ਫੈਸਲਿਆਂ ਨੂੰ ਓਪਰੋ ਪ੍ਰਵਾਨਗੀਆਂ ਦਾ ਮੁੱਕਿਆ ਯੱਬ , ਮੀਤ ਹੇਅਰ ਦਾ ਦਾਅਵਾ, ਹੁਣ ਮੈਟਰੋ ਟ੍ਰੇਨ ਦੀ ਗਤੀ ਨਾਲ ਹੋਊ ਵਿਕਾਸ ,
ਹਰਿੰਦਰ ਨਿੱਕਾ, ਬਰਨਾਲਾ 28 ਅਕਤੂਬਰ 2025
ਬਰਨਾਲਾ ਸ਼ਹਿਰ ‘ਚ ਜਸ਼ਨ ਦਾ ਮਾਹੌਲ ਹੈ ਅਤੇ ਹਰ ਕਿਸੇ ਦੀ ਜੁਬਾਨ ਤੇ ਪੰਜਾਬੀ ਦੇ ਮਕਬੂਲ ਗੀਤ ਦੇ ਬੋਲ, ਬਾਜ਼ੀ ਮਾਰ ਗਿਆ ਬਰਨਾਲਾ ਵਾਲਾ ਗੱਭਰੂ, ਤੇ ਬਾਕੀ ਰਹਿ ਹਾਲ ਪੁੱਛਦੇ,,! ਯਾਨੀ ਸੰਗਰੂਰ ਜਿਲ੍ਹੇ ‘ਚੋਂ ਕੁੱਝ ਅਰਸਾ ਪਹਿਲਾਂ ਵੱਖ ਹੋ ਕੇ, ਬਣੇ ਜਿਲ੍ਹਾ ਬਰਨਾਲਾ ਦੇ ਸ਼ਹਿਰ ਬਰਨਾਲਾ ਦੀ ਨਗਰ ਕੌਂਸਲ ਨੂੰ ਪੰਜਾਬ ਕੈਬਨਿਟ ਨੇ ਨਗਰ ਨਿਗਮ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਸਿਹਰਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ, ਲੋਕ ਸਭਾ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਨੂੰ ਹੀ ਜਾਂਦਾ ਹੈ। ਜਦੋਂਕਿ ਤਤਕਾਲੀ ਕਾਂਗਰਸ ਸਰਕਾਰ ਦੇ ਪ੍ਰਭਾਵੀ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਆਪਣੇ ਹਲਕੇ ਦੀ ਨਗਰ ਕੌਂਸਲ ਸੰਗਰੂਰ ਨੂੰ ਨਗਰ ਨਿਗਮ ਬਣਾਏ ਜਾਣ ਦੀਆਂ ਵਿੱਢੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਨਹੀਂ ਪਿਆ ਸੀ, ਜਿਸ ਕਾਰਣ, ਫਿਰ ਉੱਥੇ ਨਗਰ ਕੌਂਸਲ ਦੀ ਚੋਣ ਹੀ ਹੋਈ ਹੈ। ਇਸ ਤਰਾਂ ਮੀਤ ਹੇਅਰ ਨੇ ਵਿਜੇਇੰਦਰ ਸਿੰਗਲਾ ਤੋਂ ਆਪਣੇ ਹਲਕੇ ਦੇ ਸ਼ਹਿਰ ਬਰਨਾਲਾ ਨੂੰ ਨਗਰ ਨਿਗਮ ਬਣਾ ਕੇ ਬਾਜ਼ੀ ਮਾਰ ਲਈ ਹੈ।
