ਪੁਲਿਸ ਲਾਈਨ ਚ, ਵੱਡਾ ਘਪਲਾ ! ਡਰਾਈ ਕੰਟੀਨ ਬੰਦ, ਸਮਾਨ ਖੁਰਦ-ਬੁਰਦ ਹੈ,,,,

Advertisement
Spread information

ਦੋਵੇਂ ਕੰਟੀਨਾਂ ਬੰਦ ਹੋਣ ਨਾਲ ਮੁਲਾਜਿਮਾਂ ਦੀਆਂ ਜੇਬਾਂ ਹੋਈਆਂ ਢਿੱਲੀਆਂ,, ਔਖੇ ਸਾਰੇ ਮੂੰਹ ਖੋਲ੍ਹਣ ਲਈ ਕੋਈ ਨਹੀਂ ਤਿਆਰ

ਵੱਖ ਵੱਖ ਥਾਣਿਆਂ ਚ, ਭੇਜੇ ਡਰਾਈ ਕੰਟੀਨ ਅਤੇ ਖਾਣੇ ਵਾਲੀ ਕੰਟੀਨ ਦੇ ਇੰਚਾਰਜ

30 ਰੁਪਏ ਚ, ਮਿਲਦੀ ਰੋਟੀ ਦਾ ਹੁਣ ਮੁਲਾਜਿਮਾਂ ਨੂੰ ਕਰਨਾ ਪੈ ਰਿਹਾ 3 ਗੁਣਾ ਭੁਗਤਾਨ


 ਹਰਿੰਦਰ ਨਿੱਕਾ ਬਰਨਾਲਾ 30  ਜੂਨ 2020

                     ਆਰਮੀ ਕੰਟੀਨ ਦੀ ਤਰਾਂ ਪੁਲਿਸ ਮੁਲਾਜਿਮਾਂ ਨੂੰ ਵਧੀਆ ਤੇ ਕੰਟਰੋਲ ਰੇਟ ਤੇ ਘਰੇਲੂ ਜਰੂਰਤਾਂ ਦਾ ਸਮਾਨ ਮੁਹੱਈਆ ਕਰਵਾਉਣ ਦੀ ਮੰਸ਼ਾ ਨਾਲ ਪੁਲਿਸ ਲਾਈਨ ਚ, ਕਰੀਬ 2 ਵਰ੍ਹਿਆਂ ਤੋਂ ਚੱਲ ਰਹੀ ਡਰਾਈ ਕੰਟੀਨ ਕਰੀਬ ਤਿੰਨ ਮਹੀਨਿਆਂ ਤੋਂ ਬੰਦ ਪਈ ਹੈ। ਕੰਟੀਨ ਚ, ਪਿਆ ਸਮਾਨ ਕਿੱਥੇ ਖੁਰਦ-ਬੁਰਦ ਹੋ ਗਿਆ, ਇਸ ਦਾ ਕਿਸੇ ਨੂੰ ਕੋਈ ਇਲਮ ਨਹੀਂ ਹੈ। ਇੱਥੇ ਹੀ ਵੱਸ ਨਹੀਂ, ਪੁਲਿਸ ਲਾਈਨ ਅਤੇ ਵੱਖ ਵੱਖ ਦਫਤਰਾਂ ਚ, ਤਾਇਨਾਤ ਕਰੀਬ 800 ਪੁਲਿਸ ਕਰਮਚਾਰੀਆਂ ਲਈ ਚਾਹ ਤੇ ਰੋਟੀ ਮੁਹੱਈਆਂ ਕਰਵਾਉਣ ਵਾਲੀ ਕੰਟੀਨ ਵੀ ਬੰਦ ਕਰ ਦਿੱਤੀ ਗਈ ਹੈ। ਹੁਣ ਇਹ ਕੰਟੀਨ ਵਾਲੀ ਥਾਂ ਨੇ ਪਾਰਕਿੰਗ ਦਾ ਰੂਪ ਧਾਰ ਲਿਆ ਹੈ। ਦੋਵਾਂ ਕੰਟੀਨਾਂ ਦੇ ਇੰਚਾਰਜ਼ ਬਦਲ ਕੇ ਵੱਖ ਵੱਖ ਥਾਣਿਆਂ ਚ, ਭੇਜ਼ ਦੇਣ ਨਾਲ ਕੰਟੀਨਾਂ ਖੁੱਲ੍ਹਣ ਲਈ ਉਮੀਦ ਦੀ ਕਿਰਨ ਵੀ ਮੱਧਮ ਪੈ ਗਈ ਹੈ। ਕੰਟੀਨਾਂ ਬੰਦ ਹੋਣ ਦਾ ਅਸਰ ਪੁਲਿਸ ਮੁਲਾਜਿਮਾਂ ਦੀਆਂ ਜੇਬਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਣ ਸਾਰੇ ਪੁਲਿਸ ਮੁਲਾਜਿਮ ਹੀ ਢਿੱਡੋਂ ਔਖੇ ਨੇ ਪਰ ਡਾਹਢੇ ਅੱਗੇ ਮੂੰਹੋਂ ਖੋਹਲਣ ਲਈ ਕੋਈ ਵੀ ਤਿਆਰ ਨਹੀਂ। ਸਭ ਨੂੰ ਪਤਾ ਹੈ ਕਿ ਦੁੱਖ ਦੱਸਿਆਂ ਤਾਂ ਦੁੱਖਾਂ ਦਾ ਪਹਾੜ ਟੁੱਟ ਪੈਣਾ ।

