ਓਹਦੇ ‘ਚ ਆਉਂਦੀ ਸੀ ਮਾਤਾ ‘ਤੇ ਓਹ ਸਭ ਕੁੱਝ ਲੈ ਗਿਆ ਲੁੱਟਕੇ….!

Advertisement
Spread information

ਸੋਨੂੰ ਨੇ ਮੁਹੱਲੇ ਵਾਲਿਆਂ ਤੋਂ ਕਢਵਾਇਆ ਲੱਖਾਂ ਦਾ ਸੋਨਾ,ਚਾਂਦੀ ਤੇ ਨਗਦੀ.. ਹੋ ਗਿਆ ਫੁਰਰ….

ਹਰਿੰਦਰ ਨਿੱਕਾ, ਬਠਿੰਡਾ 18 ਅਕਤੂਬਰ 2025
    ਕਿਸੇ ਨੇ ਸੱਚ ਹੀ ਕਿਹਾ ਹੈ ਕਿ ਅੰਧ ਵਿਸ਼ਵਾਸ਼ੀ ਲੋਕਾਂ ਦੀ ਵੱਖਰੀ ਹੀ ਦੁਨੀਆਂ ਵੱਸਦੀ ਐ, ਇਸੇ ਲਈ ਤਾਂ ਅਜੋਕੇ ਵਿਗਿਆਨਕ ਯੁੱਗ ‘ਚ ਵੀ ਭੋਲੇ-ਭਾਲੇ ਅਤੇ ਅੰਧ ਵਿਸ਼ਵਾਸ਼ੀ ਲੋਕਾਂ ਨੂੰ ਗੈਬੀ ਸ਼ਕਤੀਆਂ ਦੇ ਮਾਲਿਕ ਕਹਾਉਂਦੇ ਤਾਂਤਰਿਕ ਆਪਣਾ ਸ਼ਿਕਾਰ ਬਣਾ ਹੀ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਲੰਘੇ ਦਿਨ ਬਠਿੰਡਾ ਜਿਲ੍ਹੇ ਦੇ ਥਾਣਾ ਸਿਵਲ ਲਾਈਨ ਇਲਾਕੇ ਵਿੱਚ ਸਾਹਮਣੇ ਆਇਆ,ਜਿੱਥੇ ਇੱਕ ਅਖੌਤੀ ਬਾਬਾ ਮੁਹੱਲੇ ਦੇ ਇੱਕ ਦੋ ਨਹੀਂ, ਪਤਾ ਨਹੀਂ ਕਿੰਨ੍ਹੀਆਂ ਔਰਤਾਂ ਤੇ ਪੁਰਸ਼ਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ, ਲੁੱਟ-ਪੁੱਟ ਕੇ ਰਫੂ ਚੱਕਰ ਹੋ ਗਿਆ। ਪੁਲਿਸ ਨੇ ਸ਼ਹਿਰ ਦੇ ਬੇਅੰਤ ਸਿੰਘ ਨਗਰ ਦੀ ਰਹਿਣ ਵਾਲੀ ਲੁੱਟ ਦਾ ਸ਼ਿਕਾਰ ਹੋਈ ਪੂਨਮ ਦੇਵੀ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਸੋਨੂੰ ਬਾਬਾ ਦੇ ਖਿਲਾਫ ਅਪਰਾਧਿਕ ਮਾਮਲਾ, ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਓਧਰ ਉੱਤਰੀ ਭਾਰਤ ਵਿੱਚ ਤਰਕਸ਼ੀਲ ਲਹਿਰ ਦੇ ਸੰਸਥਾਪਕ ਮੇਘ ਰਾਜ ਮਿੱਤਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਦੀ ਦਲਦਲ ਵਿੱਚੋਂ ਨਿੱਕਲਣ ਦੀ ਲੋੜ ਹੈ ਤਾਂਕਿ ਕੋਈ ਬਾਬਾ/ਤਾਂਤਰਿਕ ਉਨਾਂ ਦੀ ਲੁੱਟ ਨਾ ਕਰ ਸਕੇ।
