ਰਘਵੀਰ ਹੈਪੀ, ਬਰਨਾਲਾ 11 ਅਕਤੂਬਰ 2025
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਹੁਣੇ-ਹੁਣੇ ਐਸ.ਡੀ. ਕਾਲਜ ਬਰਨਾਲਾ ਵਿਖੇ ਪੰਜਾਬੀ ਯੂਨੀਵਰਸਿਟੀ ਵੱਲੋਂ ਹੋ ਰਹੇ ਯੂਥ ਫੈਸਟੀਵਲ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚ ਗਏ ਹਨ। ਮੁੱਖ ਮੰਤਰੀ ਮਾਨ, ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਬਰਨਾਲਾ ਦੇ ਕਿਸੇ ਨਿੱਜੀ ਸਕੂਲ ਦੇ ਪ੍ਰੋਗਰਾਮ ਵਿੱਚ ਬਰਨਾਲਾ ਪਹੁੰਚੇ ਹਨ।
ਇਸ ਮੌਕੇ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਲਈ ਉਮੀਦਵਾਰ ਰਜਿੰਦਰ ਗੁਪਤਾ ਵੀ, ਪਹਿਲੀ ਵਾਰ ਵਿਸ਼ੇਸ਼ ਤੌਰ ਤੇ ਉਨਾਂ ਦੇ ਨਾਲ ਹੀ ਆਏ ਹਨ। ਵਰਨਣਯੋਗ ਹੈ ਕਿ ਮੁੱਖ ਮੰਤਰੀ ਅਕਸਰ ਹੀ, ਆਪਣੇ ਭਾਸ਼ਣ ਵਿੱਚ ਆਪਣੇ ਸੰਘਰਸ਼ੀ ਦਿਨਾਂ ਦਾ ਜਿਕਰ ਕਰਦੇ ਹੋਏ, ਐਸਡੀ ਕਾਲਜ ਦਾ ਜਿਕਰ ਉਚੇਚੇ ਤੌਰ ਤੇ ਕਰਦੇ ਰਹਿੰਦੇ ਹਨ ਕਿ ਉਨਾਂ ਨੂੰ ਯੂਥ ਫੈਸਟੀਵਲ ਮੌਕੇ ਬਰਨਾਲਾ ਦੇ ਇਸ ਕਾਲਜ ਵਿੱਚ ਬਤੌਰ ਕਮੇਡੀਅਨ ਆਪਣੀ ਪ੍ਰਫੌਰਮੈਂਸ ਕਰਨ ਦੇ ਮੌਕੇ ਮਿਲੇ ਹਨ। 
ਬੂਹੇ ਆਈ ਜੰਝ ਤੇ ਵਿੰਨੋਂ ਕੁੜੀ ਦੇ ਕੰਨ..
ਬੇਸ਼ੱਕ ਮੁੱਖ ਮੰਤਰੀ ਦੀ ਆਮਦ ਦਾ ਪ੍ਰੋਗਰਾਮ ਕਈ ਦਿਨਾਂ ਤੋਂ ਤੈਅ ਸੀ, ਪਰੰਤੂ ਪ੍ਰਸ਼ਾਸ਼ਨਿਕ ਅਮਲੇ ਫੈਲੇ ਦੀ ਹਾਲਤ ਇਹ ਰਹੀ ਕਿ ਕਾਲਜ ਦੇ ਇਰਦ ਗਿਰਦ ਐਂਟਰੀ ਗੇਟ
ਵਾਲੀ ਗਲੀ ਵਿੱਚ ਸਫਾਈ ਦਾ ਕੰਮ ਵੀ ਮੁੱਖ ਦੀ ਆਮਦ ਤੱਕ ਜਾਰੀ ਰਿਹਾ। ਜਿਸ ਨੂੰ ਦੇਖ ਕੇ,ਲੋਕ ਇਹ ਕਹਾਵਤ ਸੁਣਾਉਂਦੇ ਰਹੇ ਕਿ, ਇਸੇ ਨੂੰ ਤਾਂ ਕਹਿੰਦੇ ਨੇ, ਬੂਹੇ ਆਈ ਜੰਝ ਤੇ ਵਿੰਨੋਂ ਕੁੜੀ ਦੇ ਕੰਨ।
ਲੋਕਾਂ ਨੂੰ ਮੁੱਖ ਮੰਤਰੀ ਤੋਂ ਵੱਡੀਆਂ ਆਸਾਂਂ.. ਬਰਨਾਲਾ ਜਿਲ੍ਹੇ ਦੇ ਲੋਕਾਂ ਖਾਸ ਕਰ ਬਰਨਾਲਾ ਸ਼ਹਿਰ ਦੇ ਲੋਕਾਂ ਦੀਆਂ ਉਮੀਦ ਭਰੀਆਂ ਨਜ਼ਰਾਂ ਮੁੱਖ ਮੰਤਰੀ ਮਾਨ ਦੀ ਫੇਰੀ ਤੇ ਲੱਗੀਆਂ ਹੋਈਆਂ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਮਾਨ, ਬਰਨਾਲਾ ਸ਼ਹਿਰ ਨੂੰ ਨਗਰ ਨਿਗਮ ਬਣਾਉਣ ਦਾ ਐਲਾਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ, ਸ਼ਹਿਰ ਲਈ ਕਿਸੇ ਹੋਰ ਵੱਡੇ ਪ੍ਰੋਜੈਕਟ ਦਾ ਐਲਾਨ ਵੀ ਕਰ ਸਕਦੇ ਹਨ। ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਬਰਨਾਲਾ ਸ਼ਹਿਰ ਦੀ ਹਦੂਦ ਵਿੱਚ ਪੈਂਦੇ ਸਟੇਡੀਅਮ ਵਾਲੀ ਥਾਂ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਲਈ ਐਲਾਨ ਕਰਨਾ ਚਾਹੀਦਾ ਹੈ, ਤਾਂਕਿ ਇਲਾਕੇ ਦੇ ਲੋਕਾਂ ਦੀ ਚਿਰਾਂ ਪੁਰਾਣੀ ਅਨਕ ਰਹੀ ਮੰਗ ਪੂਰੀ ਹੋ ਸਕੇ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਆਗੂ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹਨ। 