Advertisement

ਕੰਟੀਨ ਲਈ ਆਇਆ ਸੀ 5 ਲੱਖ ਦਾ ਫੰਡ, ਹੁਣ ਸਮਾਨ ਗਾਇਬ ,ਕੰਟੀਨ ਬੰਦ

                    ਪ੍ਰਾਪਤ ਜਾਣਕਾਰੀ ਅਨੁਸਾਰ ਦਿਸੰਬਰ 2018 ਜਨਵਰੀ 2019 ਦੌਰਾਨ ਪੁਲਿਸ ਵੈਲਫੇਅਰ ਦੇ ਨਾਮ ਤੇ ਕੁੱਲ 15 ਲੱਖ ਰੁਪਏ ਦਾ ਫੰਡ ਭੇਜਿਆ ਗਿਆ ਸੀ। ਜਿਸ ਵਿੱਚੋਂ 5 ਲੱਖ ਰੁਪਏ ਰਾਸ਼ਨ ਵਾਲੀ ਕੰਟੀਨ ਚ, ਰਾਸ਼ਨ ਤੇ ਹੋਰ ਕੌਸਮੈਟਿਕ ਦਾ ਸਮਾਨ ਪਾਇਆ ਗਿਆ ਸੀ। ਅਜਿਹੀਆਂ ਸੀ.ਐਸ.ਡੀ. ਕੰਟੀਨਾਂ ਹਰ ਜਿਲ੍ਹੇ ਚ, ਖੋਹਲੀਆਂ ਗਈਆਂ ਸਨ। ਜਿਹੜੀਆਂ ਬਰਨਾਲਾ ਦੇ ਗੁਆਂਢੀ ਜਿਲ੍ਹਿਆਂ ਚ, ਹੁਣ ਵੀ ਚੱਲ ਰਹੀਆਂ ਹਨ। ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਚ, ਹੀ CSD ਕੰਟੀਨ ਤੇ ਖਾਣ-ਪੀਣ ਵਾਲੀ ਕੰਟੀਨ ਆਲ੍ਹਾ ਅਧਿਕਾਰੀਆਂ ਦੇ ਹੁਕਮ ਦੇ ਬੰਦ ਕਰ ਦਿੱਤੀਆਂ ਗਈਆਂ। ਹੁਣ ਲੌਕਡਾਉਨ ਦੀ ਥਾਂ ਅਨਲੌਕ ਹੋ ਗਿਆ ਹੈ। ਸ਼ਹਿਰ ਦੇ ਬਾਜ਼ਾਰ, ਰੈਸਟੋਰੈਂਟ, ਹੋਟਲ ਤੇ ਢਾਬੇ ਸਭ ਸ਼ਰਤਾਂ ਸਹਿਤ ਖੁੱਲ੍ਹ ਚੁੱਕੇ ਹਨ, ਪਰ ਪੁਲਿਸ ਲਾਈਨ ਦੀਆਂ, ਇਹ ਦੋਵੇਂ ਕੰਟੀਨਾਂ ਹਾਲੇ ਅਨਲੌਕ ਨਹੀਂ ਹੋਈਆਂ।

