ਪ੍ਰਸ਼ਾਸ਼ਨ ਨੇ ਘੜ੍ਹ ਲਈ, ਸੁਚਾਰੂ ਟ੍ਰੈਫ਼ਿਕ ਪ੍ਰਬੰਧਾਂ ਲਈ ਵਿਉਂਤਬੰਦੀ..

Advertisement
Spread information

ਡੀ.ਸੀ ਨੇ ਕਾਇਮ ਕੀਤੀ ਕਮੇਟੀ- ਟ੍ਰੈਫ਼ਿਕ ਪ੍ਰਬੰਧਾਂ ਦੀ ਕੀਤੀ ਜਾਵੇਗੀ ਲਗਾਤਾਰ ਨਜ਼ਰਸਾਨੀ

ਬਰਨਾਲਾ ਵਾਸੀਆਂ ਨੂੰ ਸਹੂਲਤਾਂ ਮੁਹਈਆ ਕਰਾਉਣ ਲਈ ਪ੍ਰਸ਼ਾਸਨ ਵਚਨਬੱਧ, ਲੋਕ ਵੀ ਦੇਣ ਸਹਿਯੋਗ: ਟੀ ਬੈਨਿਥ

ਸੋਨੀ ਪਨੇਸਰ, ਬਰਨਾਲਾ 22 ਮਾਰਚ 2025
         ਬਰਨਾਲਾ ਸ਼ਹਿਰ ਵਿੱਚ ਟ੍ਰੈਫ਼ਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਉਂਤਬੰਦੀ ਕੀਤੀ ਗਈ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਵਲੋਂ ਵਿਸ਼ੇਸ਼ ਕਮੇਟੀ ਕਾਇਮ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਬਰਨਾਲਾ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਉਪ ਮੰਡਲ ਮੈਜਿਸਟ੍ਰੇਟ, ਕਪਤਾਨ ਪੁਲੀਸ (ਹੈੱਡ ਕੁਆਰਟਰ), ਉਪ ਕਪਤਾਨ ਪੁਲੀਸ (ਟ੍ਰੈਫਿਕ) ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਬਰਨਾਲਾ ਸ਼ਾਮਲ ਹਨ।
       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਮੇਟੀ ਵਲੋਂ ਸ਼ਹਿਰ ਵਿਚ ਮੌਜੂਦਾ ਟ੍ਰੈਫਿਕ ਸਥਿਤੀ ਦਾ ਮੁਲਾਂਕਣ ਕਰਕੇ ਵੱਧ ਟ੍ਰੈਫ਼ਿਕ ਵਾਲੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟ੍ਰੈਫ਼ਿਕ ਨੇਮਾਂ ਦੀ ਪਾਲਣਾ ਕਰਾਉਣ ਅਤੇ ਟ੍ਰੈਫ਼ਿਕ ਪ੍ਰਬੰਧਨ ਲਈ ਤਜਵੀਜ਼ ਪੇਸ਼ ਕੀਤੀ ਜਾਵੇਗੀ। ਕਮੇਟੀ ਵਲੋਂ ਸਾਈਨ ਬੋਰਡਾਂ ਤੋਂ ਇਲਾਵਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਸੰਬਧਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇਗਾ। ਇਹ ਕਮੇਟੀ ਟ੍ਰੈਫਿਕ ਮਸਲੇ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰੇਗੀ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਵਲੋਂ ਟ੍ਰੈਫ਼ਿਕ ਪ੍ਰਬੰਧਾਂ ਦੇ ਜਾਇਜ਼ੇ ਲਈ ਪੰਦਰਵਾੜਾ ਮੀਟਿੰਗ ਵੀ ਕੀਤੀ ਜਾਵੇਗੀ।
      ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਸ਼ਹਿਰ ਅਤੇ ਜ਼ਿਲ੍ਹਾ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਮਸਲੇ ਦੇ ਹੱਲ ਲਈ ਲੋਕ ਵੀ ਪੂਰਾ ਸਹਿਯੋਗ ਦੇਣ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਉਪ ਮੰਡਲ ਮੈਜਿਸਟਰੇਟ ਗੁਰਬੀਰ ਸਿੰਘ ਕੋਹਲੀ, ਮੁੱਖ ਮੰਤਰੀ ਫੀਲਡ ਅਫ਼ਸਰ ਜੁਗਰਾਜ ਸਿੰਘ ਕਾਹਲੋਂ, ਡੀ ਐੱਸ ਪੀ ਕੁਲਵੰਤ ਸਿੰਘ, ਕਾਰਜਸਾਧਕ ਅਫਸਰ ਵਿਸ਼ਾਲਦੀਪ ਹਾਜ਼ਰ ਸਨ।
Advertisement
Advertisement
Advertisement
Advertisement
error: Content is protected !!