‘ਬਾਊ ਜੀ’ ਸਮਾਜ ਦਾ ਇੱਕ ਧੁਰਾ ਸਨ, ਉਹਨਾਂ ਦੇ ਪਰਿਵਾਰ ਨਾਲ ਮੇਰੇ ਸਬੰਧ ਉਸੇ ਤਰ੍ਹਾਂ ਬਣੇ ਰਹਿਣਗੇ : ਬਲਤੇਜ ਪੰਨੂੰ
ਮੀਤ ਹੇਅਰ ਨੇ ਕਿਹਾ ‘ਬਾਊ ਜੀ’ ਇੱਕ ਯੁੱਗ ਪੁਰਸ਼ ਸਨ, ਜਿਨ੍ਹਾਂ ਕਾਨੂੰਨ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਮਿੱਟ ਛਾਪ ਛੱਡੀ ਹੈ
ਬਾਊ ਜੀ ਦੇ ਵੱਡੇ ਬੇਟੇ ਡਾ: ਪੀਨਾਂਕ ਮੋਦਗਿੱਲ ਨੂੰ ਐੱਸ.ਡੀ ਸਭਾ ਦਾ ਚੇਅਰਮੈਨ ਥਾਪਿਆ
ਰਘਬੀਰ ਹੈਪੀ, ਬਰਨਾਲਾ 01 ਜਨਵਰੀ 2026
ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਅਤੇ ਸੀਨੀਅਰ ਐਡਵੋਕੇਟ ਸਵ: ਬਾਊ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੂੰ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ, ਧਾਰਮਿਕ, ਸਮਾਜਿਕ, ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਇਲਾਕਾ ਭਰ ਦੇ ਹਜਾਰਾਂ ਲੋਕਾਂ ਵਲੋਂ ਸਰਧਾਂਜ਼ਲੀਆਂ ਭੇੇਟ ਕੀਤੀਆਂ ਗਈਆਂ।
ਐੱਸ.ਐੱਸ.ਡੀ ਕਾਲਜ ਵਿੱਚ ਸਵ: ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾਂ ‘ਬਾਊ ਜੀ’ ਦੇ ਨਮਿੱਤ ਸ੍ਰੀ ਗੁਰੁੜ ਪ੍ਰਾਣ ਦੇ ਪਾਠ ਦੇ ਭੋਗ ਉਪਰੰਤ ਸਰਧਾਂਜ਼ਲੀ ਸਮਾਗਮ ਹੋਇਆ, ਜਿਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪੰਨੂੰ ਨੇ ‘ਬਾਊ ਜੀ’ ਨਾਲ ਆਪਣੇ ਪਰਵਾਰਿਕ ਸਬੰਧ ਦੱਸਦਿਆਂ ਕਿਹਾ ਕਿ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾਂ ਨੇ ਸਦਾ ਉਹਨਾਂ ਨੂੰ ਇੱਕ ਪਿਤਾ ਵਾਂਗ ਪਿਆਰ ਦਿੱਤਾ।
ਉਹਨਾਂ ਕਿਹਾ ਕਿ ਉਹ ਸਮਾਜ ਦਾ ਇੱਕ ਧੁਰਾ ਸਨ, ਜਿਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਇਲਾਕੇ ਨੂੰ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਸਥਾਪਿਤ ਕਰਕੇ ਦਿੱਤੀਆਂ ਹਨ। ਬਾਊ ਜੀ ਵੱਲੋਂ ਐੱਸ.ਐੱਸ.ਡੀ ਕਾਲਜ ਨੂੰ ਯੂਨੀਵਰਸਟੀ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਗਵੰਤ ਮਾਨ ਸਰਕਾਰ ਸਦਾ ਐੱਸ.ਡੀ ਸਭਾ ਦੇ ਨਾਲ ਖੜੀ ਹੈ।
