ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਲੋਕ ਸਭਾ ਮੈਂਬਰ ਨੂੰ ਦਿਵਾਇਆ ਵਿਸ਼ਵਾਸ
ਵੰਦੇ ਭਾਰਤ ਰੇਲ ਜਦੋਂ ਬਰਨਾਲਾ ਰੁਕੇਗੀ ਤਾਂ ਰੇਲ ਦਾ ਕਰਾਂਗੇ ਭਰਵਾਂ ਸਵਾਗਤ : ਮੀਤ ਹੇਅਰ
ਐਸ.ਕੇ. ਜੱਲ੍ਹਣ , ਨਵੀਂ ਦਿੱਲੀ 30 ਸਤੰਬਰ 2025
ਬਰਨਾਲਾ ਜਿਲ੍ਹੇ ਦੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਹੀ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੀ ਕੋਸ਼ਿਸ਼ਾਂ ਸਦਕਾ ਰੇਲ ਮੰਤਰਾਲੇ ਵੱਲੋਂ ਵੱਡਾ ਤੋਹਫਾ ਦੇਣ ਦਾ ਫੈਸਲਾ ਕਰ ਲਿਆ ਹੈ। ਮੀਡੀਆ ਨੂੰ ਇਹ ਜਾਣਕਾਰੀ, ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ “ਅੱਜ” ਨਵੀਂ ਦਿੱਲੀ ਵਿਖੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਤੋਂ ਤੁੰਰਤ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਰੇਲਵੇ ਮੰਤਰਾਲੇ ਨੇ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਵੰਦੇ ਭਾਰਤ ਰੇਲ ਗੱਡੀ ਚਲਾਉਣ ਦਾ ਪ੍ਰਸਤਾਵ ਰੱਖਿਆ, ਮੈਂ ਉਦੋਂ ਤੋਂ ਹੀ ਇਹ ਯਤਨ ਕਰ ਰਿਹਾ ਸੀ ਕਿ ਬਰਨਾਲਾ ਇਲਾਕੇ ਦੇ ਲੋਕਾਂ ਨੂੰ ਵੀ ਸੌਖਿਆਂ ਅਤੇ ਜਲਦੀ ਦਿੱਲੀ ਪਹੁੰਚਣ ਦਾ ਲਾਭ ਮਿਲ ਸਕੇ । ਮੀਤ ਹੇਅਰ ਨੇ ਰੇਲਵੇ ਸਫਰ ਦੀ ਸਰਾਹਣਾ ਕਰਦਿਆਂ ਕਿਹਾ ਕਿ ਬੇਸ਼ੱਕ ਮੈਨੂੰ ਫਰੀ ਹਵਾਈ ਸਫਰ ਦੀ ਵੀ ਸਹੂਲਤ ਮਿਲੀ ਹੋਈ ਹੈ, ਪਰੰਤੂ ਮੈਂ ਜਿਆਦਾਤਰ ਮੌਕਿਆਂ ਤੇ ਚੰਡੀਗੜ੍ਹ ਤੋਂ ਰੇਲ ਸਫਰ ਨੂੰ ਹੀ ਤਰਜੀਹ ਦਿੰਦਾ ਹੈ। ਉਨਾਂ ਕਿਹਾ ਕਿ ਵੰਦੇ ਭਾਰਤ ਰੇਲ ਦੇ ਸ਼ੁਰੂ ਹੋਣ ਨਾਲ, ਬਰਨਾਲਾ ਇਲਾਕੇ ਦੇ ਲੋਕਾਂ ਲਈ ਤਰੱਕੀ ਅਤੇ ਵਪਾਰ ਦੇ ਦੁਆਰ ਖੁੱਲ੍ਹ ਜਾਣਗੇ। 

