ਪਾਤੜਾਂ ਕੈਸੀਨੋ ਤੇ ਲਗਾਤਾਰ ਜਾਂਦਾ ਰਿਹੈ ਸੁਖਬਿੰਦਰ ਕਲਕੱਤਾ….!
ਹਰਿੰਦਰ ਨਿੱਕਾ, ਬਰਨਾਲਾ 11 ਅਕਤੂਬਰ 2025
ਰਾਜਨੀਤੀ ਦੇ ਖੇਤਰ ਵਿੱਚ ਹਮੇਸ਼ਾਂ ਸਰਗਰਮ ਰਹਿੰਦਿਆਂ ਸ਼ੋਸ਼ਲ ਮੀਡੀਆ ਤੇ ਹਰ ਚਲੰਤ ਮੁੱਦੇ ਉੱਤੇ, ਬਹੁਤ ਹੀ ਬੇਬਾਕ ਅੰਦਾਜ਼ ਵਿੱਚ ਹਮੇਸ਼ਾ ਅਵਾਜ ਬੁਲੰਦ ਕਰਨ ਵਾਲੇ ਸੁਖਬਿੰਦਰ ਸਿੰਘ ਕਲਕੱਤਾ ਦਾ ਅੰਤਿਮ ਸੰਸਕਾਰ ਉਸ ਦੀ ਹੱਤਿਆ ਦੇ 8 ਦਿਨ ਉਪਰੰਤ ਅੱਜ ਬਾਅਦ ਦੁਪਿਹਰ ਉਨਾਂ ਦੇ ਜੱਦੀ ਪਿੰਡ ਸ਼ਹਿਣਾ ਵਿਖੇ ਹਜ਼ਾਰਾਂ ਸੇਜਲ ਅੱਖਾਂ ਸਾਹਮਣੇ ਕਰ ਦਿੱਤਾ ਗਿਆ। ਬੇਸ਼ੱਕ ਸੁਖਬਿੰਦਰ ਕਲਕੱਤਾ ਸ਼ਰੀਰਿਕ ਰੂਪ ਵਿੱਚ ਤਾਂ ਹੁਣ ਲੋਕਾਂ ਦਰਮਿਆਨ ਨਹੀਂ ਰਹੇ, ਪਰੰਤੂ ਉਨਾਂ ਦੀ ਹੱਤਿਆਂ ਨਾਲ ਜੁੜੇ ਕਾਫੀ ਪਹਿਲੂਆਂ ਦੀਆਂ ਪਰਤਾਂ, ਹੁਣ ਹੌਲੀ ਹੌਲੀ ਉੱਧੜੀਆਂ ਸ਼ੁਰੂ ਹੋ ਗਈਆਂ ਹਨ।
ਕਲਕੱਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਅਤੇ ਪਰਿਵਾਰਿਕ ਮੈਂਬਰਾਂ ਨਾਲ ਹੋਈ ਸਹਿਮਤੀ ਨਾਲ ਬੇਸ਼ੱਕ ਇੱਕ ਵਾਰ ਪੁਲਿਸ ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਨੇ ਰਾਹਤ ਦਾ ਸਾਹ ਲਿਆ ਹੈ। ਪਰੰਤੂ ਕਲਕੱਤਾ ਦੇ ਕਤਲ ਕੇਸ ਵਿੱਚ ਹਲਕੇ ਦੇ ਐਮ.ਐਲ.ਏ. ਲਾਭ ਸਿੰਘ ਉੱਗੋਕੇ ਅਤੇ ਹੋਰਨਾਂ ਦੇ ਨਾਂ ਦੋਸ਼ੀ ਵਜੋਂ ਨਾਮਜ਼ਦ ਕਰਨ ਲਈ ਲੱਗਿਆ ਪੱਕਾ ਮੋਰਚਾ ਸਮਾਪਤ ਹੋਣ ਤੋਂ ਬਾਅਦ ਹੁਣ ਪੁਲਿਸ ਵੱਲੋਂ ਸੁਖਬਿੰਦਰ ਸਿੰਘ ਕਲਕੱਤਾ ਦੇ ਕਤਲ ਤੋਂ ਕੁੱਝ ਦਿਨ ਪਹਿਲਾਂ ਤੱਕ ਦੀਆਂ ਗਤੀਵਿਧੀਆਂ/ਸਰਗਰਮੀਆਂ ਵੀ ਖੰਗਾਲੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ।
ਦੇਰ ਰਾਤ ਤੱਕ ਘਰੋਂ ਬਾਹਰ ਰਹਿੰਦਾ ਸੀ ਕਲਕੱਤਾ …
