੀ ‘ਲੋਨ’ ਦੀ ਸਾਜ਼ਿਸ਼:
ਪੁਲਿਸ ਤਫ਼ਤੀਸ਼ ਵਿੱਚ ਸਭ ਤੋਂ ਹੈਰਾਨੀਜਨਕ ਖੁਲਾਸਾ ਇਹ ਹੋਇਆ ਕਿ ਚੋਰੀ ਕੀਤੇ ਸੋਨੇ ਦੇ ਕੁਝ ਹਿੱਸੇ ਨੂੰ ਦੋਸ਼ੀ ਪਰਵਿੰਦਰ ਸਿੰਘ ਨੇ ਆਪਣੀ ਭਰਜਾਈ ਮਨਜਿੰਦਰ ਕੌਰ (ਵਾਸੀ ਸਿਰਸਾ) ਦੇ ਨਾਮ ‘ਤੇ IIFL ਫਾਈਨਾਂਸ ਬੈਂਕ ਕਾਲਿਆਂਵਾਲੀ ਵਿੱਚ ਗਿਰਵੀ ਰੱਖ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਚੋਰੀ ਦੇ ਸੋਨੇ ‘ਤੇ ਬੈਂਕ ਤੋਂ 2,89,492 ਰੁਪਏ ਦਾ ਲੋਨ ਵੀ ਪ੍ਰਾਪਤ ਕਰ ਲਿਆ।
ਪੁਲਿਸ ਦੀ ਬਰਾਮਦਗੀ ਤੇ ਕਾਰਵਾਈ:
ਪੁਲਿਸ ਨੇ ਗਿਰਫ਼ਤਾਰ ਦੋਸ਼ੀ ਪਾਸੋਂ ਵੱਡੀ ਮਾਤਰਾ ਵਿੱਚ ਚਾਂਦੀ ਦੇ ਗਹਿਣੇ, ਸਿੱਕੇ ਅਤੇ ਸੋਨੇ ਦੇ ਕੋਕੇ ਬਰਾਮਦ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਮਨਜਿੰਦਰ ਕੌਰ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੈਂਕ ਵਿੱਚ ਪਿਆ ਬਾਕੀ ਸੋਨਾ ਵੀ ਬਰਾਮਦ ਕਰਵਾ ਲਿਆ ਜਾਵੇਗਾ।
ਪੁਲਿਸ ਦੇ ਅਗਲੇ ਐਕਸ਼ਨ ਤੇ ਟਿਕੀਆਂ ਨਜ਼ਰਾਂ
ਬੇਸ਼ੱਕ ਪੁਲਿਸ ਨੇ ਚੋਰੀ ਦੀ ਗੁੰਝਲਦਾਰ ਘਟਨਾ ਨੂੰ ਸੁਲਝਾਉਂਦਿਆਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ, ਕੁੱਝ ਚੋਰੀ ਦਾ ਮਾਲ ਬਰਾਮਦ ਵੀ ਕਰ ਲਿਆ ਅਤੇ ਉਸ ਦੀ ਸਹਿ ਦੋਸ਼ੀ ਨੂੰ ਕੇਸ ਵਿੱਚ ਨਾਮਜ਼ਦ ਵੀ ਕਰ ਲਿਆ ਹੈ। ਪਰੰਤੂ ਹੁਣ ਇਹ ਵੇਖਣਾ ਹੋਵੇਗਾ ਕਿ ਪੁਲਿਸ IIFL ਫਾਈਨਾਂਸ ਬੈਂਕ ਕਾਲਿਆਂਵਾਲੀ (ਸਿਰਸਾ) ਖਿਲਾਫ ਕੀ ਐਕਸ਼ਨ ਲਵੇਗੀ, ਕਿਉਂਕਿ ਕਾਨੂੰਨ ਅਨੁਸਾਰ ਜਿਸ ਵਿਅਕਤੀ ਤੋਂ ਚੋਰੀ ਦਾ ਮਾਲ ਬਰਾਮਦ ਹੁੰਦਾ ਹੈ,ਉਸ ਦੇ ਖਿਲਾਫ ਵੀ 411 ਆਈਪੀਸੀ ਦੀ ਧਾਰਾ ( ਹੁਣ ਭਾਰਤੀ ਨਿਆਂ ਸੰਹਿਤਾ ਦੀ ਧਾਰਾ 317(2) ਲੱਗਦੀ ਹੈ। ਤਹਿਤ ਦੋਸ਼ੀ ਨਾਮਜ਼ਦ ਕੀਤਾ ਜਾ ਸਕਦਾ ਹੈ, ਪਰੰਤੂ ਇਸ ਘਟਨਾ ਵਿੱਚ ਚੋਰੀ ਦਾ ਮਾਲ ਇੱਕ ਬੈਂਕ ਵਿੱਚੋਂ ਬਰਾਮਦ ਹੋਣਾ ਹੈ। ਇਸ ਲਈ ਹੁਣ ਲੋਕਾਂ ਦੀਆਂ ਨਜ਼ਰਾਂ ਪੁਲਿਸ ਦੀ ਅਗਲੀ ਬਰਾਮਦਗੀ ਵਾਲੇ ਐਕਸ਼ਨ ਤੇ ਟਿਕੀਆਂ ਹੋਈਆਂ ਹਨ।