ਸ੍ਰੀ ਬਲਤੇਜ ਪੰਨੂੰ ਨੇ ‘ਬਾਊ ਜੀ’ ਦੇ ਵੱਡੇ ਸਪੁੱਤਰ ਡਾ: ਪੀਨਾਂਕ ਮੋਦਗਿੱਲ ਅਤੇ ਸ਼ਿਵ ਸਿੰਗਲਾ ਨੂੰ ਮਿਲ ਕੇ ਬਾਊ ਜੀ ਦੇ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਲੱਗਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਐੱਸ.ਡੀ ਸਭਾ ਦੇ ਨਾਲ ਖੜੇ ਹਨ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ‘ਬਾਊ ਜੀ’ ਦੇ ਇੱਕ ਸੱਦੇ ’ਤੇ ਉਹ ਸਵਾ ਘੰਟੇ ਵਿੱਚ ਬਰਨਾਲਾ ਵਿੱਚ ਹਾਜਰ ਹੋ ਜਾਂਦੇ ਸਨ, ਉਸੇ ਤਰ੍ਹਾਂ ਹੀ ‘ਬਾਊ ਜੀ’ ਸੁਪੱਤਰਾਂ ਡਾ: ਪੀਨਾਂਕ ਮੋਦਗਿੱਲ ਅਤੇ ਹਿਮਾਂਸੂ ਮੋਦਗਿੱਲ ਦੀ ਇੱਕ ਆਵਾਜ ’ਤੇ ਉਹ ਹਾਜਰ ਹੁੰਦੇ ਰਹਿਣਗੇ।
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ‘ਬਾਊ ਜੀ’ ਸ਼ਿਵਦਰਸ਼ਨ ਸਰਮਾਂ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਹਨਾਂ ਨੂੰ ਇੱਕ ਯੁੱਗ ਪੁਰਸ਼ ਦੱਸਿਆ। ਉਨ੍ਹਾਂ ਕਿਹਾ ਕਿ ਬਾਊ ਜੀ ਦੀ ਇਹ ਖੂਬੀ ਰਹੀ ਕਿ ਉਹ ਖੁਦ ਕਾਂਗਰਸ ਪਾਰਟੀ ਦੇ ਵਫਾਦਾਰ ਰਹਿੰਦਿਆਂ ਹੋਰਨਾਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਆਪਣਾ ਬਣਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਬਾਊ ਜੀ ਦੀ ਜ਼ਿਲ੍ਹਾ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਮੌਕੇ ਦੀ ਪ੍ਰਧਾਨਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੀ ਬਰਨਾਲਾ ਪਹੁੰਚੇ ਸਨ, ਜਿਸ ਨਾਲ ਇਤਿਹਾਸ ਦੇ ਪੰਨਿਆਂ ਤੇ ਇੱਕ ਵਿਲੱਖਣ ਇਬਾਰਤ ਲਿਖੀ ਗਈ।
ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ‘ਬਾਊ ਜੀ’ ਜਿਥੇ ਇੱਕ ਪ੍ਰਸਿੱਧ ਐਡਵੋਕੇਟ ਅਤੇ ਐੱਸ ਡੀ ਸਭਾ ਬਰਨਾਲਾ ਦੇ ਕਰਤਾ ਧਰਤਾ ਸਨ, ਉਥੇ ਬਰਨਾਲਾ ਦੀ ਸਿਆਸਤ ਵਿੱਚ ਇੱਕ ਵੱਡਾ ਨਾਮ ਸਨ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਸਾਰੀ ਉਮਰ ਕਾਂਗਰਸ ਪਾਰਟੀ ਨਾਲ ਜੁੜੇ ਰਹੇ।
ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਵਕਾਲਤ ਖੇਤਰ ਵਿੱਚ ਐਡਵੋਕੇਟ ਸ੍ਰੀ ਸ਼ਿਵਦਰਸ਼ਨ ਸ਼ਰਮਾਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਕਿਵੇਂ ਉਹ ਆਪਣੀਆਂ ਦਲੀਲਾਂ ਅਤੇ ਬਹਿਸਾਂ ਨਾਲ ਵੱਡੇ-ਵੱਡੇ ਕੇਸਾਂ ਵਿੱਚ ਜੱਜ ਸਾਹਿਬਾਨ ਨੂੰ ਵੀ ਫੈਸਲੇ ਬਦਲਣ ਲਈ ਮਜਬੂਰ ਕਰ ਦਿੰਦੇ ਸਨ।
ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਤੇ ਭਾਜਪਾ ਆਗੂ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ, ਬੀਬੀ ਸੁਰਿੰਦਰ ਕੌਰ ਬਾਲੀਆਂ, ਸੈਸ਼ਨ ਜੱਜ ਜਲੰਧਰ ਮੋਹਿਤ ਗਰਗ, ਏ ਡੀ ਜੇ ਨਰੇਸ਼ ਕੁਮਾਰ , ਰਿਟਾਇਰਡ ਸ਼ੈਸ਼ਨ ਜੱਜ ਕਰਨੈਲ ਸਿੰਘ ਸਹੌਰ, ਸੇਵਾ ਮੁਕਤ ਐੱਸ.ਪੀ ਰੁਪਿੰਦਰ ਭਾਰਦਵਾਜ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ,
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਆਪ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸਵਿੰਦਰ ਸਿੰਘ ਜੰਡੂ, ਕਾਂਗਰਸੀ ਆਗੂ ਮਹਿੰਦਰਪਾਲ ਸਿੰਘ ਪੱਖੋ, ਠੇਕੇਦਾਰ ਬਿੰਦਰ ਸਿੰਘ ਲੌਂਗੋਵਾਲ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਆਦਿ ਨੇ ਵਿਸ਼ੇਸ ਹਾਜਰੀ ਭਰੀ। ਇਸ ਸਮੇਂ ਸਟੇਜ ਸਕੱਤਰ ਦਾ ਫਰਜ਼ ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਨਿਭਾਇਆ। ਇਸ ਮੌਕੇ ਐੱਸ ਐੱਸ ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਪਰਵਾਰ ਵੱਲੋਂ ਸਰਧਾਂਜ਼ਲੀ ਸਮਾਗਮ ਵਿੱਚ ਪੁਹੰਚੇ ਲੋਕਾਂ ਦਾ ਧਨਵਾਦ ਕੀਤਾ ਗਿਆ। ਇਸ ਸਮੇਂ ਜਿਥੇ ਰਿਸਤੇਦਾਰਾਂ ਵੱਲੋਂ ਬਾਊ ਜੀ ਦੇ ਵੱਡੇ ਬੇਟੇ ਪੀਨਾਂਕ ਮੋਦਗਿੱਲ ਨੂੰ ਰਸਮ ਪਗੜੀ ਕੀਤੀ ਗਈ, ਉਥੇ ਹੀ ਐੱਸ.ਡੀ ਸਭਾ ਦੇ ਪ੍ਰਧਾਨ ਡਾ: ਭੀਮ ਸੈਨ ਗਰਗ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਜੈ ਕੁਮਾਰ ਭਦੌੜ, ਜਤਿੰਦਰ ਗੋਇਲ, ਸੁਰਿੰਦਰ ਮਿੱਤਲ, ਕੁਲਵੰਤ ਰਾਏ ਗੋਇਲ, ਲੋਕੇਸ਼ ਮੱਕੜਾ, ਸਵਿੰਦਰ ਕੁਮਾਰ, ਨਰਿੰਦਰ ਚੋਪੜਾ,ਪ੍ਰਵੀਨ ਸਿੰਗਲਾ ,ਜਗਵਿੰਦਰ ਸ਼ਰਮਾ ,ਮਾਨਵ ਗੋਇਲ ,ਮਨੀਸ਼ ਗੁਪਤਾ ,ਮਨੀਸ਼ ,ਆਰ ਕੇ ਚੌਧਰੀ ,ਸੰਦੀਪ ਸਿੰਘਲ ,ਵਿਵੇਕ ਸਿੰਧਵਾਨੀ ,ਅਨਿਲ ਦੱਤ ਸ਼ਰਮਾ ,ਮਹੇਸ਼ ਟੀਟੂ ਅਤੇ ਮਹੇਸ਼ ਗੋਇਲ ਆਦਿ ਵੱਲੋਂ ਸਰਬਸੰਮਤੀ ਨਾਲ ਮਤਾ ਪਾਉਂਦਿਆਂ ‘ਬਾਊ ਜੀ’ ਸਿਵਦਰਸ਼ਨ ਕੁਮਾਰ ਸ਼ਰਮਾਂ ਦੇ ਜਾਣ ਤੋਂ ਬਾਅਦ ਖਾਲੀ ਹੋਏ ਐੱਸ ਡੀ ਸਭਾ ਦੇ ਚੇਅਰਮੈਨ ਦੇ ਆਹੁਦੇ ਲਈ ਉਹਨਾਂ ਦੇ ਬੇਟੇ ਪੀਨਾਂਕ ਮੋਦਗਿੱਲ ਨੂੰ ਨਾਮਜਦ ਕਰਦਿਆਂ ਪਗੜੀ ਪਹਿਨਾਈ ਗਈ।