ਪਤਾ ਲੱਗਿਆ ਹੈ ਕਿ ਆਖਿਰ ਸੁਖਬਿੰਦਰ ਸਿੰਘ ਕਲਕੱਤਾ ਰਾਜਸੀ ਤੇ ਸਮਾਜਿਕ ਸਰਗਰਮੀਆਂ ਤੋਂ ਇਲਾਵਾ, ਹੋਰ ਕਿਹੜੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸੀ ਕਿ ਅਕਸਰ ਹੀ ਉਹ ਦੇਰ ਰਾਤ ਘਰੋਂ ਬਾਹਰ ਨਿੱਕਲਦਾ ਤੇ ਦਿਨ ਚੜ੍ਹਦਿਆਂ ਹੀ ਘਰ ਮੁੜਦਾ ਸੀ। ਕਲਕੱਤਾ ਨੂੰ ਨੇੜਿਉਂ ਜਾਣਨ ਵਾਲਿਆਂ ਦੀ ਮੰਨੀਏ ਤਾਂ ਕਲਕੱਤਾ, ਚਾਲੂ ਵਰ੍ਹੇ ਦੇ ਅੱਧ ਸਤੰਬਰ ਤੋਂ ਆਪਣੀ ਮੌਤ ਤੋਂ ਕੁੱਝ ਦਿਨ ਪਹਿਲਾਂ ਤੱਕ ਪਟਿਆਲਾ ਜਿਲ੍ਹੇ ਦੇ ਪਾਤੜਾਂ ਸ਼ਹਿਰ ਵਿੱਚ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੀ ਕਥਿਤ ਸਰਪ੍ਰਸਤੀ ਵਿੱਚ ਸ਼ਰੇਆਮ ਚੱਲ ਰਹੇ ਇੱਕ ਕੈਸੀਨੋ ਵਿੱਚ ਰਾਤ ਦਾ ਬਹੁਤਾ ਸਮਾਂ ਬਿਤਾਉਂਦਾ ਸੀ।
ਕਿੱਥੇ ਚੱਲ ਰਿਹੈ ਪਾਤੜਾਂ ਕੈਸੀਨੋ ਸੈਂਟਰ..!
ਪ੍ਰਾਪਤ ਵੇਰਵਿਆਂ ਅਨੁਸਾਰ ਸੁਖਬਿੰਦਰ ਕਲਕੱਤਾ, ਪਾਤੜਾਂ-ਨਰਵਾਣਾ ਰੋਡ ਤੇ ਸਥਿਤ ਓਮ ਜੀ ਸਿਨੇਮਾ ਦੀ ਨੇੜਲੇ ਇੱਕ ਬਿਨਾਂ ਬੋਰਡ ਦੇ ਢਾਬੇ ਵਿੱਚ ਚੱਲ ਰਹੇ ਜੂਏ ਦੇ ਅੱਡੇ ਤੇ ਅਕਸਰ ਦੇਖਿਆ ਜਾਂਦਾ ਸੀ। ਕੈਸੀਨੋ (ਗੈਰਕਾਨੂੰਨੀ ਜੂਏ ਦਾ ਅੱਡਾ) ਸੰਚਾਲਕਾਂ ਦਾ ਦਾਅਵਾ ਹੈ ਕਿ ਇਹ ਅੱਡਾ ਕਥਿਤ ਤੌਰ ਤੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੀ ਸਰਪ੍ਰਸਤੀ ਵਿੱਚ ਚੱਲ ਰਿਹਾ ਹੈ। ਅੱਡੇ ਨੂੰ ਚਲਾਉਣ ਲਈ ਕੋਈ ਮਨਜੂਰੀ ਤਾਂ ਨਹੀਂ, ਪਰ ਭਰੋਸੇਯੋਗ ਸੂਤਰਾਂ ਅਨੁਸਾਰ 20 ਲੱਖ ਰੁਪਏ ਪ੍ਰਤੀ ਮਹੀਨਾ ਵਗਾਰ, ਪੁਲਿਸ ਅਫਸਰਾਂ ਤੱਕ ਅੱਪੜਦੀ ਹੈ।