ਚੋਰੀ ਤੋਂ ਪੀੜਤ ਰਾਕੇਸ਼ ਕੁਮਾਰ ਉਰਫ ਬਾਵਾ ਵਿੱਕੀ ਨੇ ਜ਼ਿਲ੍ਹਾ ਪੁਲਿਸ ਮੁਖੀ ਸਰਫ਼ਰਾਜ਼ ਆਲਮ, ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਚੌਕੀ ਇੰਚਾਰਜ ਤਰਸੇਮ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ
ਜਿਸ ਤਰ੍ਹਾਂ ਚੋਰੀ ਦੀ ਹੈਰਾਨੀਜਨਕ ਵਾਰਦਾਤ ਤੋਂ ਅੰਜ਼ਾਮ ਦਿੱਤਾ ਗਿਆ ਅਤੇ ਮੌਕੇ ਵਾਰਦਾਤ ਤੋਂ ਕੋਈ ਸੁਰਾਗ ਵੀ ਨਹੀਂ ਮਿਲਿਆ ਸੀ, ਤਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੋਈ ਉਮੀਦ ਦੀ ਕਿਰਨ ਦਿਖਾਈ ਹੀ ਨਹੀਂ ਦੇ ਰਹੀ ਸੀ ਕਿ ਚੋਰ ਫੜਿਆ ਵੀ ਜਾਵੇਗਾ, ਪਰੰਤੂ ਪੁਲਿਸ ਟੀਮ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ। ਉਨ੍ਹਾਂ ਕਿਹਾ ਕਿ ਚੋਰੀ ਦੀ ਅਜਿਹੀ ਘਟਨਾ,ਜਿਸ ਵਿੱਚ ਇਲਾਕੇ ਤੋਂ ਬਾਹਰੀ ਚੋਰ ਸ਼ਾਮਲ ਸਨ ਅਤੇ ਸੋਨਾ ਗੁਆਂਢੀ ਸੂਬੇ ਦੀ ਇੱਕ ਫਾਈਨਾਂਸ ਕੰਪਨੀ ਕੋਲ ਗਹਿਣੇ ਰੱਖਿਆ ਗਿਆ ਹੋਵੇ, ਨੂੰ ਟ੍ਰੇਸ ਕਰਨ ਨਾਲ ਲੋਕਾਂ ਦਾ ਭਰੋਸਾ ਪੁਲਿਸ ਤੇ ਵਧਿਆ ਹੈ ਕਿ ਪੰਜਾਬ ਪੁਲਿਸ ਨਾ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਸਕਦੀ ਹੈ।
ਜਿਸ ਤਰ੍ਹਾਂ ਚੋਰੀ ਦੀ ਹੈਰਾਨੀਜਨਕ ਵਾਰਦਾਤ ਤੋਂ ਅੰਜ਼ਾਮ ਦਿੱਤਾ ਗਿਆ ਅਤੇ ਮੌਕੇ ਵਾਰਦਾਤ ਤੋਂ ਕੋਈ ਸੁਰਾਗ ਵੀ ਨਹੀਂ ਮਿਲਿਆ ਸੀ, ਤਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੋਈ ਉਮੀਦ ਦੀ ਕਿਰਨ ਦਿਖਾਈ ਹੀ ਨਹੀਂ ਦੇ ਰਹੀ ਸੀ ਕਿ ਚੋਰ ਫੜਿਆ ਵੀ ਜਾਵੇਗਾ, ਪਰੰਤੂ ਪੁਲਿਸ ਟੀਮ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ। ਉਨ੍ਹਾਂ ਕਿਹਾ ਕਿ ਚੋਰੀ ਦੀ ਅਜਿਹੀ ਘਟਨਾ,ਜਿਸ ਵਿੱਚ ਇਲਾਕੇ ਤੋਂ ਬਾਹਰੀ ਚੋਰ ਸ਼ਾਮਲ ਸਨ ਅਤੇ ਸੋਨਾ ਗੁਆਂਢੀ ਸੂਬੇ ਦੀ ਇੱਕ ਫਾਈਨਾਂਸ ਕੰਪਨੀ ਕੋਲ ਗਹਿਣੇ ਰੱਖਿਆ ਗਿਆ ਹੋਵੇ, ਨੂੰ ਟ੍ਰੇਸ ਕਰਨ ਨਾਲ ਲੋਕਾਂ ਦਾ ਭਰੋਸਾ ਪੁਲਿਸ ਤੇ ਵਧਿਆ ਹੈ ਕਿ ਪੰਜਾਬ ਪੁਲਿਸ ਨਾ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਸਕਦੀ ਹੈ। 