ਮੀਤ ਹੇਅਰ ਨੇ ਦੱਸਿਆ ਕਿ ਮੈਂ ਮੰਗ ਕੀਤੀ ਸੀ ਕਿ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਰੇਲ ਗੱਡੀ ਦਾ ਠਹਿਰਾਅ ਬਰਨਾਲਾ ਵਿਖੇ ਵੀ ਕੀਤਾ ਜਾਵੇ। ਬਰਨਾਲਾ ਰੇਲਵੇ ਸਟੇਸ਼ਨ ਉੱਤੇ ਇਸ ਗੱਡੀ ਦੇ ਠਹਿਰਾਅ ਨਾਲ ਬਰਨਾਲਾ ਸ਼ਹਿਰ ਦੇ ਨਾਲ ਨਾਲ, ਆਸ-ਪਾਸ ਦੇ ਸੈਂਕੜੇ ਪਿੰਡਾਂ ਅਤੇ ਹੋਰ ਕਸਬਿਆਂ ਨੂੰ ਵੀ ਵੱਡਾ ਲਾਭ ਮਿਲੇਗਾ ਤੇ ਉਹ ਕੌਮੀ ਰਾਜਧਾਨੀ ਨਾਲ ਕੁਨੈਕਟ ਹੋ ਸਕਣਗੇ।
ਮੀਤ ਹੇਅਰ ਨੇ ਦੱਸਿਆ ਕਿ ਰੇਲ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਮੰਗ ਉੱਤੇ ਵਿਚਾਰ ਕਰਕੇ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਵੀ ਗੱਡੀ ਦਾ ਠਹਿਰਾਅ ਯਕੀਨੀ ਬਣਾਇਆ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਜਿਹੀ ਕੋਈ, ਰੇਲ ਗੱਡੀ ਚਲਾਉਣ ਦੀ ਮੰਗ ਕਰਦੇ ਆ ਰਹੇ ਸਨ ਜਿਸ ਨਾਲ ਬਰਨਾਲਾ ਨੂੰ ਸਿੱਧਾ ਕੌਮੀ ਰਾਜਧਾਨੀ ਦਿੱਲੀ ਨਾਲ ਜੋੜਿਆ ਜਾ ਸਕੇ ਅਤੇ ਹੁਣ ਜਦੋਂ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਵੰਦੇ ਭਾਰਤ ਰੇਲ ਗੱਡੀ ਚਲਾਉਣ ਦਾ ਪ੍ਰਸਤਾਵ ਹੈ ਤਾਂ ਬਰਨਾਲਾ ਸਟੇਸ਼ਨ ਉੱਤੇ ਇਸ ਗੱਡੀ ਦਾ ਠਹਿਰਾਅ ਨਹੀਂ ਬਣਾਇਆ ਗਿਆ ਸੀ।
ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਵੀ ਲਗਾਤਾਰ ਉਨ੍ਹਾਂ ਵੱਲੋਂ ਇਹ ਮੰਗ ਉਠਾਈ ਜਾਂਦੀ ਸੀ, ਜਿਸ ਨੂੰ ਹੁਣ ਪੂਰਾ ਹੋਣ ਉੱਤੇ ਉਹ ਰੇਲ ਮੰਤਰਾਲੇ ਦਾ ਧੰਨਵਾਦ ਤਾਂ ਕਰਦੇ ਹੀ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਰੇਲ ਗੱਡੀ ਬਰਨਾਲਾ ਸਟੇਸ਼ਨ ਉੱਤੇ ਰੁਕੇਗੀ ਤਾਂ ਉਹ ਬਰਨਾਲਾ ਵਾਸੀਆਂ ਦੇ ਨਾਲ ਪਹਿਲੇ ਦਿਨ ਇਸ ਰੇਲ ਦਾ ਭਰਵਾ ਸਵਾਗਤ ਕਰਨਗੇ ਅਤੇ ਬਰਨਾਲਾ ਸਟੇਸ਼ਨ ਤੇ ਰੇਲ ਦਾ ਠਹਿਰਾਅ ਕਰਨ ਲਈ ਉਚੇਚੇ ਤੌਰ ਉਤੇ ਧੰਨਵਾਦ ਵੀ ਕਰਨਗੇ।