ਕਰਫਿਊ ਚ, ਕੰਟੀਨ ਦਾ ਸਮਾਨ ਸ਼ਹਿਰ ਦਾ ਵਪਾਰੀ ਲੈ ਗਿਆ !

ਪੁਲਿਸ ਮੁਲਾਜਿਮਾਂ ਦੇ ਦੱਸਣ ਅਨੁਸਾਰ ਕੰਟੀਨ ਚ, ਪਿਆ ਪੂਰਾ ਸਮਾਨ ਸ਼ਹਿਰ ਦੇ ਇੱਕ ਵੱਡੇ ਵਪਾਰੀ ਨੇ ਢੋਹ ਲਿਆ। ਇਹ ਸਮਾਨ ਕਿਸ ਅਧਿਕਾਰੀ ਦੇ ਹੁਕਮ ਤੇ ਵਪਾਰੀ ਨੂੰ ਲੈ ਜਾਣ ਦਿੱਤਾ ਗਿਆ। ਸਮਾਨ ਚੁੱਕੇ ਜਾਣ ਦੇ ਕਰੀਬ 3 ਮਹੀਨੇ ਬਾਅਦ ਵੀ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਇਹ ਵੀ ਪਤਾ ਨਹੀਂ ਕਿ ਕੰਟੀਨ ਦਾ ਸਮਾਨ ਚੁੱਕ ਕੇ ਲਿਜ਼ਾਇਆ ਕਿੱਥੇ ਗਿਆ,ਇਹ ਵੀ ਹਾਲੇ ਬੁਝਾਰਤ ਬਣਿਆ ਹੋਇਆ ਹੈ।

ਮਹਿੰਗੀ ਰੋਟੀ ਨਾਲ ਧੱਕੇ ਵੀ ਖਾਣੇ ਪੈਂਦੇ ਨੇ,,,

                ਪੁਲਿਸ ਮੁਲਾਜਿਮਾਂ ਨੇ ਬਰਨਾਲਾ ਟੂਡੇ ਦੀ ਟੀਮ ਕੋਲ ਦਿਲ ਫੋਲਦਿਆਂ ਕਿਹਾ ਕਿ ਪੁਲਿਸ ਲਾਈਨ ਦੀ ਕੰਟੀਨ ਚ,ਰੋਟੀ 30 ਰੁਪਏ, ਇੱਕ ਡੰਗ ਦੀ ਮਿਲਦੀ ਸੀ। 90 ਰੁਪੱਈਆਂ ਨਾਲ ਹੀ ਸਵੇਰ, ਦੁਪਿਹਰ ਤੇ ਰਾਤ ਨੂੰ ਢਿੱਡ ਭਰ ਲਈਂਦਾ ਸੀ। ਪਰ ਇਹ ਕੰਟੀਨ ਬੰਦ ਹੋਣ ਨਾਲ ਬਾਹਰ ਜਾਕੇ 90 ਰੁਪਏ ਚ, ਇੱਕ ਡੰਗ ਦੀ ਰੋਟੀ ਮਿਲਦੀ ਹੈ। ਪੁਲਿਸ ਲਾਈਨ ਦੇ ਨੇੜੇ ਕੋਈ ਚਾਹ ਦੀ ਚੰਗੀ ਦੁਕਾਨ ਦੇ ਸਸਤਾ ਢਾਬਾ ਵੀ ਨਹੀਂ। ਇਸ ਲਈ ਇੱਕ ਦਿਨ ਦੇ ਖਾਣੇ ਤੇ ਹੀ ਹਰ ਮੁਲਾਜਿਮ ਨੂੰ 3 ਗੁਣਾ ਪੈਸੇ ਖਰਚ ਕੇ ਢਿੱਡ ਭਰਨਾ ਪੈਂਦਾ ਹੈ, ਨਾਲੇ ਭੁੱਖੇ ਢਿੱਡ, ਦੂਰ ਜਾਣ ਲਈ ਧੱਕੇ ਰੂੰਗੇ ਚ, ਖਾਣੇ ਪੈਂਦੇ ਹਨ।

