MC ਕੇਵਲ ਸਿੰਘ ਦੇ ਨਾਂ ਹੇਠ ਦਸਤਖਤ ਕਰਨ ਵਾਲਾ ਵੀ ਇੱਕ ਐਡਵੋਕੇਟ..! ਪੜਤਾਲ ‘ਚ ਇਸ ਦਾ ਨਹੀਂ ਕੋਈ ਜ਼ਿਕਰ..
ਹਰਿੰਦਰ ਨਿੱਕਾ, ਬਰਨਾਲਾ 22 ਅਗਸਤ 2025
ਪੰਜਾਬ ਦੇ ਮਸ਼ਹੂਰ ” ਦੀਪਕ ਢਾਬਾ” ਧਨੌਲਾ ਵਾਲਿਆਂ ਸਣੇ ਕੁੱਲ ਚਾਰ ਜਣਿਆਂ ਵਿਰੁੱਧ ਪਰਚਾ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਕਰੋੜਾਂ ਰੁਪਏ ਮੁੱਲ ਦੀ ਮਹਿੰਗੀ ਜਮੀਨ ਦੀ ਖਰੀਦ ਵਿੱਚ ਹੋਈ ਕਥਿਤ ਧੋਖਾਧੜੀ ਦੇ ਦੋਸ਼ ਵਿੱਚ ਦਰਜ ਕੀਤਾ ਗਿਆ ਹੈ। ਨਾਮਜ਼ਦ ਦੋਸ਼ੀਆਂ ਵਿੱਚ ਢਾਬਾ ਮਾਲਿਕ ਦੋ ਭਰਾਵਾਂ ਤੋਂ ਇਲਾਵਾ ਇਲਾਕੇ ਦੇ ਪ੍ਰਸਿੱਧ ਗੁਰੂਦੁਆਰਾ ਸਾਹਿਬ ਦੇ ਗੱਦੀ ਨਸ਼ੀਨ ਸੰਤ ਅਤੇ ਉਸ ਦੀ ਮਾਂ ਵੀ ਸ਼ਾਮਿਲ ਹਨ। ਮੁਦਈ ਮੁਕੱਦਮਾ ਸਤਨਾਮ ਸਿੰਘ ਅਤੇ ਗੁਰਨਾਮ ਸਿੰਘ ਵਾਹਿਗੁਰੂ ਵਾਸੀ ਧਨੌਲਾ ਦਾ ਦੋਸ਼ ਹੈ ਕਿ ਉਨਾਂ ਦੀ ਕਾਬਜੀ ਅਤੇ ਘਰੇਲੂ ਵੰਡ ਵਿੱਚ ਹਿੱਸੇ ਆਈ, ਉਨਾਂ ਦੀ 14 ਕਨਾਲ ਤੇ ਕੁੱਝ ਮਰਲੇ ਜਮੀਨ ਮਾਲ ਵਿਭਾਗ ਦੇ ਅਧਿਕਾਰੀ ਅਤੇ ਕੌਸਲਰ ਨੂੰ ਧੋਖੇ ਵਿੱਚ ਰੱਖ ਕੇ, ਇੱਕ ਸਾਜਿਸ਼ ਤਹਿਤ ਖਰੀਦ ਕਰ ਲਈ ਹੈ। ਮੁਦਈ ਦਾ ਕਹਿਣਾ ਹੈ ਕਿ ਇਹ ਜਮੀਨ, ਉਨਾਂ ਨੂੰ ਘਰੇਲੂ ਵੰਡ ਵਿੱਚ ਪ੍ਰਾਪਤ ਹੋਈ ਸੀ, ਜਿਸ ਸਬੰਧੀ ਢਾਬਾ ਮਾਲਿਕਾਂ ਅਤੇ ਨਾਇਬ ਤਹਿਸੀਲਦਾਰ ਨੂੰ ਪਹਿਲਾਂ ਵੀ ਜਾਣੂ ਕਰਵਾਇਆ ਗਿਆ ਸੀ। ਇਸ ਪੂਰੇ ਮਾਮਲੇ ਦੀ ਪੜਤਾਲ ਐਸਐਸਪੀ ਸਰਫਰਾਜ ਆਲਮ ਨੇ ਡੀਐਸਪੀ ਸਪੈਸ਼ਲ ਬਰਾਂਚ ਬਰਨਾਲਾ ਤੋਂ ਕਰਵਾਈ।
