ਪੁਲਿਸ ਦੇ ਪੈਰ ਥੱਲੇ ਆ ਗਿਆ ਬਟੇਰਾ ‘ਤੇ,, ਪਿਸਤੌਲ ਵੀ ਬਰਾਮਦ
ਤਾਬਿਸ਼, ਧਨੌਲਾ (ਬਰਨਾਲਾ) 15 ਫਰਵਰੀ 2025
ਜ਼ਿਲ੍ਹੇ ਦੇ ਥਾਣਾ ਧਨੌਲਾ ਦੀ ਪੁਲਿਸ ਨੇ ਸ਼ੱਕੀ ਹਾਲਾਤ ਵਿਚ ਦਿਨ ਚੜ੍ਹਦਿਆਂ ਹੀ, ਸ਼ੱਕੀ ਹਾਲਾਤ ਵਿੱਚ ਦੋ ਕੁੜੀਆਂ ਸਣੇ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲੈਣ ਲਿਆ। ਥਾਣਾ ਧਨੌਲਾ ਦੇ ਐਸ ਐਚ ਓ ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਦੋਸ਼ੀਆਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ ਇੱਕ ਪਿਸਤੌਲ ਅਤੇ ਛੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪਤਾ ਲੱਗਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਵਿਚੋਂ ਇੱਕ ਗੈਂਗਸਟਰ ਵੀ ਹੈ,ਜਿਸ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਵੱਖ ਵੱਖ ਸੰਗੀਨ ਜੁਰਮਾਂ ਤਹਿਤ ਪਹਿਲਾਂ ਵੀ ਅੱਠ ਕੇਸ ਦਰਜ ਹਨ । ਹੁਣ ਵੀ ਪੁਲਿਸ ਨੇ ਚਾਰੋਂ ਜਣਿਆਂ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਸ ਪੂਰੇ ਘਟਨਾਕ੍ਰਮ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ। ਐਸ ਐਚ ਓ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਧਨੌਲਾ ਪੁਲਿਸ ਨੂੰ ਤੜਕਸਾਰ ਇਤਲਾਹ ਮਿਲੀ ਸੀ ਕਿ ਇੱਕ ਵਰਨਾ ਕਾਰ ਸਵਾਰ ਵਿਅਕਤੀਆਂ ਨੇ ਲੰਬੀ ਗਲੀ ਧਨੌਲਾ ਵਿਖੇ ਖੜ੍ਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ।
ਇਤਲਾਹ ਮਿਲਦਿਆਂ ਹੀ ਮੈਂ ਪੁਲਿਸ ਪਾਰਟੀ ਸਣੇ ਮੌਕਾ ਪਰ ਪਹੁੰਚ ਕੇ, ਸ਼ੱਕੀ ਹਾਲਾਤ ਵਿੱਚ ਜਾਪਦੇ ਕਾਰ ਸਵਾਰ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਕਾਰ ਦੀ ਤਲਾਸ਼ੀ ਕਰਨ ਸਮੇਂ ਗੱਡੀ ਦੇ ਡੈਸ਼ ਬੋਰਡ ਵਿੱਚ ਲੁਕੋ ਕੇ ਰੱਖਿਆ ਨਜਾਇਜ਼ ਪਿਸਤੌਲ ਵੀ ਬਰਾਮਦ ਹੋਇਆ।
ਦੌਰਾਨ ਏ ਪੁੱਛਗਿੱਛ ਦੋਸ਼ੀਆਂ ਨੇ ਆਪਣੀ ਪਹਿਚਾਣ ਗੁਰਪ੍ਰੀਤ ਸਿੰਘ ਗੋਪੀ ਵਾਸੀ ਪਿੰਡ ਸੇਲਬਰਾਹ,ਉਸ ਦੀ ਪਤਨੀ ਸੁਖਮਨਪ੍ਰੀਤ ਕੌਰ, ਗਗਨਦੀਪ ਸਿੰਘ ਉਰਫ ਮੌੜ ਵਾਸੀ ਪਿੰਡ ਭਗਤਾ ਭਾਈ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਵਾਸੀ ਜ਼ਿਲ੍ਹਾ ਬਠਿੰਡਾ ਦੇ ਰੂਪ ਵਿੱਚ ਕਰਵਾਈ। ਉੱਧਰ ਮੌਕੇ ਤੇ ਪਹੁੰਚੇ ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਇੱਕ ਗੈਂਗਸਟਰ ਦੇ ਗਰੁੱਪ ਦਾ ਸਿਰਕੱਢ ਮੈਂਬਰ ਹੈ,ਉਸ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਕਤਲ, ਲੁੱਟ ਖੋਹ ਅਤੇ ਐਨਡੀਪੀਐਸ ਐਕਟ ਤਹਿਤ ਅੱਠ ਕੇਸ ਪਹਿਲਾਂ ਦਰਜ ਹਨ। ਇਸੇ ਤਰ੍ਹਾਂ ਗਗਨਦੀਪ ਸਿੰਘ ਉਰਫ ਮੌੜ ਦੇ ਖ਼ਿਲਾਫ਼ ਵੀ ਤਿੰਨ ਕੇਸ ਦਰਜ ਹਨ, ਉਹ ਹੁਣ ਜ਼ਮਾਨਤ ਤੇ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਵਾਪਰੇ ਘਟਨਾਕ੍ਰਮ ਸਬੰਧੀ ਪੁਲਿਸ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਚਾਰੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ, ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕਰੇਗੀ। ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸਾਰੇ ਜਣੇ ਧਨੌਲਾ ਸ਼ਹਿਰ ਵਿਚ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਕੇ ਪਹੁੰਚੇ ਸਨ।
ਉੱਧਰ ਦੋਸ਼ੀਆਂ ਦੀ ਕਾਰ ਨੇ ਰਸਤੇ ਵਿਚ ਤਿੰਨ ਜਣਿਆਂ ਨੂੰ ਟੱਕਰ ਮਾਰ ਕੇ ਜ਼ਖਮੀ ਵੀ ਕਰ ਦਿੱਤਾ ਸੀ। ਜ਼ਖਮੀਆਂ ਵਿੱਚ ਲਛਮਣ ਸਿੰਘ ਪੁੱਤਰ ਮੱਘਰ ਸਿੰਘ, ਸਰਬਜੀਤ ਕੌਰ ਪਤਨੀ ਲਛਮਣ ਸਿੰਘ, ਸੁਖਦੇਵ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਅਤਰਗੜ੍ਹ ਜੋਕਿ ਧਨੌਲਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਦੋਸ਼ੀਆਂ ਦਾ ਪਿੱਛਾ ਕਰ ਰਹੀ ਸੀ, ਏਜੀਟੀਐਫ ਦੀ ਟੀਮ …..!
ਉੱਧਰ ਭਰੋਸੇਯੋਗ ਸੂਤਰਾਂ ਮੁਤਾਬਕ ਏਜੀਟੀਐਫ ਬਠਿੰਡਾ ਦੀ ਟੀਮ ਦੋਸ਼ੀਆਂ ਦਾ ਪਿੱਛਾ ਕਰ ਰਹੀ ਸੀ। ਜਿੰਨਾਂ ਦੋਸ਼ੀਆਂ ਨੂੰ ਪੁਲਿਸ ਥਾਣਾ ਧਨੌਲਾ ਵੱਲ ਜਾਣ ਵਾਲੀ ਲੰਬੀ ਗਲੀ ਵਿੱਚ ਘੇਰ ਲਿਆ। ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਦੋਸ਼ੀਆਂ ਦਾ ਪਿੱਛਾ ਕਰ ਰਹੀ ਪੁਲਿਸ ਟੀਮ ਨੇ ਦੋਸ਼ੀਆਂ ਨੂੰ ਮੌਕੇ ਤੇ ਫੜਿਆ ਤੇ ਮੌਕਾ ਪਰ ਥਾਣਾ ਧਨੌਲਾ ਦੀ ਪੁਲਿਸ ਵੀ ਪਹੁੰਚ ਗਈ । ਜਦੋਂ ਕਿ ਥਾਣਾ ਧਨੌਲਾ ਦੇ ਐਸ ਐਚ ਓ ਲਖਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੋਈ ਹੋਰ ਪਾਰਟੀ, ਉਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ, ਉਹ ਤਾਂ ਐਕਸੀਡੈਂਟ ਦੀ ਇਤਲਾਹ ਮਿਲਣ ਤੋਂ ਬਾਅਦ, ਉੱਥੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਸਾਰੇ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।