ਲੋਕ ਕਿਵੇਂ ਬਣੇ, ਸੋਨੂੰ ਬਾਬੇ ਦੀ ਲੁੱਟ ਦਾ ਸ਼ਿਕਾਰ
      ਪੁਲਿਸ ਨੂੰ ਦਿੱਤੇ ਬਿਆਨ ‘ਚ ਪੂਨਮ ਦੇਵੀ ਪਤਨੀ ਗਣੇਸ਼ ਕੁਮਾਰ ਨੇ ਦੱਸਿਆ ਕਿ ਕਿ ਕੁੱਝ ਸਮਾਂ ਪਹਿਲਾਂ ਸੋਨੂੰ ਨਾਮ ਦਾ ਵਿਅਕਤੀ ਸਾਡੇ ਸਾਰੇ ਮੁਹੱਲੇ ਵਿਚ ਵਿਚਰਨ ਲੱਗ ਪਿਆ ‘ਤੇ ਸਾਨੂੰ ਕਹਿਣ ਲੱਗਿਆ ਕਿ ਮੇਰੇ ਵਿਚ ਮਾਤਾ ਆਉਂਦੀ ਹੈ। ਮੈਂ ਤੁਹਾਡੇ ਸਾਰੇ ਵਿਗੜੇ ਕਾਰਜ ਸ਼ੁੱਧ ਕਰ ਦੇਵਾਂਗਾ, ਓਹ ਸਾਨੂੰ ਕਹਿਣ ਲੱਗਾ ਕਿ ਤੁਹਾਡੇ ਕੋਲ ਜੋ ਵੀ ਸੋਨਾ, ਚਾਂਦੀ, ਕੱਪੜੇ ਜਾਂ ਕੋਈ ਹੋਰ ਕੀਮਤੀ ਸਮਾਨ ਪਿਆ ਹੈ ਉਹ ਲਿਆ ਕਿ ਮੈਨੂੰ ਦੇ ਦੇਵੋ ਤਾਂ ਅਸੀਂ ਦੋ ਸੋਨੇ ਦੀਆ ਚੈਨਾਂ ਵਜਨੀ ਕਰੀਬ 3 ਤੋਲੇ, ਤਿੰਨ ਮੰਗਲਸੂਤਰ ਸੋਨਾ ਵਜਨੀ ਕਰੀਬ 3 ਤੋਲੇ ਅਤੇ ਇਕ ਅੰਗੂਠੀ ਸਾਂਪ ਸੋਨਾ ਵਜਨੀ ਕਰੀਬ ਅੱਧਾ ਤੋਲਾ, ਇਕ ਮੱਥੇ ਦਾ ਟਿੱਕਾ ਤੇ ਨੱਕ ਦੀ ਨੱਥ ਸੋਨਾ ਵਜਨੀ ਅੱਧਾ ਤੋਲਾ, ਇਕ ਪਾਇਲ ਚਾਂਦੀ ਵਜਨੀ ਕਰੀਬ 18 ਤੋਲਾ ਅਤੇ 5 ਹਜਾਰ ਰੁਪਏ ਨਗਦੀ ਦੇ ਦਿੱਤੀ ਸੀ। ਇਸ ਤੋਂ ਇਲਾਵਾ ਸਾਡੇ ਮੁਹੱਲੇ ਦੇ ਵਸਨੀਕ ਰਾਜੂ ਪੁੱਤਰ ਪ੍ਰਦੀਪ ਮੰਡਲ ਵਾਸੀ ਮਕਾਨ ਨੰਬਰ 1237 ਬੇਅੰਤ ਸਿੰਘ ਨਗਰ ਬਠਿੰਡਾ ਦਾ ਵੀ ਸੋਨਾ ਇਕ ਮੰਗਲਸੂਤਰ ਸਮੇਤ ਲੌਕਟ ਸੋਨਾ ਵਜਨੀ 11.08 ਗਰਾਮ, 2 ਕੰਨਾਂ ਦੀਆ ਬਾਲੀਆਂ ਸੋਨਾ ਵਜਨੀ ਕਰੀਬ 2 ਤੋਲੇ,ਬੱਚੀ ਦੇ ਕੰਨ ਦੀਆਂ ਬਾਲੀਆਂ ਸੋਨਾ ਵਜਨੀ ਅੱਧਾ ਤੋਲਾ, ਦੋ ਸੋਨੇ ਦੇ ਕੜੇ ਵਜਨੀ ਇਕ ਤੋਲਾ, ਇਕ ਗਲੇ ਦਾ ਲੌਕਟ ਸੋਨਾ ਵਜਨੀ ਅੱਧਾ ਤੋਲਾ, ਇਕ ਗਲੇ ਦਾ ਹਾਰ ਚਾਂਦੀ ਵਜਨੀ 5 ਤੋਲੇ, ਤਿੰਨ ਜੋੜੇ ਪੰਜੇਬਾਂ ਚਾਂਦੀ ਵਜਨੀ ਕਰੀਬ ਅੱਧਾ ਕਿਲੋ ਸੀ।
