ਠੇਕੇਦਾਰਾਂ ਨੇ ਕੁਲਦੀਪ ਸਿੰਘ ਸਾਰੋਂ ਨੂੰ ਪਰਚੇ ਤੋਂ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਕੋਈ ਵਾਹ ਨਾ ਚੱਲੀ..
ਹਰਿੰਦਰ ਨਿੱਕਾ, ਬਰਨਾਲਾ 9 ਮਈ 2024
ਜਦੋਂ ਸ਼ਰਾਬ ਠੇਕੇਦਾਰ ਦਾ ਰਿਸ਼ਤੇਦਾਰ ਹੀ ਨਜਾਇਜ਼ ਸ਼ਰਾਬ ਸਣੇ ਫੜ੍ਹਿਆ ਜਾਵੇ ਤਾਂ ਸਮਝੋ ਮਾਮਲਾ ਗੜਬੜ ਹੈ। ਅਜਿਹਾ ਹੀ ਇੱਕ ਘਟਨਾਕ੍ਰਮ ਅੱਜ ਥਾਣਾ ਧਨੌਲਾ ਦੇ ਖੇਤਰ ‘ਚ ਉਦੋਂ ਸਾਹਮਣੇ ਆਇਆ, ਜਦੋਂ ਇੱਕ ਪੁਲਿਸ ਹੌਲਦਾਰ ਨੇ ਮੁਖਬਰ ਦੀ ਸੂਚਨਾ ਦੇ ਅਧਾਰ ‘ਤੇ ਸੰਗਰੂਰ ਜਿਲ੍ਹੇ ਦੇ ਪਿੰਡ ਸਾਰੋਂ ਦੇ ਰਹਿਣ ਵਾਲੇ ਕੁਲਦੀਪ ਸਿੰਘ ਨਾਂ ਦੇ ਇੱਕ ਬੰਦੇ ਖਿਲਾਫ, ਬਾਹਰਲੀ ਸਟੇਟ ਵਿੱਚੋਂ ਨਜਾਇਜ਼ ਸ਼ਰਾਬ ਲਿਆ ਕੇ ਵੇਚਣ ਦੇ ਜੁਰਮ ਵਿੱਚ ਥਾਣਾ ਧਨੌਲਾ ਵਿਖੇ ਕੇਸ ਦਰਜ ਕਰ ਲਿਆ। ਦਰਜ ਕੇਸ ਵਿੱਚ ਹਰਿਆਣਾ ਨੰਬਰ ਦੀ ਗੱਡੀ ਦਾ ਵੀ ਉਚੇਚਾ ਜਿਕਰ ਕੀਤਾ ਗਿਆ। ਜਦੋਂ ਪੁਲਿਸ ਪਾਰਟੀ ਨੇ ਦੱਸੀ ਗਈ ਲੋਕੇਸ਼ਨ ਅਨੁਸਾਰ, ਐਫ.ਆਈ.ਆਰ. ਵਿੱਚ ਦਰਜ਼ ਹਰਿਆਣਾ ਨੰਬਰ ਦੀ ਗੱਡੀ ਨੂੰ ਨਾਕਾਬੰਦੀ ਕਰਕੇ,ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਗੱਡੀ ਰੋਕਣ ਦੀ ਬਜਾਏ, ਗੱਡੀ ਭਜਾਉਣ ਦੀ ਵੀ ਕੋਸ਼ਿਸ਼ ਕੀਤੀ । ਪੁਲਿਸ ਪਾਰਟੀ ਦਾ ਸ਼ੱਕ, ਯਕੀਨ ਵਿੱਚ ਬਦਲ ਗਿਆ । ਆਖਿਰ ਪੁਲਿਸ ਪਾਰਟੀ ਨੇ ਗੱਡੀ ਸਣੇ ਗੱਡੀ ਚਲਾ ਰਹੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ, ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 5 ਪੇਟੀਆਂ ਸ਼ਰਾਬ ਬਰਾਮਦ ਹੋ ਗਈ। ਇਸ ਘਟਨਾ ਦੀ ਸੂਚਨਾ, ਜਦੋਂ ਸ਼ਰਾਬ ਠੇਕੇਦਾਰਾਂ ਕੋਲ ਪਹੁੰਚੀ ਤਾਂ, ਉਹ ਵੀ ਲਾਮ ਲਸ਼ਕਰ ਸਣੇ, ਥਾਣਾ ਧਨੌਲਾ ਵਿਖੇ ਪਹੁੰਚ ਗਏ। ਨਾਮਜ਼ਦ ਦੋਸ਼ੀ ਦੀ ਮੱਦਦ ਤੇ ਪਹੁੰਚੇ ਠੇਕੇਦਾਰਾਂ ਨੇ ਉਸ ਨੂੰ ਬਿਨਾਂ ਕੇਸ ਦਰਜ ਕੀਤਿਆਂ ਛੁਡਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ, ਪਰੰਤੂ ਉਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਆਖਿਰ ਪੁਲਿਸ ਨੇ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਗਿਰਫਤਾਰ ਦੋਸ਼ੀ ਕੁਲਦੀਪ ਸਿੰਘ ਸਾਰੋਂ ਨੂੰ ਜਮਾਨਤ ਤੇ ਰਿਹਾ ਕਰ ਦਿੱਤਾ। ਪਤਾ ਲੱਗਿਆ ਕਿ ਨਾਮਜ਼ਦ ਦੋਸ਼ੀ ਪਟਿਆਲਾ ਆਦਿ ਸ਼ਹਿਰਾਂ ਵਿੱਚ ਸ਼ਰਾਬ ਦਾ ਕਾਰੋਬਾਰ ਕਰਦੇ,ਇੱਕ ਨਾਮੀ ਠੇਕੇਦਾਰ ਦਾ ਕਰੀਬੀ ਰਿਸ਼ਤੇਦਾਰ ਹੈ।
ਕੀ ਕਹਿੰਦੀ ਐ ਪੁਲਿਸ ਕਾਰਵਾਈ..