ਅੱਡਾ ਸੰਚਾਲਕਾਂ ਵਿੱਚੋਂ ਇੱਕ ਵਿਅਕਤੀ ਤਾਂ ਖੁਦ ਹੀ ਦਾਅਵਾ ਕਰਦਾ ਹੈ ਕਿ ਉਹ ਇੱਕ ਚੁਟਕੀ ਨਾਲ ਹੀ, ਵੱਡੇ ਵੱਡੇ ਪੁਲਿਸ ਅਫਸਰਾਂ ਦੀ ਪੋਸਟਿੰਗ ਤੇ ਤਬਾਦਲੇ ਆਪਣੀ ਮਰਜੀ ਦੀ ਥਾਂ ਕਰਵਾਉਣ ਦੇ ਵੀ ਸਮਰੱਥ ਹੈ। ਹਾਲਾਂਕਿ ਇਸ ਦੀ ਸੱਚਾਈ ਤਾਂ ਕੁੱਝ ਪਤਾ ਨਹੀਂ, ਪਰੰਤੂ ਸ਼ਰੇਆਮ ਕੈਸੀਨੋ ਚਲਾਏ ਜਾਣ ਤੋਂ ਇਸ ਦੀ ਪੁਸ਼ਟੀ ਜਰੂਰ ਹੁੰਦੀ ਹੈ ਕਿ ਆਖਿਰ ਦਾਲ ਵਿੱਚ ਕੁੱਝ ਕਾਲਾ ਨਹੀਂ, ਬਲਕਿ ਪੂਰੀ ਦਾਲ ਹੀ ਕਾਲੀ ਹੈ,ਇਸੇ ਲਈ ਚੱਪੇ ਚੱਪੇ ਤੇ ਗਸ਼ਤ ਲਈ ਸੜਕਾਂ ਤੇ ਘੁੰਮਦੀ ਪੁਲਿਸ ਵੀ, ਇਸ ਅੱਡੇ ਤੋਂ ਮੂੰਹ ਪਾਸੇ ਕਰ ਕੇ ਲੰਘ ਜਾਂਦੀ ਹੈ।
ਪਤਾ ਤਾਂ ਇਹ ਵੀ ਲੱਗਿਆ ਹੈ ਕਿ ਪਟਿਆਲਾ ਜਿਲ੍ਹੇ ਦੇ ਇੱਕ ਸੀਆਈਏ ਦਾ ਇੰਸਪੈਕਟਰ ਤਾਂ ਕੈਸੀਨੋ ਵਾਲਿਆਂ ਦੀ ਮੱਦਦ ਕਰਦਿਆਂ, ਉਨਾਂ ਨਾਲ ਝਗੜਾ ਕਰਨ ਵਾਲਿਆਂ ਨੂੰ ਖੁਦ ਫੋਨ ਤੱਕ ਵੀ ਕਰ ਦਿੰਦਾ ਹੈ। ਕੁੱਝ ਵੀ ਹੋਵੇ, ਇੰਟੈਲੀਜੈਂਸ ਦੇ ਇੱਕ ਅਧਿਕਾਰੀ ਨੇ ਦਬੀ ਸੁਰ ਵਿੱਚ ਮੰਨਿਆ ਕਿ , ਇਸ ਮਾਮਲੇ ਵਿੱਚ ਸਰਕਾਰ ਦੀ ਬਹੁਤ ਜਿਅਦਾ ਕਿਰਕਿਰੀ ਹੋਈ ਹੈ, ਜਿਸ ਕਾਰਣ, ਪੁਲਿਸ ਦੀ ਪੜਤਾਲੀਆਂ ਟੀਮ ਹੋਰ ਕਤਲ ਨਾਲ ਜੁੜੇ ਐਂਗਲਾਂ ਦੇ ਨਾਲ ਨਾਲ, ਕਲਕੱਤਾ ਦੇ ਪਾਤੜਾਂ ਕੁਨੈਕਸ਼ਨ ਨੂੰ ਵੀ ਖੰਗਾਲ ਰਹੀ ਹੈ ਕਿ ਕਿਤੇ ਕਾਤਿਲ ਵੱਲੋਂ ਦੇਣ ਲੈਣ ਦੇ ਝਗੜੇ ਦੀਆਂ ਤਾਰਾਂ ਕਿਤੇ ਕੈਸੀਨੋ ਵਿੱਚ ਸੁਖਬਿੰਦਰ ਕਲਕੱਤਾ ਦੀ ਲੱਖਾਂ ਰੁਪਏ ਦੀ ਹੋਈ ਹਾਰ ਤਾਂ ਨਹੀਂ। ਕਲਕੱਤਾ ਦੇ ਇੱਕ ਕਰੀਬੀ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ, ਕਲਕੱਤਾ ਦੀਆਂ ਟ੍ਰਾਂਜੈਕਸ਼ਨਾਂ ਖੰਗਾਲੀਆਂ ਜਾਣ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਉਸ ਨੇ ਲੱਖਾਂ ਰੁਪਏ, ਆਪਣੇ ਅਕਾਉਂਟ ਵਿੱਚੋਂ ਕਿੰਨਾਂ ਕਿੰਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ।