ਪੜਤਾਲੀਆ ਅਫਸਰ ਡੀਐਸਪੀ ਨੇ ਆਪਣੀ ਰਿਪੋਰਟ ‘ਚ ਪੜਤਾਲ ਦੌਰਾਨ ਪੇਸ਼ ਹੋਏ ਗਵਾਹਾਂ ਤੇ ਸਾਰੀਆਂ ਧਿਰਾਂ ਦੇ ਬਿਆਨ ਅਤੇ ਦਸਤਾਵੇਜਾਂ ਦੀ ਘੋਖ ਤੋਂ ਬਾਅਦ ਸਿੱਟਾ ਕੱਢਿਆ ਕਿ ਗੁਰੂਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਧਨੌਲਾ ਦੇ ਗੱਦੀਨਸ਼ੀਨ ਸੰਤ ਅਜੇ ਨੌਨਿਹਾਲ ਸਿੰਘ ,ਉਸ ਦੀ ਮਾਂ ਪਾਲ ਕੌਰ ਪਤਨੀ ਸਵ: ਰਜਵੰਤ ਸਿੰਘ ਹੋਰਾਂ ਨੇ ਦੀਪਕ ਢਾਬੇ ਦੇ ਮਾਲਿਕ ਦੀਪਕ ਦੁੱਗਲ ਅਤੇ ਸੰਦੀਪ ਦੁੱਗਲ ਨਾਲ ਕਥਿਤ ਗਿਣੀ-ਮਿਥੀ ਸਾਜਿਸ ਤਹਿਤ ਮਿਲੀ ਭੁਗਤ ਕਰਕੇ ਰਜਿਸਟਰੀ ਕਰਵਾ ਕੇ ਗਵਾਹ ਕੇਵਲ ਸਿੰਘ ਐਮ.ਸੀ ਧਨੌਲਾ ਦੇ ਜਾਅਲੀ ਦਸਤਖਤ ਕਰਕੇ ਅੱਗੇ ਵੇਚਣੀ ਸਾਹਮਣੇ ਆਈ ਹੈ।
ਪੜਤਾਲੀਆ ਅਫਸਰ ਦੀ ਸਮੁੱਚੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਾਰਥੀ ਗੁਰਨਾਮ ਸਿੰਘ ਅਤੇ ਸਤਨਾਮ ਸਿੰਘ ਵਾਹਿਗੁਰੂ ਦੇ ਕਬਜ਼ੇ ਵਾਲੀ ਭੀਖੀ ਰੋਡ ਧਨੋਲਾ ਪਰ ਲੱਗਦੀ ਜਮੀਨ ਗਵਾਹ ਕੇਵਲ ਸਿੰਘ ਐਮ.ਸੀ ਦੇ ਜਾਅਲੀ ਦਸਤਖਤ ਕਰਕੇ ਅਤੇ ਉਸ ਦੀ ਜਗ੍ਹਾ ਹੋਰ ਕੋਈ ਵਿਆਕਤੀ ਖੜਾ ਕਰਕੇ ਰਜਿਸਟਰੀ ਕਰਵਾ ਕੇ ਧੋਖਾ ਦੇਹੀ ਕੀਤੀ ਗਈ ਹੈ। ਪੜਤਾਲ ਦੌਰਾਨ ਕੌਸਲਰ ਕੇਵਲ ਸਿੰਘ ਦੇ ਦੋ ਵੱਖੋ-ਵੱਖ ਰਜਿਸਟਰੀਆਂ ਪਰ, ਕ੍ਰਮਾਨੁਸਾਰ ਪੰਜਾਬੀ ਅਤੇ ਅੰਗਰੇਜੀ ਵਿੱਚ ਦਸਤਖਤ ਹੋਏ ਹਨ।
ਕੌਸਲਰ ਕੇਵਲ ਸਿੰਘ ਦਾ ਕਹਿਣਾ ਹੈ ਕਿ ਨਾਮਜ਼ਦ ਦੋਸ਼ੀਆਂ ਨੇ, ਉਸ ਨੂੰ ਵਿਆਹ ਰਜਿਸਟਰਡ ਕਰਵਾਉਣ ਦੇ ਬਹਾਨੇ ਇੱਕ ਰਜਿਸਟਰੀ ਤੇ ਦਸਤਖਤ ਕਰਵਾ ਲਏ, ਅਤੇ ਦੂਜੀ ਰਜਿਸਟਰੀ ਤੇ ਉਸ ਦਾ ਨਾਂ ਲਿਖ ਕੇ, ਕਿਸੇ ਹੋਰ ਵਿਅਕਤੀ ਨੂੰ ਖੜਾ ਕਰਕੇ, ਅੰਗਰੇਜੀ ਵਿੱਚ ਦਸਤਖਤ ਕਰਵਾਏ ਗਏ ਹਨ, ਜਦੋਂਕਿ ਉਹ ਅੰਗਰੇਜੀ ਵਿੱਚ ਨਾ ਦਸਤਖਤ ਕਰਦਾ ਹੈ ਅਤੇ ਨਾ ਹੀ ਉਸ ਨੂੰ ਅੰਗਰੇਜੀ ਵਿੱਚ ਦਸਤਖਤ ਕਰਨੇ ਆਉਂਦੇ ਹਨ। ਪੜਤਾਲੀਆ ਅਫਸਰ ਦੀ ਰਿਪੋਰਟ ਦੇ ਅਧਾਰ ਪਰ, ਐਸਐਸਪੀ ਨੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 319(2) 318(4) BNS ਤਹਿਤ ਮੁਕੱਦਮਾ ਦਰਜ ਕਰਨ ਦਾ ਹੁਕਮ ਦੇ ਦਿੱਤਾ। ਮਾਮਲੇ ਦੇ ਤਫਤੀਸ਼ ਅਫਸਰ ਅਨੁਸਾਰ ਦੋਸ਼ੀਆਂ ਖਿਲਾਫ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਤੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਰਜਿਸਟਰੀ ਦਰਜ ਕਰਨ ਵਾਲੇ ਸਬ ਤਹਿਸੀਲ ਧਨੌਲਾ ਦੇ ਸਬ ਤਹਿਸੀਲਦਾਰ ਰਾਜ ਪ੍ਰਿਤਪਾਲ ਸਿੰਘ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਕਿ
ਰਜਿਸਟਰੀ ਮਾਲਿਕੀ ਦਾ ਸਬੂਤ ਲੈ ਕੇ ਹੀ ਕੀਤੀ ਗਈ ਹੈ, ਮਾਲਕੀ ਦੇ ਝਗੜੇ ਸਬੰਧੀ, ਸ਼ਕਾਇਤ ਕਰਤਾ ਧਿਰ ਨੇ, ਰਜਿਸਟਰੀ ਤੋਂ ਪਹਿਲਾਂ ਉਨਾਂ ਕੋਲ ਕੋਈ ਸਟੇਅ ਆਰਡਰ ਪੇਸ਼ ਨਹੀਂ ਕੀਤਾ। ਜਿਸ ਤੋਂ ਬਿਨਾਂ ਓਹ ਰਜਿਸਟਰੀ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ ਸਨ। ਉੱਧਰ ਪਤਾ ਇਹ ਵੀ ਲੱਗਿਆ ਹੈ ਕਿ ਕੇਵਲ ਸਿੰਘ ਕੌਸਲਰ ਤੇ ਨਾਂ ਵਾਲੀ ਥਾਂ ਦਸਤਖਤ ਇੱਕ ਵਕੀਲ ਨੇ ਆਪਣੇ ਹੀ ਕੀਤੇ ਹਨ,ਪਰੰਤੂ ਮਾਲ ਵਿਭਾਗ ਦਾ ਅਮਲਾ ਰਜਿਸਟਰੀ ਉੱਪਰ ਕੇਵਲ ਸਿੰਘ ਦਾ ਨਾਂ ਹਟਾ ਕੇ, ਵਕੀਲ ਦਾ ਨਾਂ ਲਿਖਣ ਵਿੱਚ ਲਾਪਰਵਾਹੀ ਵਰਤ ਗਿਆ। ਰਜਿਸਟਰੀ ਦੇ ਗਵਾਹ ਵਕੀਲ ਨੇ ਬਕਾਇਦਾ ਆਪਣਾ ਸ਼ਨਾਖਤੀ ਕਾਰਡ ਅਤੇ ਅਧਾਰ ਕਾਰਡ ਵੀ ਲਾਇਆ ਹੈ,ਪਰੰਤੂ ਪੜਤਾਲੀਆ ਅਫਸਰ ਨੇ ਇਸ ਤੱਥ ਨੂੰ ਕਿਉਂ ਅਣਗੌਲਿਆ ਕਰ ਦਿੱਤਾ ? ਇਹ ਵੀ ਸਮੁੱਚੀ ਪੜਤਾਲ ਨੂੰ ਸ਼ੱਕ ਦੇ ਦਾਇਰੇ ਵਿੱਚ ਖੜਾ ਕਰ ਰਿਹਾ ਹੈ।