ਥਾਣਾ ਧਨੌਲਾ ਦੇ ਐਸ.ਐਚ.ਓ ਇੰਸਪੈਕਟਰ ਕ੍ਰਿਪਾਲ ਸਿੰਘ ਅਨੁਸਾਰ ਪੁਲਿਸ ਹੌਲਦਾਰ ਜਸਪਾਲ ਸਿੰਘ ਪੁਲਿਸ ਪਾਰਟੀ ਸਣੇ, ਗਸਤ ਬਾ ਚੈਕਿੰਗ ਸੱਕੀ ਪੁਰਸਾਂ ਤੇ ਸ਼ੱਕੀ ਵਹੀਕਲਾ ਦੇ ਸਬੰਧ ਵਿੱਚ ਬੱਸ ਸਟੈਂਡ ਧਨੌਲਾ ਮੌਜੂਦ ਸੀ ਤਾਂ ਮੁਦਈ ਹੌਲਦਾਰ ਪਾਸ ਮੁਖਬਰ ਖਾਸ ਨੇ ਹਾਜ਼ਰ ਆ ਕੇ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਾਰੋਂ ਜੋ ਬਾਹਰਲੀ ਸਟੇਟ ਵਿੱਚੋਂ ਸਰਾਬ ਲਿਆ ਕੇ ਕਸਬਾ ਧਨੌਲਾ ਅਤੇ ਉਸ ਦੇ ਆਸ-ਪਾਸ ਦੇ ਪਿੰਡਾ ਵਿੱਚ ਵੇਚਣ ਦਾ ਕੰਮ ਕਰਦਾ ਹੈ । ਜੋ ਅੱਜ ਵੀ ਆਪਣੀ ਗੱਡੀ ਨੰਬਰੀ HR 26BY 4624 ਮਾਰਕਾ ਸਵਿੱਫਟ ਰੰਗ ਚਿੱਟਾ ਵਿੱਚ ਸਰਾਬ ਲੋਡ ਕਰਕੇ ਬਰਨਾਲਾ ਸਾਇਡ ਤੋਂ ਕਸਬਾ ਧਨੌਲਾ ਵੱਲ ਨੂੰ ਵੇਚਣ ਲਈ ਆ ਰਿਹਾ ਹੈ। ਜੇਕਰ ਹੁਣੇ ਹੀ ਨੈਸਨਲ ਹਾਈਵੇ ਸੰਗਰੂਰ-ਬਰਨਾਲਾ ਪਰ ਨੇੜੇ ਮੈਰੀਲੈਡ ਪੈਲਿਸ, ਮਾਨਾ ਪਿੰਡੀ ਧਨੌਲਾ ਪਾਸ ਨਾਕਾਬੰਦੀ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਨੂੰ ਸਮੇਤ ਗੱਡੀ ਭਾਰੀ ਮਾਤਰਾ ਸਰਾਬ ਦੇ ਕਾਬੂ ਕੀਤਾ ਜਾ ਸਕਦਾ ਹੈ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ ਪੁਲਿਸ ਨੇ ਕੁਲਦੀਪ ਸਿੰਘ ਸਾਰੋਂ ਦੇ ਖਿਲਾਫ ਅਧੀਨ ਜੁਰਮ 61/1/14 Ex. Act. ਤਹਿਤ ਕੇਸ ਦਰਜ ਕਰਕੇ, ਉਸ ਨੂੰ ਗਿਰਫਤਾਰ ਕਰਨ ਲਈ, ਦੱਸੀ ਗਈ ਲੋਕੇਸ਼ਨ ਉੱਤੇ ਨਾਕਾਬੰਦੀ ਕਰਕੇ, ਉਸ ਨੂੰ ਕਾਰ ਸਮੇਤ ਨਜਾਇਜ਼ ਸ਼ਰਾਬ ਦੀਆਂ 6 ਪੇਟੀਆਂ ਸਣੇ ਗਿਰਫਤਾਰ ਕਰ ਲਿਆ।