ਪੁਲਿਸ ਮੁਲਾਜਿਮਾਂ ਤੋਂ ਬਿਨਾਂ ਸ਼ਹੀਦ ਪੁਲਿਸ ਵਾਲਿਆਂ ਦੇ ਪਰਿਵਾਰ ਵੀ ਖਫਾ

             ਪੁਲਿਸ ਦੀ CSD ਕੰਟੀਨ ਵਿੱਚੋਂ ਪੁਲਿਸ ਮੁਲਾਜਿਮ ਤੇ ਸ਼ਹੀਦ ਪੁਲਿਸ ਮੁਲਾਜਿਮਾਂ ਦੇ ਪਰਿਵਾਰਾਂ ਨੂੰ ਵੀ ਆਰਮੀ ਕੰਟੀਨ ਦੀ ਤਰਾਂ ਸਸਤਾ ਤੇ ਵਧੀਆਂ ਘਰ ਦਾ ਰਾਸ਼ਨ ਤੇ ਕੌਸਮੈਟਿਕ ਦਾ ਸਮਾਨ ਵੀ ਮਿਲਦਾ ਸੀ। ਡਿਊਟੀ ਕਰਕੇ ਤਾਰਿਆਂ ਦੀ ਛਾਂ ਹੇਠ ਘਰੀਂ ਮੁੜਨ ਵਾਲੇ ਮੁਲਾਜਿਮ ਹਰ ਦਿਨ ਬਜ਼ਾਰ ਬੰਦ ਹੋਣ ਮੌਕੇ ਹੀ ਘਰੀਂ ਅੱਪੜਦੇ ਹਨ। ਕੁਝ ਮੁਲਾਜਿਮਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕਿਹਾ, ਬਾਈ ਕੀ ਕਰੀਏ ਜੇ ਅਸੀਂ, ਦਿਨ ਸਮੇਂ ਡਿਊਟੀ ਤੋਂ ਫਰਲੋ ਮਾਰ ਕੇ ਘਰ ਦਾ ਰਾਸ਼ਨ ਲੈ ਕੇ ਦੇਣ ਜਾਣੇ ਹਾਂ , ਤਾਂ ਫਸ ਗਏ, ਫਿਰ ਸਾਬ੍ਹ ਦੀਆਂ ਗਾਲ੍ਹਾਂ ਵੀ ਗੋਲੀਆਂ ਵਾਂਗੂ ਵਰਦੀਆਂ ਹਨ।

