ਏਡੀਸੀ ਵਲੋਂ ਵਿਭਾਗਾਂ ਨੂੰ ਬਕਾਇਆ ਸ਼ਿਕਾਇਤਾਂ ਦਾ ਨਿਪਟਾਰਾ ਫੌਰੀ ਕਰਨ ਦੇ ਨਿਰਦੇਸ਼
ਅਦੀਸ਼ ਗੋਇਲ, ਬਰਨਾਲਾ 7 ਫਰਵਰੀ 2025
ਆਮ ਲੋਕਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਸ਼੍ਰੀ ਹਰਕੰਵਲਜੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਤਹਿਤ ਕੰਮ ਕਰ ਰਹੇ ਵੱਖ ਵੱਖ ਵਿਭਾਗਾਂ ਪਾਸ ਬਕਾਇਆ ਸ਼ਿਕਾਇਤਾਂ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜਿਸ ਵੀ ਤਰ੍ਹਾਂ ਦੀ ਇਨਕੁਐਰੀ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ ਉਹ ਸਮਾਂਬੱਧ ਤਰੀਕੇ ਨਾਲ ਉਸ ਦਾ ਨਿਬੇੜਾ ਕਰਕੇ ਤੱਥਾਂ ਉੱਤੇ ਆਧਾਰਿਤ ਆਪਣੀ ਰਿਪੋਰਟ ਸਮੇਂ ਸਿਰ ਜਮਾਂ ਕਰਵਾਉਣ। ਉਨ੍ਹਾਂ ਪੁਲਿਸ ਵਿਭਾਗ ਨੂੰ ਖਾਸ ਹਦਾਇਤ ਕੀਤੀ ਕਿ ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਵਿਭਾਗ ਨੂੰ ਮਾਰਕ ਹੋਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ ਵੱਖ ਸ਼ਾਖਾਵਾਂ ਦੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਬੰਧਿਤ ਵਿਭਾਗ ਸਬੰਧੀ ਦਰਖ਼ਾਸਤ /ਰਿਪੋਰਟ ਪ੍ਰਾਪਤ ਹੋਣ ‘ਤੇ ਤੁਰੰਤ ਉਸ ਨੂੰ ਸੰਬਧਤ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਉਣ ਤਾਂ ਜੋ ਉਸ ਉੱਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਹਾਜ਼ਰ ਸਨ।