ਨਗਰ ਕੌਂਸਲ ਬਰਨਾਲਾ ਦੇ ਕੁੱਲ 31 ਮੈਂਬਰੀ ਹਾਊਸ ਦੇ 20 ਮੈਂਬਰਾਂ ਨੇ 26 ਸਤੰਬਰ 2025 ਦੀ ਇਤਹਾਸਿਕ ਮੀਟਿੰਗ ਵਿੱਚ ਨਿਗਮ ਦੇ ਹੱਕ ਵਿੱਚ ਅਤੇ 10 ਮੈਂਬਰਾਂ ਨੇ ਵਿਰੋਧ ਵਿੱਚ ਵੋਟਿੰਗ ਕੀਤੀ ਸੀ। ਜਦੋਂਕਿ ਹਲਕੇ ਦਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼ਹਿਰ ਨੂੰ ਅੱਪਗ੍ਰੇਡ ਕਰਨ ਲਈ ਰੱਖੀ ਇਸ ਇਤਹਾਸਿਕ ਮੀਟਿੰਗ ਵਿਚੋਂ ਗੈਰ ਹਾਜ਼ਿਰ ਰਿਹਾ ਸੀ। ਅੱਜ ਦੇ ਇਤਿਹਾਸਿਕ ਮੌਕੇ ਜਿੱਥੇ ਆਪ ਸਮਰਥੱਕਾਂ ਵਿੱਚ ਖੁਸ਼ੀ ਹੈ, ਉੱਥੇ ਹੀ ਕੁੱਝ ਕਾਂਗਰਸੀ, ਅਕਾਲੀ ਅਤੇ ਭਾਜਪਾ ਵਰਕਰਾਂ ਵਿੱਚ ਖਾਮੋਸ਼ੀ ਤੇ ਚੁੱਪ ਪਸਰ ਗਈ ਹੈ।
ਨਗਰ ਕੌਂਸਲ ਬਰਨਾਲਾ ਦੇ ਕੁੱਲ 31 ਮੈਂਬਰੀ ਹਾਊਸ ਦੇ 20 ਮੈਂਬਰਾਂ ਨੇ 26 ਸਤੰਬਰ 2025 ਦੀ ਇਤਹਾਸਿਕ ਮੀਟਿੰਗ ਵਿੱਚ ਨਿਗਮ ਦੇ ਹੱਕ ਵਿੱਚ ਅਤੇ 10 ਮੈਂਬਰਾਂ ਨੇ ਵਿਰੋਧ ਵਿੱਚ ਵੋਟਿੰਗ ਕੀਤੀ ਸੀ। ਜਦੋਂਕਿ ਹਲਕੇ ਦਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼ਹਿਰ ਨੂੰ ਅੱਪਗ੍ਰੇਡ ਕਰਨ ਲਈ ਰੱਖੀ ਇਸ ਇਤਹਾਸਿਕ ਮੀਟਿੰਗ ਵਿਚੋਂ ਗੈਰ ਹਾਜ਼ਿਰ ਰਿਹਾ ਸੀ। ਅੱਜ ਦੇ ਇਤਿਹਾਸਿਕ ਮੌਕੇ ਜਿੱਥੇ ਆਪ ਸਮਰਥੱਕਾਂ ਵਿੱਚ ਖੁਸ਼ੀ ਹੈ, ਉੱਥੇ ਹੀ ਕੁੱਝ ਕਾਂਗਰਸੀ, ਅਕਾਲੀ ਅਤੇ ਭਾਜਪਾ ਵਰਕਰਾਂ ਵਿੱਚ ਖਾਮੋਸ਼ੀ ਤੇ ਚੁੱਪ ਪਸਰ ਗਈ ਹੈ। ਲੱਗੇ ਨਾਅਰੇ ਤੇ ਵੰਡੇ ਲੱਡੂ,, ਮੀਤ ਹੇਅਰ ਤੇ ਕੀਤੀ ਫੁੱਲਾਂ ਦੀ ਵਰਖਾ…
ਪੰਜਾਬ ਕੈਬਨਿਟ ਵਿੱਚ ਬਰਨਾਲਾ ਨੂੰ ਨਗਰ ਨਿਗਮ ਬਣਾਏ ਜਾਣ ਦਾ ਫੈਸਲਾ ਹੋਣ ਤੋਂ ਬਾਅਦ ਹੁਣ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ’ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ‘ਆਪ’ ਵਰਕਰਾਂ ਵੱਲੋਂ ਇੱਥੇ ਸਦਰ ਬਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਇਕੱਠੇ ਹੋ ਕੇ ਅਤੇ ਸਫਾਈ ਸੇਵਕਾਂ ਵੱਲੋਂ ਭਗਵਾਨ ਵਾਲਮੀਕਿ ਚੌਂਕ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਲੋਕਾਂ ਨੇ ਮੁੱਖ ਭਗਵੰਤ ਮਾਨ ਅਤੇ ਮੀਤ ਹੇਅਰ ਦੇ ਹੱਕ ਵੀ ਨਾਅਰੇ ਵੀ ਲਾਏ। ਸ਼ਹਿਰੀਆਂ ਨੇ ਮੀਤ ਹੇਅਰ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ। 

ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਕੈਬਨਿਟ ਦਾ ਧੰਨਵਾਦ ਕਰਦੇ ਹਨ, ਜਿੰਨ੍ਹਾਂ ਵੱਲੋਂ ਬਰਨਾਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਜਿਸ ਨਾਲ ਬਰਨਾਲਾ ਨਗਰ ਕੌਂਸਲ ਦੀ ਜਗ੍ਹਾ ’ਤੇ ਨਗਰ ਨਿਗਮ ਅਖਵਾਏਗਾ। ਹੁਣ ਨਗਰ ਨਿਗਮ ਬਣਨ ਨਾਲ ਬਰਨਾਲਾ ਸ਼ਹਿਰ ਦੇ ਵਿਕਾਸ ਦੀ ਗੱਡੀ ਮੈਟਰੋ ਦੀ ਗਤੀ ਨਾਲ ਤੇਜ਼ ਹੋਵੇਗੀ। ਉਲਾਂ ਕਿਹਾ ਕਿ ਹੁਣ ਨਿਗਮ ਵਿੱਚ ਕਮਿਸ਼ਨਰ ਦੀ ਪੋਸਟ ਹੁੰਦੀ ਹੈ, ਜਿਹੜਾ ਆਈਏਐਸ ਅਧਿਕਾਰੀ ਹੁੰਦੈ, ਉਨਾਂ ਦੇ ਬੈਠਣ ਨਾਲ ਹਾਊਸ ਦੇ ਮਤਿਆਂ ਦੀ ਉੱਪਰੋਂ ਮਿਲਣ ਵਾਲੀਆਂ ਪ੍ਰਵਾਨਗੀਆਂ ਦਾ ਯੱਬ ਵੀ ਮੁੱਕ ਗਿਆ ਹੈ। ਬਰਨਾਲਾ ਸ਼ਹਿਰ ਹੁਣ, ਉਨ੍ਹਾਂ 14 ਸ਼ਹਿਰਾਂ ਵਿੱਚ ਸ਼ੁਮਾਰ ਹੋ ਗਿਆ, ਜਿਹੜੇ ਨਗਰ ਨਿਗਮ ਹਨ। ਉਨਾਂ ਕਿਹਾ ਕਿ ਨੋਟੀਫਿਕੇਸ਼ਨ ਹੋਣ ਤੋਂ ਤੁਰੰਤ ਬਾਅਦ ਨਵੀਂ ਵਾਰਡਬੰਦੀ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਨੂੰ ਇਤਰਾਜ਼ ਪ੍ਰਾਪਤ ਹੋਣ ਤੋਂ ਬਾਅਦ ਅੰਤਿਮ ਰੂਪ ਦੇ ਕੇ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਪੂਰੀ ਪ੍ਰਕਿਰਿਆ 31 ਦਸੰਬਰ ਤੋਂ ਪਹਿਲਾਂ- ਪਹਿਲਾਂ ਪੂਰੀ ਕਰ ਲਈ ਜਾਵੇਗੀ। ਨਗਰ ਨਿਗਮ ਦੀ ਚੋਣ ਵੀ ਨਵੇਂ ਵਰ੍ਹੇ ਕਰਵਾ ਦਿੱਤੀ ਜਾਵੇਗੀ, ਯਾਨੀ ਸਾਲ 2026 ਵਿੱਚ ਬਰਨਾਲਾ ਨੂੰ ਪਹਿਲਾ ਮੇਅਰ ਮਿਲ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਹ ਬਹੁਤ ਹੀ ਸਲਾਘਾਯੋਗ ਫੈਸਲਾ ਲਿਆ ਹੈ, ਜਿਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਇਹ ਵੀ ਮਾਣ ਹੈ ਕਿ ‘ਆਪ’ ਸਰਕਾਰ ਨੇ ਇਹ ਇਤਿਹਾਸਕ ਫੈਸਲਾ ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਹੀ ਲਿਆ ਹੈ। ਕੌਸਲਰਾਂ ਨੇ ਆਪਣੀ ਮਿਆਦ ਦੇ ਰਹਿੰਦੇ ਕਰੀਬ 8 ਮਹੀਨਿਆਂ ਦਾ ਤਿਆਗ ਕੀਤਾ ਹੈ। ਇਸ ਮੌਕੇ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ, ਓਐੱਸਡੀ ਹਸ਼ਨਪ੍ਰੀਤ ਭਾਰਦਵਾਜ, ਨਗਰ ਕੌਂਸਲ ਮੀਤ ਪ੍ਰਧਾਨ ਪਰਮਜੀਤ ਜੌਂਟੀ ਮਾਨ, ਕੌਸਲਰ ਜੁਗਰਾਜ ਸਿੰਘ ਪੰਡੋਰੀ, ਬਲਵੀਰ ਸਿੰਘ ਲੱਕੀ, ਸਿੰਦਰ ਕੌਰ, ਸੁਖਵਿੰਦਰ ਕੌਰ ਸ਼ੀਤਲ, ਮਲਕੀਤ ਸਿੰਘ,ਸੀਨੀਅਰ ਆਗੂ ਨੀਰਜ਼ ਜਿੰਦਲ, ਆਗੂ ਨਵੀਨ ਕੁਮਾਰ ਆਦਿ ਵੀ ਹਾਜ਼ਰ ਸਨ।
ਇਹ ਕੌਂਸਲਰਾਂ ਨੇ ਕੀਤਾ ਸੀ ਵਿਰੋਧ…
ਬੇਸ਼ੱਕ 26 ਸਤੰਬਰ 2025 ਨੂੰ ਨਗਰ ਕੌਂਸਲ ਬਰਨਾਲਾ ਦੀ ਹੋਈ ਮੀਟਿੰਗ ਦੌਰਾਨ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਪ੍ਰਸ਼ਤਾਵ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੌਸਲਰਾਂ ਨੇ ਬਹੁਸੰਮਤੀ ਨਾਲ ਪਾਸ ਕੀਤਾ ਸੀ। ਪ੍ਰੰਤੂ ਵੱਖ- ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਕੁੱਝ ਕੌਂਸਲਰਾਂ ਨੇ ਨਗਰ ਨਿਗਮ ਬਣਾਏ ਜਾਣ ਦਾ ਵਿਰੋਧ ਵੀ ਕੀਤਾ ਸੀ। ਵਿਰੋਧ ਕਰਨ ਵਾਲਿਆਂ ਵਿੱਚ ਕਾਂਗਰਸੀ ਕੌਂਸਲਰ ਗਿਆਨ ਕੌਰ, ਗੁਰਪ੍ਰੀਤ ਸਿੰਘ ਕਾਕਾ, ਅਜੈ ਕੁਮਾਰ, ਸ਼ਬਾਨਾ ਪਤਨੀ ਖੁਸ਼ੀ ਮੁਹੰਮਦ, ਮੀਨੂੰ ਬਾਂਸਲ ਪਤਨੀ ਮੰਗਤ ਰਾਏ ਮੰਗਾ ਬਾਂਸਲ, ਪ੍ਰਕਾਸ਼ ਕੌਰ ਪੱਖੋ ਪਤਨੀ ਪਰਮਜੀਤ ਸਿੰਘ ਪੱਖੋ, ਭਾਜਪਾ ਕੌਂਸਲਰ ਰਣਦੀਪ ਕੌਰ ਬਰਾੜ ਪਤਨੀ ਸਰਪੰਚ ਗੁਰਦਰਸ਼ਨ ਸਿੰਘ ਬਰਾੜ, ਅਕਾਲੀ ਕੌਂਸਲਰ ਸਤਬੀਰ ਕੌਰ ਜਾਗਲ ਮਾਤਾ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ, ‘ਆਪ’ ਕੌਂਸਲਰ ਧਰਮਿੰਦਰ ਸਿੰਘ ਸੰਟੀ, ਅਜ਼ਾਦ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਸ਼ਾਮਲ ਸਨ। ਜਦੋਂਕਿ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਦੀ ਪਤਨੀ ਕੌਂਸਲਰ ਦੀਪਿਕਾ ਸ਼ਰਮਾ, ਰਾਣੀ ਕੌਰ ਪਤਨੀ ਜਸਮੇਲ ਸਿੰਘ ਡੇਅਰੀ ਵਾਲਾ, ਭਾਜਪਾ ਆਗੂ ਅਤੇ ਕੌਂਸਲਰ ਧਰਮ ਸਿੰਘ ਫੌਜੀ, ਹਰਬਖ਼ਸੀਸ਼ ਸਿੰਘ ਗੋਨੀ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਭਾਜਪਾ ਆਗੂ ਨਰਿੰਦਰ ਗਰਗ ਨੀਟਾ ਅਤੇ ਅਕਾਲੀ ਕੌਂਸਲਰ ਕਰਮਜੀਤ ਕੌਰ ਰੁਪਾਣਾ ਪਤਨੀ ਸੁਖਪਾਲ ਰੁਪਾਣਾ ਨੇ ਆਪਣੀ ਪਾਰਟੀ ਲਾਈਨ ਤੋਂ ਹਟ ਕੇ ਨਗਰ ਨਿਗਮ ਬਣਾਉਣ ਦੇ ਪੱਖ ਵਿੱਚ ਵੋਟਿੰਗ ਕੀਤੀ ਸੀ। 

ਇਹ ਤਾਂ ਕੋਈ ਉਮੀਦ ਨਹੀਂ ਸੀ’
ਭਾਵੇਂ ਸੱਤਾ ਧਿਰ ਨਾਲ ਸਬੰਧਿਤ ਬਹੁਤੇ ਕੌਂਸਲਰਾਂ ਨੇ ਮੀਟਿੰਗ ਦੌਰਾਨ ਬਰਨਾਲਾ ਨੂੰ ਨਗਰ ਨਿਗਮ ਬਣਾਉਣ ’ਤੇ ਆਪਣੀ ਸਹਿਮਤੀ ਦਿੱਤੀ ਸੀ। ਪਰ ਅੱਜ ਜਦੋਂ ਕੈਬਨਿਟ ਵਿੱਚ ਨਗਰ ਨਿਗਮ ਬਣਾਏ ਜਾਣ ਦਾ ਫੈਸਲਾ ਹੋਇਆ ਤਾਂ ਮੀਟਿੰਗ ’ਚ ਸਹਿਮਤੀ ਜਤਾਉਣ ਵਾਲਿਆਂ ਵਿੱਚੋਂ ਵੀ ਬਹੁਤੇ ਕੌਂਸਲਰ ਜਸ਼ਨ ਮਨਾਏ ਜਾਣ ਮੌਕੇ ਗੈਰ- ਹਾਜ਼ਰ ਹੀ ਰਹੇ। ਜਿੰਨਾਂ ’ਚੋਂ ਇੱਕ ਕੌਂਸਲਰ ਨੇ ਤਾਂ ਗੱਲਬਾਤ ਕਰਦਿਆਂ ਕਿਹਾ ਕਿ ‘ਸਾਡੇ ਨਾਲ ਜੱਗੋਂ ਤੇਰਵੀਂ ਹੋ ਗਈ। ਕਿਉਂਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਉਹ ਆਪਣੀ ਮਿਆਦ ਪੂਰੀ ਕਰ ਲੈਣਗੇ, ਪਰ ਉਨਾਂ ਦੇ ਕਾਰਜਕਾਲ ਦੇ ਅੱਠ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਮਿਆਦ ਪੁੱਗ ਗਈ। ਵਰਣਯੋਗ ਹੈ ਕਿ ਕੌਂਸਲਰਾਂ ਨੂੰ ਅੱਠ ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਵੀ ਮਿਲਦਾ ਸੀ, ਮੀਟਿੰਗਾਂ ਦੇ ਪੈਸੇ ਅਲੱਗ ਮਿਲਦੇ ਹਨ। ਇਸ ਤਰਾਂ ਆਰਥਿਕ ਨੁਕਸਾਨ ਹੋਣ ਕਾਰਣ, ਕਿਤੇ ਨਾ ਕਿਤੇ ਬਹੁਤੇ ਕੌਂਸਲਰ ਨਾ- ਖੁਸ਼ ਦਿਖਾਈ ਦੇ ਰਹੇ ਹਨ। 

‘ਤੇ ਇਹ ਕੌਂਸਲਰਾਂ ਨੇ ਦਿੱਤੀ ਸੀ ਸਹਿਮਤੀ
ਨਗਰ ਨਿਗਮ ਬਣਾਏ ਜਾਣ ਦੇ ਮਤੇ ਦੇ ਪੱਖ ਵਿੱਚ ਭੁਗਤਣ ਵਾਲਿਆਂ ਵਿੱਚ ‘ਆਪ’ ਕੌਸਲਰ ਤੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੂ ਮੋਰ, ਮੀਤ ਪ੍ਰਧਾਨ ਪਰਮਜੀਤ ਸਿੰਘ ਜੌਂਟੀ ਮਾਨ, ਸ਼ਿੰਦਰਪਾਲ ਕੌਰ ਸੰਘੇੜਾ ਪਤਨੀ ਸੋਨੀ ਗਿੱਲ, ਬਲਵੀਰ ਸਿੰਘ ਲੱਕੀ, ਮਲਕੀਤ ਸਿੰਘ, ਸਰੋਜ਼ ਰਾਣੀ ਜਿੰਦਲ ਮਾਤਾ ਨੀਰਜ਼ ਜਿੰਦਲ, ਜੀਵਨ ਕੁਮਾਰ ਖੋਏ ਵਾਲਾ, ਰੇਨੂੰ ਧਰਮਾ ਪਤਨੀ ਡੀ. ਪਾਲ, ਸੁਖਵਿੰਦਰ ਕੌਰ ਸੀਤਲ, ਜਸਵੀਰ ਕੌਰ ਢਿੱਲੋਂ ਪਤਨੀ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਦੀਪਮਾਲਾ ਪਤਨੀ ਵਿਨੈ ਕੁਮਾਰ ਤੇ ਅਜ਼ਾਦ ਕੌਂਸਲਰ ਹੇਮ ਰਾਜ ਗਰਗ ਅਤੇ ਜੁਗਰਾਜ ਸਿੰਘ ਪੰਡੋਰੀ ਸ਼ਾਮਲ ਸਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਾਰਡ ਨੰਬਰ 26 ਦੇ ਕੌਂਸਲਰ ਰੁਪਿੰਦਰ ਸਿੰਘ ਸੀਤਲ ਐਸਸੀ ਕਮਿਸ਼ਨ ਦਾ ਮੈਂਬਰ ਬਣਨ ਤੋਂ ਬਾਅਦ ਕੌਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ।







