ਤਰਕਸ਼ੀਲ ਭਵਨ ‘ਚ ਭਲਕੇ 11 ਵਜੇ ਸਵੇਰੇ ਗੁਰਸ਼ਰਨ ਸਿੰਘ ਇਨਕਲਾਬੀ ਰੰਗ ਮੰਚ ਦਿਹਾੜਾ
ਸੋਨੀ ਪਨੇਸਰ, ਬਰਨਾਲਾ 26 ਸਤੰਬਰ 2025
ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ ਹਰ ਸਾਲ ਮਨਾਏ ਜਾਂਦੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਗੌਰਵਮਈ ਲੜੀ ਨੂੰ ਬੁਲੰਦ ਰੱਖਦੇ ਹੋਏ ਅੱਜ ਹਰ ਤਰ੍ਹਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮੀਡੀਆ ਨੂੰ ਇਹ ਜਾਣਕਾਰੀ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦਿੱਤੀ। 

ਦੋਵਾਂ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਨਵੀਂ ਦਿੱਲੀ ਹਾਈਕੋਰਟ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਵਰਿੰਦਾ ਗਰੋਵਰ, ਡਾ. ਨਵਸ਼ਰਨ ਅਤੇ ਡਾ. ਅਤੁਲ ਗੁਰਸ਼ਰਨ ਭਾਅ ਜੀ ਦੀ ਰੰਗ ਮੰਚ ਦੇ ਨਾਲ ਨਾਲ਼ ਬਹੁ ਪੱਖੀ ਅਮਿੱਟ ਘਾਲਣਾ ਉਪਰ ਚਾਨਣਾ ਪਾਉਂਦੇ ਹੋਏ ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ਦਾ ਬੀਜ਼ ਨਾਸ਼ ਕਰਨ ਦੀ ਫਾਸ਼ੀ ਨੀਤੀ ਉਪਰ ਚਰਚਾ ਕੇਂਦਰਤ ਕਰਨਗੇ।
ਵਿਚਾਰ ਚਰਚਾ ਦੇ ਇਸ ਮਹੱਤਵਪੂਰਨ ਸੈਸ਼ਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਾਜਿੰਦਰ ਭਦੌੜ, ਡਾ. ਪਰਮਿੰਦਰ, ਬੂਟਾ ਸਿੰਘ ਮਹਿਮੂਦਪੁਰ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਸ਼ਾਮਲ ਹੋਣਗੇ। ਕੇਵਲ ਧਾਲੀਵਾਲ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਕ੍ਰਮਵਾਰ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਧਰਤ ਵੰਗਾਰੇ ਤਖ਼ਤ ਨੂੰ’ ਨਾਟਕ ਖੇਡੇ ਜਾਣਗੇ।
ਇਸ ਮੌਕੇ ਪਲਸ ਮੰਚ ਦੀਆਂ ਸੰਗੀਤ ਮੰਡਲੀਆਂ ਭਦੌੜ, ਜੀਦਾ ਅਤੇ ਰਸੂਲਪੁਰ ਗੀਤਾਂ ਦਾ ਰੰਗ ਭਰਨਗੀਆਂ। ਰਣਜੀਤ ਲਹਿਰਾਗਾਗਾ ਵੱਲੋਂ ਪੰਜਾਬੀ ਵਿਚ ਅਨੁਵਾਦਿਤ ਹਾਵਰਡ ਫਾਸਟ ਦਾ ਵਿਸ਼ਵ ਪ੍ਰਸਿੱਧ ਨਾਵਲ ਅਮਰੀਕਨ ਇਸ ਸਮਾਗਮ ਵਿੱਚ ਲੋਕ ਅਰਪਣ ਕੀਤਾ ਜਾਏਗਾ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਹੋ ਰਹੇ ਇਸ ਯਾਦਗਾਰੀ ਸਮਾਗਮ ਵਿੱਚ ਸਭ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।