ਉਮੀਦ ਹੈ, ਰੱਬ ਸਾਡੀ ਵੀ ਛੇਤੀ ਹੀ ਸੁਣ ਲਊ

             ਮੁਲਾਜਿਮਾਂ ਨੇ ਦੱਸਿਆ ਕਿ ਪੁਲਿਸ ਲਾਈਨ ਦੀ ਕੰਟੀਨ ਤੋਂ ਸੌਦਾ ਲੈਣ ਸਮੇਂ ਹਰ ਮੁਲਾਜਿਮ ਨੂੰ ਘੱਟੋ-ਘੱਟ 1000 ਰੁਪਏ ਮਹੀਨੇ ਦਾ ਫਾਇਦਾ ਹੁੰਦਾ ਸੀ। ਸਮੇਂ ਤੇ ਘਰ ਰਾਸ਼ਨ ਪਹੁੰਚ ਜਾਂਦਾ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀ, ਆਪਣਾ ਇਹ ਦਰਦ, ਕਿਸੇ ਅਫਸਰ ਨੂੰ ਨਹੀਂ ਦੱਸਿਆ, ਤਾਂ ਜੁਆਬ ਚ, ਬੇਵੱਸੀ ਝਲਕੀ, ਬਾਈ ਜੀ, ਡਿਸਪਲਿਨ ਫੋਰਸ ਹੈ, ਜੇ ਦੁੱਖ ਦੱਸਿਆ, ਤਾਂ ਦੁੱਖਾਂ ਦਾ ਹੋਰ ਪਹਾੜ ਟੁੱਟ ਪੈਣਾ ਹੈ। ਉਨ੍ਹਾਂ ਲੰਬਾ ਸਾਹ ਲੈਂਦਿਆ ਕਿਹਾ, ਚੰਗੇ ਮਾੜੇ ਅਫਸਰਾਂ ਨਾਲ ਕੱਟਣਾ ਹੀ ਪੈਂਦਾ ਹੈ, ਨੌਕਰੀ ਕੀ ਤੇ ਨਖਰਾ ਕਾਹਦਾ। ਉਮੀਦ ਹੈ, ਰੱਬ ਸਾਡੀ ਵੀ ਛੇਤੀ ਹੀ ਸੁਣ ਲਊ, ਕਿਵੇਂ ! ਦੇ ਜੁਆਬ, ਚ, ਪੁਲਿਸ ਮੁਲਾਜਿਮ ਇਹ ਕਹਿ ਕੇ ਹੱਸ ਪਏ, ਸਾਥੋਂ ਕੀ ਪੁੱਛਦੇ ਹੋ, ਕੀ ਹੋਣ ਵਾਲਾ ਹੈ, ਸਾਰਿਆਂ ਨੂੰ ਹੀ ਪਤਾ ਹੈ । ਢੋਲ ਵੱਜਦੇ ਤੇ ਭੰਗੜੇ ਪੈਂਦੇ ਦੇਖਿਉ।

ਪੁਲਿਸ ਵਾਲਿਆ ਦੇ ਚਿਹਰੇ ਮੁਰਝਾਏ, ਦੁਕਾਨਦਾਰਾਂ ਦੇ ਛਾਈ ਰੌਣਕ

       ਪੁਲਿਸ ਲਾਈਨ ਚ, ਕਰੀਬ 800 ਦੀ ਨਫਰੀ ਹੈ। ਇਸ ਤੋਂ ਇਲਾਵਾ 100 ਕੁ ਦੇ ਕਰੀਬ ਮੁਲਾਜਿਮ ਵੱਖ ਵੱਖ ਅਧਿਕਾਰੀਆਂ ਨਾਲ ਗੰਨਮੈਨ ਅਤੇ ਦਫਤਰੀ ਸਟਾਫ ਵੀ ਹੈ। ਜਿਨ੍ਹਾਂ ਚੋਂ ਵੱਡੀ ਗਿਣਤੀ ਵਿੱਚ ਮੁਲਾਜਮ ਪੁਲਿਸ ਕੰਟੀਨ ਤੋਂ ਹੀ ਘਰੇਲੂ ਰਾਸ਼ਨ ਖਰੀਦਦੇ ਸਨ। ਹੁਣ ਕੰਟੀਨ ਬੰਦ ਹੋਣ ਨਾਲ ਇਹੋ ਮੁਲਾਜਿਮਾਂ ਨੂੰ ਬਾਜ਼ਾਰ ਦੀਆਂ ਦੁਕਾਨਾਂ ਤੋਂ ਮਜਬੂਰੀ ਚ, ਰਾਸ਼ਨ ਖਰੀਦਣਾ ਪੈਂਦਾ ਹੈ। ਕੰਟੀਨ ਬੰਦ ਹੋਣ ਦਾ ਜਿੱਥੇ ਪੁਲਿਸ ਦੇ ਸੈਂਕੜੇ ਮੁਲਾਜਿਮਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ। ਉੱਥੇ ਹੀ ਦੁਕਾਨਦਾਰਾਂ ਨੂੰ ਕੰਟੀਨ ਬੰਦ ਹੋਣ ਦਾ ਲਾਭ ਵੀ ਹੋਇਆ ਹੈ। ਨਤੀਜ਼ੇ ਦੇ ਤੌਰ ਤੇ ਮੁਲਾਜਿਮਾਂ ਦੇ ਚਿਹਰੇ ਮੁਰਝਾਏ ਹੋਏ ਹਨ ਤੇ ਦੁਕਾਨਦਾਰਾਂ ਦੇ ਗ੍ਰਾਹਕ ਵੱਧਣ ਨਾਲ ਚਿਹਰਿਆਂ ਤੇ ਰੌਣਕ ਆਈ ਹੋਈ ਹੈ। ਯਾਨੀ ਜਿਹੜੇ ਵੀ ਅਧਿਕਾਰੀ ਨੇ ਕੰਟੀਨਾਂ ਬੰਦ ਕਰਨ ਦਾ ਫੈਸਲਾ ਲਿਆ ਹੈ, ਉਸਨੇ ਆਪਣੇ ਮੁਲਾਜਿਮਾਂ ਨੂੰ ਜਾਣੇ- ਅਣਜਾਣੇ ਨੁਕਸਾਨ ਅਤੇ ਵਪਾਰੀਆਂ ਨੂੰ ਫਾਇਦਾ ਪਹੁੰਚਾਇਆ ਹੈ। ਪੁਲਿਸ ਮੁਲਾਜਿਮਾਂ ਦੀ ਮੰਗ ਹੈ ਕਿ ਦੋਵੇਂ ਕੰਟੀਨਾਂ ਫਿਰ ਚਾਲੂ ਕਰਕੇ ਮੁਲਾਜਿਮਾਂ ਨੂੰ ਰਾਹਤ ਦਿੱਤੀ ਜਾਵੇ।

ADGP ਵੈਲਫੇਅਰ ਵੀ. ਨੀਰਜ਼ਾ ਨੇ ਕਿਹਾ, ਐਸਐਸਪੀ ਨਾਲ ਗੱਲ ਕਰਦੀ ਹਾਂ,,,

            ਏ.ਡੀ.ਜੀ. ਪੀ.ਵੈਲਫੇਅਰ ਪੰਜਾਬ ਪੁਲਿਸ ਮੈਡਮ ਵੀ. ਨੀਰਜ਼ਾ ਨੇ ਪੁਲਿਸ ਲਾਈਨ ਬਰਨਾਲਾ ਦੀਆਂ ਦੋਵੇਂ ਕੰਟੀਨਾਂ ਬੰਦ ਕਰ ਦੇਣ ਬਾਰੇ ਪੁੱਛਣ ਤੇ ਕਿਹਾ ਬਹੁਤ ਅਫਸੋਸ ਦੀ ਗੱਲ ਹੈ, ਇਹ ਕਿਵੇਂ ਹੋ ਗਿਆ। ਮੈਂ ਜਿਲ੍ਹਾ ਪੁਲਿਸ ਮੁਖੀ ਨਾਲ ਗੱਲ ਕਰਕੇ ਦੋਵੇਂ ਕੰਟੀਨਾਂ ਫਿਰ ਤੋਂ ਚਾਲੂ ਕਰਵਾੁੳਣ ਦੀ ਕੋਸ਼ਿਸ਼ ਕਰਾਂਗੀ। 

Advertisement
Advertisement
Advertisement
Advertisement
Advertisement
error: Content is protected !!