    ਪੂਨਮ ਦੇਵੀ ਮੁਤਾਬਿਕ ਇਹ ਸਿਰਫ ਦੋ ਜਣਿਆਂ ਤੋਂ ਲੁੱਟਿਆ ਸੋਨਾ ਹੈ, ਜਦੋਂਕਿ ਇਸ ਤੋਂ ਇਲਾਵਾ ਹੋਰ ਵੀ ਉਨਾਂ ਦੇ ਮੁਹੱਲੇ ਦੀਆ ਕਰੀਬ 40-45 ਔਰਤਾਂ ਨਾਲ ਅਮਾਨਤ ਵਿਚ ਖਿਆਨਤ ਕਰਕੇ, ਸੋਨੂੰ,  ਉਹਨਾਂ ਦਾ ਲੱਖਾਂ ਰੁਪਏ ਦਾ ਸੋਨਾ/ਚਾਂਦੀ ਆਪਣੇ ਨਾਲ ਲੈ ਗਿਆ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਸੁਖਦਰਸ਼ਨ ਕੁਮਾਰ ਨੇ ਦੱਸਿਆ ਕਿ ਮੁਦਈ ਮੁਕੱਦਮਾਂ ਪੂਨਮ ਦੇਵੀ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਸੋਨੂੰ ਪੁੱਤਰ ਨਾਮਾਲੂਮ ਦੇ ਖਿਲਾਫ ਅਧੀਨ ਜੁਰਮ 316(2) BNS ਤਹਿਤ ਥਾਣਾ ਸਿਵਲ ਲਾਇਨ ਵਿਖੇ ਕੇਸ ਦਰਜ ਕਰਕੇ, ਦੋਸ਼ੀ ਦੀ ਤਲਾਸ਼ ਜ਼ਾਰੀ ਹੈ। ਇਹ ਜੁਰਮ ਸਾਬਿਤ ਹੋਣ ਤੇ ਅਦਾਲਤ ਵੱਲੋਂ ਦੋਸ਼ੀ ਨੂੰ ਪੰਜ ਸਾਲ ਦੀ ਕੈਦ ਅਤੇ ਜੁਰਮਾਨਾ ਜਾਂ ਦੋਵੇਂ ਵੀ ਕੀਤੇ ਜਾ ਸਕਦੇ ਹਨ।
    ਉੱਤਰੀ ਭਾਰਤ ‘ਚ ਤਰਕਸ਼ੀਲ ਲਹਿਰ ਦੇ ਸੰਸਥਾਪਕ ਮੇਘ ਰਾਜ ਮਿੱਤਰ ਨੇ ਉਪਰੋਕਤ ਘਟਨਾਕ੍ਰਮ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਿਗਿਆਨ ਅਤੇ ਤਰਕ ਦੀ ਕਸੌਟੀ ਤੇ ਅੰਧ ਵਿਸ਼ਵਾਸ਼ ਪੂਰੇ ਨਹੀਂ ਉਤਰਦੇ। ਮਿੱਤਰ ਨੇ ਕਿਹਾ ਕਿ ਗੈਬੀ ਸ਼ਕਤੀਆਂ ਦੇ ਦਾਵੇਦਾਰਾਂ ਨੂੰ ਸੁਸਾਇਟੀ ਵੱਲੋਂ ਲੰਬੇ ਅਰਸੇ ਤੋਂ ਕਰੋੜ ਰੁਪਏ ਜਿੱਤਣ ਲਈ ਦਿੱਤੀ ਚੁਣੌਤੀ ਨੂੰ ਹਾਲੇ ਤੱਕ ਕਿਸੇ ਨੇ ਸਵੀਕਾਰ ਨਹੀਂ ਕੀਤਾ। ਉਨਾਂ ਕਿਹਾ ਕਿ ਲੋਕਾਂ ਨੂੰ ਅੰਧਵਿਸ਼ਵਾਸ਼ ਨੂੰ ਤਿਲਾਂਜਲੀ ਦੇ ਕੇ, ਹਰ ਗੱਲ ਨੂੰ ਤਰਕ ਦੀ ਕਸਵੱਟੀ ਤੇ ਪਰਖਣਾ ਚਾਹੀਦਾ ਹੈ। 
Advertisement
Advertisement
Advertisement
Advertisement
error: Content is protected !!