ਦੋ ਵੱਡੇ ਕਾਰੋਬਾਰੀਆਂ ਦਾ ਸਾਂਝਾ ਸੋਨਾ ਹੋਇਆ ਸੀ ਚੋਰੀ?
ਹਰਿੰਦਰ ਨਿੱਕਾ, ਬਰਨਾਲਾ 15 ਅਕਤੂਬਰ 2025
ਸ਼ਹਿਰ ਦੇ ਸਦਰ ਬਾਜ਼ਾਰ ਦੇ ਇੱਕ ਵੱਡੇ ਜਵੈਲਰਜ਼ ਅਤੇ ਇੱਕ ਸਾਬਣ ਕਾਰੋਬਾਰੀ ਦਾ ਕਰੋੜਾਂ ਰੁਪਏ ਦਾ ਸੋਨਾ ਚੋਰੀ ਹੋਣ ਦਾ ਸਨਸਨੀਖੇਜ਼ ਖੁਲਾਸਾ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਇੱਕ ਸਾਬਕਾ ਕੌਂਸਲਰ ਦੇ ਘਰ ਛਾਪਾ ਮਾਰਕੇ, ਉੱਥੇ ਰਹਿੰਦੇ ਇੱਕ ਕਿਰਾਏਦਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਛਾਪਾ ਮਾਰੀ ਮੌਕੇ ਤੇ ਮੌਜੂਦ ਵਿਅਕਤੀਆਂ ਅਨੁਸਾਰ ਪੁਲਿਸ ਦੇ ਹੱਥ ਮੌਕੇ ਤੋਂ , ਕਰੋੜਾਂ ਰੁਪਏ ਕੀਮਤ ਦਾ ਚੋਰੀ ਹੋਇਆ ਸੋਨਾ ਵੀ ਲੱਗਿਆ ਹੈ।
ਘਟਨਾ ਵਾਲੀ ਥਾਂ ਦੇ ਨੇੜੇ ਰਹਿੰਦੇ ਭਰੋਸੇਯੋਗ ਸੂਤਰਾਂ ਅਨੁਸਾਰ ਸ਼ਹਿਰ ਦੇ ਸਦਰ ਬਾਜ਼ਾਰ ਵਿੱਚ ਜਵੈਲਰਜ਼ ਸੋਅਰੂਮ ਚਲਾ ਰਿਹਾ ਇੱਕ ਵੱਡਾ ਸੋਨਾ ਕਾਰੋਬਾਰੀ ਅਤੇ ਇੱਕ ਸਾਬਣ ਕਾਰੋਬਾਰੀ ਕੁੱਝ ਹੋਰ ਵਪਾਰੀਆਂ ਨਾਲ ਮਿਲ ਕੇ, ਸੋਨਾ ਮੇਕਿੰਗ ਦਾ ਕਾਰੋਬਾਰ ਕਰਦੇ ਸਨ। ਇਹ ਵਪਾਰੀਆਂ ਦੇ ਸੋਨੇ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਨੇ,ਕਾਫੀ ਸਮੇਂ ਤੋਂ ਸੋਨਾ ਚੋਰੀ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ,ਜਿਸ ਦਾ ਖੁਲਾਸਾ ਵਪਾਰੀਆਂ ਨੂੰ ਹੁਣ ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆ ਮੌਕੇ ਲੱਗਿਆ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੁਲਿਸ ਵੀ ਝੱਟਪੱਟ ਹਰਕਤ ਵਿੱਚ ਆ ਗਈ। ਕਰੀਬ ਦਸ ਕੁ ਵਜੇ ਰਾਤ ਨੂੰ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਪੁਲਿਸ ਪਾਰਟੀ ਨੇ ਸ਼ਹਿਰ ਦੇ ਇੱਕ ਮਰਹੂਮ ਸਾਬਕਾ ਕੌਂਸਲਰ ਦੇ ਕਿਰਾਏ ਤੇ ਦਿੱਤੇ ਘਰ ਛਾਪਾ ਮਾਰਿਆ। ਪ੍ਰਤੱਖ ਦਰਸ਼ਕਾਂ ਅਨੁਸਾਰ ਪੁਲਿਸ ਨੇ ਇੱਕ ਗਹਿਣੇ ਬਣਾਉਣ ਵਾਲੇ ਕਾਰੀਗਰ ਨੂੰ ਹਿਰਾਸਤ ਵਿਚ ਲੈ ਕੇ, ਉਸ ਦੇ ਕਬਜ਼ੇ ਵਿੱਚੋਂ ਕਰੋੜਾਂ ਰੁਪਏ ਕੀਮਤ ਦਾ ਸੋਨਾ ਵੀ ਬਰਾਮਦ ਕਰ ਲਿਆ, ਜਦੋਂ ਕਿ ਕੁੱਝ ਹੋਰ ਸ਼ੱਕੀ ਚੋਰ ਕਾਰੀਗਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਸਫਲ ਹੋ ਗਏ। ਛਾਪਾ ਮਾਰਨ ਪਹੁੰਚੀ ਪੁਲਿਸ ਕਿਹੜੇ ਥਾਣੇ ਜਾਂ ਸੀਆਈਏ ਸਟਾਫ ਦੀ ਸੀ, ਸੋਨਾ ਕਿੰਨਾ ਮਿਲਿਆ, ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਹੋਣਾ ਹਾਲੇ ਬਾਕੀ ਹੈ।







